ਸਫਾਈ ਕਰਮੀਆਂ ਦੀ ਹੜਤਾਲ ਜਾਰੀ, ਸਰਕਾਰ ਖ਼ਿਲਾਫ਼ ਰੋਸ ਭਾਰੀ
ਸ਼ਹਿਰ ਵਿੱਚ ਲੱਗੇ ਕੂੜੇ ਦੇ ਢੇਰ, ਪ੍ਰਸ਼ਾਸਨ ਗਿਆ ਅੱਖਾਂ ਫੇਰ
Publish Date: Wed, 13 May 2026 06:22 PM (IST)
Updated Date: Wed, 13 May 2026 06:24 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸਫਾਈ ਕਰਮਚਾਰੀਆਂ ਦੀ ਰਾਜ ਪੱਧਰੀ ਹੜਤਾਲ ਦੇ ਚਲਦਿਆਂ ਸਥਾਨਕ ਸ਼ਹਿਰ ’ਚ ਲੱਗੇ ਚੁਫੇਰੇ ਕੂੜੇ ਦੇ ਢੇਰ ਲੋਕਾਂ ਦਾ ਜਿਉਣਾ ਦੁੱਭਰ ਕਰ ਰਹੇ ਹਨ। ਸਾਰੇ ਮੁਹੱਲਿਆਂ ’ਚ ਜਨਤਕ ਥਾਵਾਂ ’ਤੇ ਕੂੜਾ ਹੀ ਨਜ਼ਰ ਆਉਂਦਾ ਹੈ। ਹੋਰ ਤਾਂ ਹੋਰ ਸ਼ਹਿਰ ਦੇ ਵਿਚਕਾਰ ਸਥਿਤ ਗੁਰੂ ਗੋਬਿੰਦ ਸਿੰਘ ਪਾਰਕ ’ਚ ਸੈਰ ਕਰਨ ਆਉਣ ਵਾਲਿਆਂ ਦਾ ਸੁਆਗਤ ਵੀ ਕੂੜਾ ਹੀ ਕਰਦਾ ਹੈ। ਪਾਰਕ ਦੇ ਨਾਲ ਵਾਲੀ ਗਲੀ ਜਿਸ ਵਿੱਚ ਲੜਕਿਆਂ ਦਾ ਸੀਨੀਅਰ ਸੈਕੰਡਰੀ ਸਕੂਲ ਤੇ ਜਿਲ੍ਹਾ ਸਿੱਖਿਆ ਦਫਤਰ ਸਥਿਤ ਹੈ। ਉਸਦਾ ਅੱਧਾ ਹਿੱਸਾ ਖਿੱਲਰੇ ਕੂੜੇ ਨੇ ਮੱਲਿਆ ਹੋਇਆ ਹੈ। ਹਫ਼ਤੇ ਭਰ ਤੋਂ ਖਿੱਲਰੇ ਕੂੜੇ ਦਾ ਨਗਰ ਕੌਂਸਲ ਤੇ ਸਥਾਨਕ ਪ੍ਰਸ਼ਾਸਨ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਸਿਤਮ ਦੀ ਗੱਲ ਹੈ ਕਿ ਸਕੂਲਾਂ, ਦਫਤਰਾਂ ਤੇ ਹਸਪਤਾਲਾਂ ’ਚ ਸਫਾਈ ਦੀ ਦੁਹਾਈ ਦੇਣ ਵਾਲੀ ਸਰਕਾਰ ਦਾ ਪ੍ਰਸ਼ਾਸਨ ਨੇ ਅੱਖਾਂ ਫੇਰ ਗਿਆ ਹੈ। ਉਸ ਨੂੰ ਕੂੜੇ ਤੋਂ ਫੈਲਣ ਵਾਲੀਆਂ ਬਿਮਾਰੀਆਂ ਦੀ ਕੋਈ ਪ੍ਰਵਾਹ ਨਹੀਂ ਜਾਪਦੀ। ਦੂਸਰੇ ਪਾਸੇ ਸਫਾਈ ਕਰਮਚਾਰੀ ਆਪਣੀਆਂ ਹੱਕੀ ਮੰਗਾਂ ਲਈ ਹੜਤਾਲ ਜਾਰੀ ਰੱਖ ਰਹੇ ਹਨ। ਕਰਮੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਉਨ੍ਹਾਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ ਹੈ। ਹੜਤਾਲੀ ਕਰਮੀਆਂ ਦਾ ਕਹਿਣਾ ਹੈ ਕਿ ਉਹ ਨਿਗੂਣੀਆਂ ਤਨਖਾਹਾਂ ’ਤੇ ਦਿਹਾੜੀਦਾਰ ਕਾਮਿਆਂ ਵਜੋਂ ਕੰਮ ਕਰਦੇ ਹਨ। ਸਰਕਾਰ ਵੱਲੋਂ ਉਨ੍ਹਾਂ ਨੂੰ ਦਿਹਾੜੀ ਤੋਂ ਬਿਨਾਂ ਕੋਈ ਹੋਰ ਸਹੂਲਤ ਨਹੀਂ ਦਿੱਤੀ ਜਾਂਦੀ। ਜਦਕਿ ਉਹ ਲਗਾਤਾਰ ਉਨ੍ਹਾਂ ਨੂੰ ਰੈਗੂਲਰ ਕਰਕੇ ਸਰਕਾਰੀ ਸਹੂਲਤਾਂ ਦੇਣ ਦੀ ਮੰਗ ਕਰ ਰਹੇ ਹਨ। ਹੜਤਾਲ ਦੇ ਅੱਠਵੇਂ ਦਿਨ ਸ਼ਾਮਲ ਹੋਣ ਦੇ ਬਾਵਜੂਦ ਵੀ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ। ਨਾ ਹੀ ਕਿਸੇ ਸਿਆਸੀ ਪਾਰਟੀ ਤੇ ਥਾਂ ਥਾਂ ਖਿੱਲਰੇ ਕੂੜੇ ਦੇ ਪ੍ਰਬੰਧ ਤੇ ਸਫਾਈ ਕਰਮੀਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਹੈ। ਸਿਤਮ ਜ਼ਰੀਫੀ ਇਹ ਹੈ ਕਿ ਸਥਾਨਕ ਨਗਰ ਕੌਂਸਲ ਵੱਲੋਂ ਘਰਾਂ ’ਚ ਜੁੜਿਆ ਕੂੜਾ ਚੁਕਵਾਉਣ ਦੀ ਬਜਾਏ ਘਰ ਘਰ ਜਾ ਕੇ ਕੂੜੇ ਦੀ ਮਹੀਨਾਵਾਰ ਵਸੂਲੀ ਕੀਤੀ ਜਾ ਰਹੀ ਹੈ।ਸਰਕਾਰ ਦੇ ਅਜਿਹੇ ਰੱਵਈਏ ਖਿਲਾਫ਼ ਲੋਕਾਂ ’ਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਜਿਸ ਦਾ ਖਮਿਆਜ਼ਾ ਸਰਕਾਰ ਨੂੰ ਸਿਰ ਆਈਆਂ ਨਗਰ ਕੌਂਸਲ ਚੋਣਾਂ ’ਚ ਭੁਗਤਣਾ ਪੈ ਸਕਦਾ ਹੈ। ਲੋਕਾਂ ਦੀ ਪੁਰਜ਼ੋਰ ਮੰਗ ਹੈ ਕਿ ਸਰਕਾਰ ਸਫਾਈ ਕਰਮੀਆਂ ਦੀ ਮੰਗਾਂ ਦੀ ਪੂਰਤੀ ਕਰਕੇ ਸ਼ਹਿਰ ਦੀ ਸਫ਼ਾਈ ਪੱਖੋਂ ਬਦਤਰ ਹੋ ਰਹੀ ਵਿਵਸਥਾ ਦਾ ਸੁਧਾਰ ਕਰੇ।