ਦੂਸ਼ਿਤ ਹੋ ਰਿਹਾ ਵਾਤਾਵਰਨ ਵੱਡੀ ਚੁਣੌਤੀ : ਜਗਦੇਵ ਢੱਲਾ
ਦੂਸ਼ਿਤ ਹੋ ਰਿਹਾ ਵਾਤਾਵਰਨ ਮਨੁੱਖਤਾ ਲਈ ਵੱਡੀ ਚੁਣੌਤੀ : ਜਗਦੇਵ ਸਿੰਘ ਢੱਲਾ
Publish Date: Sun, 24 May 2026 03:35 PM (IST)
Updated Date: Mon, 25 May 2026 04:01 AM (IST)

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਦਿਨੋਂ-ਦਿਨ ਵਧ ਰਿਹਾ ਵਾਤਾਵਰਨ ਪ੍ਰਦੂਸ਼ਣ ਮਨੁੱਖੀ ਜੀਵਨ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਪ੍ਰਦੂਸ਼ਿਤ ਹਵਾ, ਪਾਣੀ ਅਤੇ ਵਾਤਾਵਰਨ ਕਾਰਨ ਮਨੁੱਖ ਨੂੰ ਅਨੇਕਾਂ ਸਰੀਰਕ ਅਤੇ ਮਾਨਸਿਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਸਭ ਤੋਂ ਵੱਡੇ ਜ਼ਿੰਮੇਵਾਰ ਮਨੁੱਖ ਖੁਦ ਹਨ, ਜੋ ਆਪਣੇ ਸਵਾਰਥਾਂ ਲਈ ਕੁਦਰਤ ਨਾਲ ਲਗਾਤਾਰ ਖਿਲਵਾੜ ਕਰ ਰਹੇ ਹਨ। ਇਹ ਵਿਚਾਰ ਉੱਦਮ ਕਲੱਬ ਜੈਤੋ ਦੇ ਮੀਤ ਪ੍ਰਧਾਨ ਅਤੇ ਉੱਘੇ ਸਮਾਜ ਸੇਵਕ ਜਗਦੇਵ ਸਿੰਘ ਢੱਲਾ ਨੇ ਇੱਥੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਜਗਦੇਵ ਸਿੰਘ ਢੱਲਾ ਨੇ ਕਿਹਾ ਕਿ ਮਨੁੱਖ ਵੱਲੋਂ ਬੇਰਹਿਮੀ ਨਾਲ ਕੀਤੀ ਜਾ ਰਹੀ ਦਰੱਖਤਾਂ ਦੀ ਕਟਾਈ ਵਾਤਾਵਰਨ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਹੈ। ਉਨ੍ਹਾਂ ਕਿਹਾ ਕਿ ਦਰੱਖਤ ਮਨੁੱਖੀ ਜੀਵਨ ਦਾ ਅਟੁੱਟ ਹਿੱਸਾ ਹਨ, ਜੋ ਸਾਨੂੰ ਸਾਫ਼ ਹਵਾ ਅਤੇ ਆਕਸੀਜਨ ਪ੍ਰਦਾਨ ਕਰਦੇ ਹਨ, ਪਰ ਅੱਜ ਮਨੁੱਖ ਆਪਣੇ ਨਿੱਜੀ ਲਾਭਾਂ ਲਈ ਇਨ੍ਹਾਂ ਦੀ ਅੰਨ੍ਹੇਵਾਹ ਕਟਾਈ ਕਰ ਰਿਹਾ ਹੈ। ਇਸ ਕਾਰਨ ਧਰਤੀ ਦਾ ਤਾਪਮਾਨ ਲਗਾਤਾਰ ਵਧ ਰਿਹਾ ਹੈ ਅਤੇ ਮੌਸਮੀ ਤਬਦੀਲੀਆਂ ਗੰਭੀਰ ਰੂਪ ਧਾਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿੱਥੇ ਮੋਟਰ ਵਾਹਨਾਂ ਨੇ ਮਨੁੱਖੀ ਜੀਵਨ ਨੂੰ ਸੁਖਾਲਾ ਅਤੇ ਤੇਜ਼ ਬਣਾਇਆ ਹੈ, ਉੱਥੇ ਹੀ ਇਨ੍ਹਾਂ ਵੱਲੋਂ ਨਿਕਲਣ ਵਾਲਾ ਧੂੰਆਂ ਹਵਾ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰ ਰਿਹਾ ਹੈ। ਇਸ ਪ੍ਰਦੂਸ਼ਣ ਕਾਰਨ ਦਮਾ, ਦਿਲ ਦੀਆਂ ਬਿਮਾਰੀਆਂ, ਫੇਫੜਿਆਂ ਦੇ ਰੋਗ ਅਤੇ ਹੋਰ ਅਨੇਕਾਂ ਘਾਤਕ ਬਿਮਾਰੀਆਂ ਵਿਚ ਵਾਧਾ ਹੋ ਰਿਹਾ ਹੈ। ਜਗਦੇਵ ਸਿੰਘ ਢੱਲਾ ਨੇ ਕਿਹਾ ਕਿ ਪਲਾਸਟਿਕ ਅਤੇ ਪਾਲੀਥੀਨ ਬੈਗ ਵਾਤਾਵਰਨ ਲਈ ਸਭ ਤੋਂ ਵੱਡਾ ਖ਼ਤਰਾ ਬਣ ਚੁੱਕੇ ਹਨ। ਇਹ ਪਦਾਰਥ ਜਲਦੀ ਨਸ਼ਟ ਨਹੀਂ ਹੁੰਦੇ ਅਤੇ ਧਰਤੀ, ਪਾਣੀ ਅਤੇ ਹਵਾ ਨੂੰ ਲੰਮੇ ਸਮੇਂ ਤੱਕ ਪ੍ਰਦੂਸ਼ਿਤ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪਲਾਸਟਿਕ ਦੀ ਵਰਤੋਂ ਘਟਾ ਕੇ ਹੀ ਵਾਤਾਵਰਨ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਏਅਰ ਕੰਡੀਸ਼ਨਰਾਂ ਵਿਚੋਂ ਨਿਕਲਣ ਵਾਲੀ ਕਲੋਰੋ ਫਲੋਰੋ ਕਾਰਬਨ ਗੈਸ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾ ਰਹੀ ਹੈ, ਜਿਸ ਨਾਲ ਧਰਤੀ ਦਾ ਤਾਪਮਾਨ ਵਧ ਰਿਹਾ ਹੈ ਅਤੇ ਗਲੋਬਲ ਵਾਰਮਿੰਗ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ। ਜਗਦੇਵ ਸਿੰਘ ਢੱਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵਾਤਾਵਰਨ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਬਣਾਉਣ ਲਈ ਹਰ ਵਿਅਕਤੀ ਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਅੱਜ ਤੋਂ ਹੀ ਕੁਦਰਤ ਦੀ ਸੰਭਾਲ ਲਈ ਜਾਗਰੂਕ ਨਾ ਹੋਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੇ ਭਿਆਨਕ ਨਤੀਜੇ ਭੁਗਤਣੇ ਪੈਣਗੇ।