ਉਮੀਦਵਾਰ ਜੋਰਾ ਸਿੰਘ ਪੰਨੂ ਦੀ ਟਿਕਟ ਰੱਦ ਹੋਣ ’ਤੇ ਸਿਆਸੀ ਘਮਾਸਾਨ
ਮੋਗਾ ਨਗਰ ਨਿਗਮ ਚੋਣਾਂ ਨੂੰ
Publish Date: Tue, 19 May 2026 04:43 PM (IST)
Updated Date: Wed, 20 May 2026 04:01 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਮੋਗਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਵਾਰਡ ਨੰਬਰ 35 ਵਿਚ ਸਿਆਸੀ ਮਾਹੌਲ ਉਸ ਵੇਲੇ ਹੋਰ ਗਰਮਾ ਗਿਆ ਜਦੋਂ ਅਕਾਲੀ ਦਲ-ਵਾਰਿਸ ਪੰਜਾਬ ਦੇ ਨੌਜਵਾਨ ਉਮੀਦਵਾਰ ਜੋਰਾ ਸਿੰਘ ਪੰਨੂ ਦੀ ਨਾਮਜ਼ਦਗੀ ਰੱਦ ਹੋਣ ਤੋਂ ਬਾਅਦ ਪਾਰਟੀ ਅਤੇ ਸਮਰਥਕਾਂ ਵੱਲੋਂ ਇਸ ਨੂੰ ਸਿਆਸੀ ਦਬਾਅ ਅਤੇ ਧੱਕੇਸ਼ਾਹੀ ਕਰਾਰ ਦਿੱਤਾ ਗਿਆ। ਪਾਰਟੀ ਆਗੂਆਂ ਅਤੇ ਨੌਜਵਾਨ ਵਰਕਰਾਂ ਨੇ ਦੋਸ਼ ਲਾਇਆ ਕਿ ਹਾਕਮ ਧਿਰ ਨਾਲ ਸੰਬੰਧਤ ਆਗੂਆਂ ਅਤੇ ਵਿਰੋਧੀ ਉਮੀਦਵਾਰਾਂ ਨੇ ਆਪਣੇ ਰਸੂਖ਼ ਦਾ ਇਸਤੇਮਾਲ ਕਰਦਿਆਂ ਜੋਰਾ ਸਿੰਘ ਪੰਨੂ ਦੀ ਟਿਕਟ ਕਟਵਾਈ ਹੈ ਤਾਂ ਜੋ ਚੋਣ ਮੈਦਾਨ ’ਚ ਆਪਣਾ ਰਸਤਾ ਸੌਖਾ ਕੀਤਾ ਜਾ ਸਕੇ। ਜਾਣਕਾਰੀ ਅਨੁਸਾਰ ਦਿਨ ਦੌਰਾਨ ਜਾਰੀ ਕੀਤੀ ਗਈ ਲਿਸਟ ਵਿਚ ਜੋਰਾ ਸਿੰਘ ਪੰਨੂ ਦੀ ਫ਼ਾਈਲ ’ਤੇ ਕਿਸੇ ਵੀ ਤਰ੍ਹਾਂ ਦਾ ਕੋਈ ਇਤਰਾਜ਼ ਨਹੀਂ ਸੀ ਪਰ ਦੇਰ ਰਾਤ ਜਾਰੀ ਹੋਈ ਆਖ਼ਰੀ ਸੂਚੀ ਵਿਚ ਅਚਾਨਕ ਉਨ੍ਹਾਂ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ। ਇਸ ਫ਼ੈਸਲੇ ਤੋਂ ਬਾਅਦ ਵਾਰਡ ਦੇ ਨੌਜਵਾਨਾਂ ਅਤੇ ਸਮਰਥਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸੇ ਦੌਰਾਨ ਵਾਰਡ ਨੰਬਰ 35 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਗੁਰਸੇਵਕ ਸਿੰਘ ਫੌਜੀ ਨੇ ਅਕਾਲੀ ਦਲ-ਵਾਰਿਸ ਪੰਜਾਬ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਪਾਰਟੀ ਦੇ ਹਲਕਾ ਇੰਚਾਰਜ ਰਛਪਾਲ ਸਿੰਘ ਸੋਸਣ, ਜੋਰਾ ਸਿੰਘ ਪੰਨੂ ਅਤੇ ਹੋਰ ਨੌਜਵਾਨ ਆਗੂਆਂ ਨੇ ਗੁਰਸੇਵਕ ਸਿੰਘ ਫੌਜੀ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਹੁਣ ਵਾਰਡ ਦੀ ਚੋਣ ਇਕ ਨਵੀਂ ਦਿਸ਼ਾ ਵਿਚ ਲੜੀ ਜਾਵੇਗੀ। ਬੁੱਕਣਵਾਲਾ ਰੋਡ ਸਥਿਤ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਂਵੀਂ ਕੋਲ ਇਕੱਤਰ ਹੋਏ ਵੱਡੀ ਗਿਣਤੀ ਨੌਜਵਾਨਾਂ ਨੇ ਇਸ ਮਾਮਲੇ ਨੂੰ ਲੋਕਤੰਤਰ ਦੀ ਹੱਤਿਆ ਕਰਾਰ ਦਿੰਦਿਆਂ ਤਿੱਖਾ ਰੋਸ ਪ੍ਰਗਟ ਕੀਤਾ। ਨੌਜਵਾਨਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਇਕ ਮਜ਼ਬੂਤ ਅਤੇ ਲੋਕਪ੍ਰਿਯ ਉਮੀਦਵਾਰ ਨੂੰ ਚੋਣ ਮੈਦਾਨ ਤੋਂ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਸ ਦਾ ਜਵਾਬ ਹੁਣ ਲੋਕ ਵੋਟ ਦੀ ਤਾਕਤ ਨਾਲ ਦੇਣਗੇ। ਇਸ ਮੌਕੇ ਅਕਾਲੀ ਦਲ-ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਰਛਪਾਲ ਸਿੰਘ ਸੋਸਣ ਨੇ ਕਿਹਾ ਕਿ ਜੋਰਾ ਸਿੰਘ ਪੰਨੂ ਵਾਰਡ ਨੰਬਰ 35 ਵਿਚ ਸਭ ਤੋਂ ਮਜ਼ਬੂਤ ਅਤੇ ਲੋਕਪ੍ਰਿਯ ਉਮੀਦਵਾਰ ਵਜੋਂ ਉੱਭਰ ਕੇ ਸਾਹਮਣੇ ਆ ਰਹੇ ਸਨ, ਜਿਸ ਕਾਰਨ ਵਿਰੋਧੀਆਂ ਨੇ ਘਬਰਾਹਟ ਵਿਚ ਆ ਕੇ ਉਨ੍ਹਾਂ ਦੀ ਨਾਮਜ਼ਦਗੀ ਰੱਦ ਕਰਵਾਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿਆਸੀ ਦਬਾਅ ਹੇਠ ਇਹ ਕਾਰਵਾਈ ਕਰਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਪਾਰਟੀ ਅਤੇ ਨੌਜਵਾਨ ਵਰਗ ਇਕੱਠੇ ਹੋ ਕੇ ਗੁਰਸੇਵਕ ਸਿੰਘ ਫੌਜੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਮੈਦਾਨ ਵਿਚ ਉੱਤਰੇਗਾ ਅਤੇ 26 ਮਈ ਨੂੰ ਹੋਣ ਵਾਲੀਆਂ ਚੋਣਾਂ ਵਿਚ ਇਸ ਅਪਮਾਨ ਅਤੇ ਧੱਕੇਸ਼ਾਹੀ ਦਾ ਮੂੰਹਤੋੜ ਜਵਾਬ ਦਿੱਤਾ ਜਾਵੇਗਾ। ਨੌਜਵਾਨ ਆਗੂਆਂ ਨੇ ਕਿਹਾ ਕਿ ਵਾਰਡ ਨੰਬਰ 35 ਦੇ ਲੋਕ ਹੁਣ ਸਿਆਸੀ ਦਬਾਅ ਦੀ ਰਾਜਨੀਤੀ ਨੂੰ ਸਵੀਕਾਰ ਨਹੀਂ ਕਰਨਗੇ ਅਤੇ ਇਲਾਕੇ ਦੇ ਵਿਕਾਸ, ਇਮਾਨਦਾਰ ਨੁਮਾਇੰਦਗੀ ਅਤੇ ਨੌਜਵਾਨਾਂ ਦੀ ਆਵਾਜ਼ ਨੂੰ ਤਰਜੀਹ ਦੇਣ ਵਾਲੇ ਉਮੀਦਵਾਰ ਦਾ ਸਾਥ ਦੇਣਗੇ। ਇਸ ਮੌਕੇ ਕਈ ਨੌਜਵਾਨਾਂ ਨੇ ਗੁਰਸੇਵਕ ਸਿੰਘ ਫੌਜੀ ਦੇ ਹੱਕ ਵਿਚ ਚੋਣ ਪ੍ਰਚਾਰ ਨੂੰ ਹੋਰ ਤੇਜ਼ ਕਰਨ ਦਾ ਵੀ ਐਲਾਨ ਕੀਤਾ।