ਨਸ਼ਾ ਤਸਕਰਾਂ 'ਤੇ ਪੁਲਿਸ ਦਾ ਵੱਡਾ ਐਕਸ਼ਨ: ਕਿਸਾਨ ਆਗੂ ਨੇ ਬਣਾਈ ਵੀਡੀਓ ਤੇ ਪੁਲਿਸ ਨੇ ਪਾਈ ਰੇਡ; ਪਿਓ-ਪੁੱਤ ਕੋਲੋਂ ਨਸ਼ੀਲੀਆਂ ਗੋਲੀਆਂ ਤੇ ਚਿੱਟਾ ਬਰਾਮਦ
ਜ਼ਿਲ੍ਹੇ ਦੇ ਪਿੰਡ ਸਿੰਘਾਂਵਾਲਾ ਵਿੱਚ ਨਸ਼ਾ ਤਸਕਰੀ ਦੇ ਇੱਕ ਮਾਮਲੇ ਨੂੰ ਲੈ ਕੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਪਿਓ-ਪੁੱਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਕਿਸਾਨ ਆਗੂ ਇਕਬਾਲ ਸਿੰਘ ਨੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਵੱਲੋਂ ਨਸ਼ਾ ਵੇਚਦੇ ਹੋਏ ਦੀ ਵੀਡੀਓ ਬਣਾਈ ਸੀ, ਜੋ ਬਾਅਦ ਵਿੱਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆ ਗਈ ਅਤੇ ਅੱਜ ਪਿੰਡ ਸਿੰਘਾਂਵਾਲਾ ਪਹੁੰਚ ਕੇ ਕਾਰਵਾਈ ਕੀਤੀ। ਪੁਲਿਸ ਨੇ ਵੀਡੀਓ ਦੇ ਆਧਾਰ 'ਤੇ ਨਸ਼ਾ ਵੇਚਣ ਦੇ ਦੋਸ਼ ਵਿੱਚ ਪਿਓ-ਪੁੱਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਐਨ.ਡੀ.ਪੀ.ਐਸ.
Publish Date: Fri, 24 Apr 2026 03:55 PM (IST)
Updated Date: Fri, 24 Apr 2026 03:58 PM (IST)
ਰਾਜਕੁਮਾਰ ਰਾਜੂ, ਜਾਗਰਣ, ਮੋਗਾ - ਜ਼ਿਲ੍ਹੇ ਦੇ ਪਿੰਡ ਸਿੰਘਾਂਵਾਲਾ ਵਿੱਚ ਨਸ਼ਾ ਤਸਕਰੀ ਦੇ ਇੱਕ ਮਾਮਲੇ ਨੂੰ ਲੈ ਕੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਪਿਓ-ਪੁੱਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਕਿਸਾਨ ਆਗੂ ਇਕਬਾਲ ਸਿੰਘ ਨੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਵੱਲੋਂ ਨਸ਼ਾ ਵੇਚਦੇ ਹੋਏ ਦੀ ਵੀਡੀਓ ਬਣਾਈ ਸੀ, ਜੋ ਬਾਅਦ ਵਿੱਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆ ਗਈ ਅਤੇ ਅੱਜ ਪਿੰਡ ਸਿੰਘਾਂਵਾਲਾ ਪਹੁੰਚ ਕੇ ਕਾਰਵਾਈ ਕੀਤੀ। ਪੁਲਿਸ ਨੇ ਵੀਡੀਓ ਦੇ ਆਧਾਰ 'ਤੇ ਨਸ਼ਾ ਵੇਚਣ ਦੇ ਦੋਸ਼ ਵਿੱਚ ਪਿਓ-ਪੁੱਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਐਨ.ਡੀ.ਪੀ.ਐਸ. (NDPS) ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਸਿਟੀ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪਿੰਡ ਸਿੰਘਾਂਵਾਲਾ ਵਿੱਚ ਨਸ਼ਿਆਂ ਖ਼ਿਲਾਫ਼ ਪੁਲਿਸ ਵੱਲੋਂ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਇੱਕ ਕਿਸਾਨ ਆਗੂ ਵੱਲੋਂ ਇੱਕ ਨੌਜਵਾਨ ਨੂੰ ਰੋਕ ਕੇ ਉਸ ਕੋਲੋਂ ਸ਼ੱਕੀ ਪਦਾਰਥ ਬਰਾਮਦ ਕਰਨ ਦੀ ਘਟਨਾ ਸਾਹਮਣੇ ਆਈ ਸੀ। ਵੀਡੀਓ ਦੇ ਆਧਾਰ 'ਤੇ ਪੁਲਿਸ ਨੇ ਤੁਰੰਤ ਟੀਮ ਭੇਜ ਕੇ ਜਾਂਚ ਸ਼ੁਰੂ ਕੀਤੀ। ਕਾਰਵਾਈ ਦੌਰਾਨ ਪੁਲਿਸ ਨੇ ਸੁੱਚਾ ਸਿੰਘ ਅਤੇ ਉਸ ਦੇ ਪਿਤਾ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਕੋਲੋਂ ਲਗਭਗ 5 ਗ੍ਰਾਮ ਹੈਰੋਇਨ ਅਤੇ ਕਰੀਬ 40 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।
ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਅੱਜ ਉਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਪ੍ਰਕਿਰਿਆ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਫੋਰੈਂਸਿਕ ਲੈਬ ਵਿੱਚ ਜਾਂਚ ਲਈ ਭੇਜਿਆ ਜਾਵੇਗਾ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਹੈਰੋਇਨ ਹੈ ਜਾਂ ਕੋਈ ਹੋਰ ਨਸ਼ੀਲਾ ਪਦਾਰਥ। ਡੀ.ਐਸ.ਪੀ. ਜਤਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੇ ਪੁਰਾਣੇ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਰਿਮਾਂਡ ਦੌਰਾਨ ਹੋਰ ਮਹੱਤਵਪੂਰਨ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮਾਮਲੇ ਵਿੱਚ ਹੋਰ ਸਬੰਧਤ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਜਾਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਆਪਣੇ ਇਲਾਕੇ ਵਿੱਚ ਨਸ਼ੇ ਨਾਲ ਸਬੰਧਤ ਕੋਈ ਗਤੀਵਿਧੀ ਦਿਖਾਈ ਦੇਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰਨ, ਤਾਂ ਜੋ ਇਸ ਬੁਰਾਈ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕੇ।