ਮੁਕਤਸਰ ’ਚ ਸਿਆਸੀ ਘਮਾਸਾਨ : ਵੜਿੰਗ ਦੀ ਭਵਿੱਖਬਾਣੀ ’ਤੇ ਕਾਕਾ ਬਰਾੜ ਦਾ ਪਲਟਵਾਰ
ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਉਹ ਕਾਕਾ ਬਰਾੜ ਦੀ ਇੱਜ਼ਤ ਕਰਦੇ ਹਨ ਕਿਉਂਕਿ ਉਹ ਚੰਗੇ ਇਨਸਾਨ ਹਨ, ਪਰ ਮੁਕਤਸਰ ’ਚ ਕੰਮ ਨਹੀਂ ਹੋਇਆ।ਇਸ ਬਿਆਨ ’ਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਤਿੱਖਾ ਪਲਟਵਾਰ ਕੀਤਾ।
Publish Date: Tue, 26 May 2026 04:31 PM (IST)
Updated Date: Tue, 26 May 2026 04:54 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ’ਚ ਨਗਰ ਕੌਂਸਲ ਚੋਣਾਂ ਲਈ ਵੋਟਿੰਗ ਦੌਰਾਨ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਕਤਸਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ’ਤੇ ਤਿੱਖਾ ਨਿਸ਼ਾਨਾ ਸਾਧਿਆ। ਵੜਿੰਗ ਨੇ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਆਪ ਪਾਰਟੀ ਕਾਕਾ ਬਰਾੜ ਨੂੰ ਟਿਕਟ ਨਹੀਂ ਦੇਵੇਗੀ। ਉਨ੍ਹਾਂ ਕਿਹਾ, ‘ਮੇਰੀ ਭਵਿੱਖਬਾਣੀ ਹੈ ਕਿ ਮੁਕਤਸਰ ਤੋਂ ਕਾਕਾ ਬਰਾੜ ਦੀ ਟਿਕਟ ਕੱਟੀ ਜਾਵੇਗੀ, ਇਸ ਲਈ ਮੁਕਤਸਰ ਦੇ ਲੋਕ ਸੋਚ-ਸਮਝ ਕੇ ਵੋਟ ਪਾਉਣ।’ ਵਿਕਾਸ ਦੇ ਮੁੱਦੇ ’ਤੇ ਬਰਾੜ ਨੂੰ ਘੇਰਦਿਆਂ ਵੜਿੰਗ ਨੇ ਕਿਹਾ ਕਿ ਸਾਢੇ ਚਾਰ ਸਾਲ ਵਿਧਾਇਕ ਰਹਿੰਦਿਆਂ ਜੋ ਵਿਅਕਤੀ ਕੁਝ ਨਹੀਂ ਕਰ ਸਕਿਆ, ਉਹ ਨਗਰ ਕੌਂਸਲ ਚੋਣਾਂ ਜਿੱਤ ਕੇ ਵੀ ਕੁਝ ਨਹੀਂ ਕਰੇਗਾ।
ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਉਹ ਕਾਕਾ ਬਰਾੜ ਦੀ ਇੱਜ਼ਤ ਕਰਦੇ ਹਨ ਕਿਉਂਕਿ ਉਹ ਚੰਗੇ ਇਨਸਾਨ ਹਨ, ਪਰ ਮੁਕਤਸਰ ’ਚ ਕੰਮ ਨਹੀਂ ਹੋਇਆ। ਇਸ ਬਿਆਨ ’ਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਤਿੱਖਾ ਪਲਟਵਾਰ ਕੀਤਾ। ਉਨ੍ਹਾਂ ਵੜਿੰਗ ਨੂੰ ਨਸੀਹਤ ਦਿੱਤੀ ਕਿ ਉਹ ਉਨ੍ਹਾਂ (ਬਰਾੜ) ਦੀ ਟਿਕਟ ਦੀ ਫ਼ਿਕਰ ਛੱਡਣ ਅਤੇ ਆਪਣੀ ਸੂਬਾ ਪ੍ਰਧਾਨ ਦੀ ਕੁਰਸੀ ਸੰਭਾਲਣ। ਬਰਾੜ ਨੇ ਕਿਹਾ, ਰਾਜਾ ਵੜਿੰਗ ਆਪਣੀ ਪ੍ਰਧਾਨਗੀ ਦੀ ਕੁਰਸੀ ਫੜ ਕੇ ਰੱਖਣ, ਜੋ ਕੁਝ ਸਮੇਂ ਬਾਅਦ ਉਨ੍ਹਾਂ ਦੇ ਹੱਥੋਂ ਨਿਕਲਣ ਵਾਲੀ ਹੈ। ਵਿਕਾਸ ਦੇ ਦਾਅਵਿਆਂ ਨੂੰ ਲੈ ਕੇ ਬਰਾੜ ਨੇ ਵੜਿੰਗ ਨੂੰ ਉਨ੍ਹਾਂ ਦੇ ਤਿੰਨ ਕਾਰਜਕਾਲਾਂ ਦੀ ਯਾਦ ਦਿਵਾਈ।
ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਖ਼ੁਦ ਤਿੰਨ ਵਾਰ ਗਿੱਦੜਬਾਹਾ ਤੋਂ ਵਿਧਾਇਕ ਰਹੇ ਹਨ। ਉਹ ਮੁਕਤਸਰ ਵਿੱਚ ਹੋਏ ਵਿਕਾਸ ਕਾਰਜਾਂ ਦੀ ਤੁਲਨਾ ਆਪਣੀ ਤਿੰਨ ਵਾਰ ਦੀ ਟਰਮ ਨਾਲ ਕਰ ਲੈਣ, ਮੁਕਤਸਰ ਵਿੱਚ ਜ਼ਿਆਦਾ ਵਿਕਾਸ ਹੋਇਆ ਹੈ। ਬਰਾੜ ਨੇ ਚੋਣਵੀਂ ਚੁਣੌਤੀ ਵੀ ਦਿੱਤੀ ਅਤੇ ਕਿਹਾ ਕਿ ਜੇਕਰ ਰਾਜਾ ਵੜਿੰਗ ਉਨ੍ਹਾਂ ਦੇ ਮੁਕਾਬਲੇ ਚੋਣ ਲੜਨਾ ਚਾਹੁੰਦੇ ਹਨ ਤਾਂ ਉਹ ਤਿਆਰ ਹਨ।