ਜ਼ਿਲ੍ਹਾ ਮੋਗਾ ਪੁਲਿਸ ਵੱਲੋਂ

ਸਵਰਨ ਗੁਲਾਟੀ, ਪੰਜਾਬੀ ਜਾਗਰਣ, ਮੋਗਾ: ਜ਼ਿਲ੍ਹਾ ਮੋਗਾ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਅਰੋਪੀਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਪੁਲਿਸ ਨੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਇਕ ਮੈਂਬਰ ਨੂੰ ਕਾਬੂ ਕੀਤਾ ਹੈ। ਇਸ ਗਿਰੋਹ ਵੱਲੋਂ ਕੁੱਝ ਦਿਨ ਪਹਿਲਾਂ ਇਕ ਮੋਟਰਸਾਈਕਲ ਸਵਾਰ ਨੂੰ ਵਿਅਕਤੀ ਨੂੰ ਘੇਰ ਕੇ ਉਸ ਦੀ ਗਰਦਨ ’ਤੇ ਤੇਜ਼ਧਾਰ ਹਥਿਆਰ ਲਗਾਕੇ ਉਸ ਪਾਸੋਂ ਨਗਦੀ ਅਤੇ ਦੋ ਮੋਬਾਇਲ ਫੋਨ ਖੋਹਕੇ ਲੈ ਗਏ ਸਨ। ਗਿਰੋਹ ਦੇ ਕਾਬੂ ਕੀਤੇ ਇਕ ਮੈਂਬਰ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਅਜੀਤਵਾਲ ਪੁਲਿਸ ਦੇ ਇੰਚਾਰਜ ਐੱਸਆਈ ਰਾਜ ਸਿੰਘ ਨੇ ਦੱਸਿਆ ਕਿ ਸੀਨੀਅਰ ਕਪਤਾਨ ਪੁਲਿਸ ਮੋਗਾ ਅਜੈ ਗਾਂਧੀ ਦੀ ਅਗਵਾਈ ਹੇਠ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰੰ ਉਸ ਸਮੇਂ ਅਹਿਮ ਸਫ਼ਲਤਾ ਮਿਲੀ ਜਦੋਂ ਬਾਲ ਕ੍ਰਿਸ਼ਨ ਸਿੰਗਲਾ ਐੱਸਪੀ (ਡੀ), ਮੋਗਾ ਅਤੇ ਅਨਵਰ ਅਲੀ ਡੀਐੱਸਪੀ ਸਬਡਵੀਜ਼ਨ ਨਿਹਾਲ ਸਿੰਘ ਵਾਲਾ ਦੀ ਰਹਿਨੁਮਾਈ ਹੇਠ ਥਾਣਾ ਅਜੀਤਵਾਲ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਲਵਿੰਦਰ ਸਿੰਘ ਪੁੱਤਰ ਕਪੂਰ ਸਿੰਘ ਵਾਸੀ ਕੋਕਰੀ ਕਲਾਂ ਵੱਲੋਂ ਪੁਲਿਸ ਨੂੰ ਦਰਜ ਕਰਾਇਆ ਕਿ ਉਸ ਦੀ ਪਿੰਡ ਤਲਵੰਡੀ ਮੱਲ੍ਹੀਆਂ ਵਿਖੇ ਇਲੈਕਟ੍ਰੀਸ਼ਨ ਦੀ ਦੁਕਾਨ ਹੈ ਅਤੇ ਮਿਤੀ 16-02-2026 ਨੂੰ ਉਹ ਆਪਣੀ ਦੁਕਾਨ ਬੰਦ ਕਰਕੇ ਆਪਣੇ ਮੋਟਰਸਾਈਕਲ ਪਰ ਸਵਾਰ ਹੋ ਕੇ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਰਸਤੇ ਵਿਚ ਇਕ ਗੱਡੀ (ਡੱਸਟਰ ਕਾਰ) ਪਰ 05 ਨੌਜਵਾਨ ਸਵਾਰ ਹੋ ਕੇ ਆਏ ਅਤੇ ਉਸ ਨੂੰ ਰੋਕ ਕੇ ਇਕ ਨੌਜਵਾਨ ਨੇ ਉਸ ਦੀ ਗਰਦਨ ਪਰ ਦਾਤਰ ਲਗਾ ਲਿਆ ਅਤੇ ਉਸ ਨੂੰੰ ਡਰਾ ਧਮਕਾ ਕੇ, ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਉਸ ਪਾਸੋਂ ਉਸਦੇ ਦੋ ਮੋਬਾਇਲ ਫੋਨ ਅਤੇ 2500 ਰੁਪਏ ਅਤੇ ਉਸ ਦਾ ਆਧਾਰ ਕਾਰਡ ਖੋਹ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਕੁਲਵਿੰਦਰ ਸਿੰਘ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਅਤੇ ਉਹ ਆਪਣੇ ਤੌਰ ’ਤੇ ਅਰੋਪੀਆਂ ਦੀ ਭਾਲ ਕਰਦਾ ਰਿਹਾ ਅਤੇ ਹੁਣ ਉਸ ਨੂੰੰ ਪਤਾ ਲੱਗਾ ਹੈ ਕਿ ਉਕਤ ਅਰੋਪੀਆਂ ਨੇ ਉਸ ਪਾਸੋਂ ਖੋਹ ਕੀਤੀ ਹੈ। ਪੁਲਿਸ ਵੱਲੋਂ ਮੁਕੱਦਮਾ ਉਕਤ ਦਰਜ ਬਰਖਿਲਾਫ਼ ਸੁਖਵਿੰਦਰ ਸਿੰਘ ਉਰਫ਼ ਹੈਪੀ ਉਰਫ਼ ਲੰਗੜਾ, ਰਣਜੀਤ ਸਿੰਘ ਉਰਫ਼ ਗੌਡਾ, ਵਿਕਰਮਜੀਤ ਸਿੰਘ ਉਰਫ਼ ਵਿੱਕੀ, ਮਨਪ੍ਰੀਤ ਸਿੰਘ ਉਰਫ਼ ਮਨੀ ਉਰਫ਼ ਘੰਡਾ ਉਰਫ਼ ਪਿਸਤੋਲ ਅਤੇ ਪ੍ਰਬਦੀਪ ਸਿੰਘ ਵਾਸੀਆਨ ਭਿੰਡਰ ਖੁਰਦ ਜ਼ਿਲ੍ਹਾ ਮੋਗਾ ਦੇ ਖਿਲਾਫ਼ ਕਥਿਤ ਤੌਰ ’ਤੇ ਦਰਜ ਰਜਿਸਟਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਤਫ਼ਤੀਸ਼ ਦੌਰਾਨ ਵਿਕਰਮਜੀਤ ਸਿੰਘ ਉਰਫ਼ ਵਿੱਕੀ ਨੂੰ ਗ੍ਰਿਫ਼ਤਾਰ ਕਰਕੇ ਵਾਰਦਾਤ ਸਮੇਂ ਵਰਤੀ ਗਈ ਡੱਸਟਰ ਕਾਰ ਰੰਗ ਚਿੱਟਾ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਾਕੀ ਕਥਿਤ ਅਰੋਪੀਆਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ ਜਿਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।