ਮੋਗਾ ਵਿੱਚ ਪਿਛਲੇ 14 ਦਿਨਾਂ ਤੋਂ ਚੱਲ ਰਹੀ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ ਦੀਆਂ ਸੜਕਾਂ 'ਤੇ ਕੂੜੇ ਦੇ ਪਹਾੜ ਬਣ ਗਏ ਹਨ। ਲੋਕ ਗੰਦਗੀ ਭਰੇ ਅਤੇ ਬਦਬੂਦਾਰ ਮਾਹੌਲ ਵਿੱਚ ਰਹਿਣ ਲਈ ਮਜਬੂਰ ਹੋ ਰਹੇ ਹਨ। ਹੜਤਾਲ ਕਾਰਨ 14 ਦਿਨਾਂ ਤੋਂ ਗਲੀਆਂ, ਮੁਹੱਲਿਆਂ ਅਤੇ ਮੁੱਖ ਸੜਕਾਂ 'ਤੇ ਕੂੜਾ ਜਮ੍ਹਾ ਹੋ ਰਿਹਾ ਹੈ, ਜਿਸ ਨਾਲ ਹਰ ਪਾਸੇ ਗੰਦਗੀ ਦਾ ਮਾਹੌਲ ਬਣ ਗਿਆ ਹੈ। ਸ਼ਹਿਰ ਦੇ ਕਈ ਇਲਾਕਿਆਂ ਵਿੱਚ ਵੱਡੇ-ਵੱਡੇ ਕੂੜੇ ਦੇ ਢੇਰ ਲੱਗ ਚੁੱਕੇ ਹਨ ਅਤੇ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ।

ਰਾਜ ਕੁਮਾਰ ਰਾਜੂ, ਜਾਗਰਣ, ਮੋਗਾ। ਮੋਗਾ ਵਿੱਚ ਪਿਛਲੇ 14 ਦਿਨਾਂ ਤੋਂ ਚੱਲ ਰਹੀ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ ਦੀਆਂ ਸੜਕਾਂ 'ਤੇ ਕੂੜੇ ਦੇ ਪਹਾੜ ਬਣ ਗਏ ਹਨ। ਲੋਕ ਗੰਦਗੀ ਭਰੇ ਅਤੇ ਬਦਬੂਦਾਰ ਮਾਹੌਲ ਵਿੱਚ ਰਹਿਣ ਲਈ ਮਜਬੂਰ ਹੋ ਰਹੇ ਹਨ। ਹੜਤਾਲ ਕਾਰਨ 14 ਦਿਨਾਂ ਤੋਂ ਗਲੀਆਂ, ਮੁਹੱਲਿਆਂ ਅਤੇ ਮੁੱਖ ਸੜਕਾਂ 'ਤੇ ਕੂੜਾ ਜਮ੍ਹਾ ਹੋ ਰਿਹਾ ਹੈ, ਜਿਸ ਨਾਲ ਹਰ ਪਾਸੇ ਗੰਦਗੀ ਦਾ ਮਾਹੌਲ ਬਣ ਗਿਆ ਹੈ। ਸ਼ਹਿਰ ਦੇ ਕਈ ਇਲਾਕਿਆਂ ਵਿੱਚ ਵੱਡੇ-ਵੱਡੇ ਕੂੜੇ ਦੇ ਢੇਰ ਲੱਗ ਚੁੱਕੇ ਹਨ ਅਤੇ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ।
ਕੂੜੇ ਤੋਂ ਉੱਠ ਰਹੀ ਬਦਬੂ ਅਤੇ ਵਧ ਰਹੇ ਮੱਛਰਾਂ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਸਫ਼ਾਈ ਕਰਮਚਾਰੀਆਂ ਨਾਲ ਜਲਦ ਗੱਲਬਾਤ ਕਰਕੇ ਹੜਤਾਲ ਖ਼ਤਮ ਕਰਵਾਈ ਜਾਵੇ ਅਤੇ ਤੁਰੰਤ ਕੂੜਾ ਚੁੱਕਣ ਲਈ ਵਿਸ਼ੇਸ਼ ਟੀਮਾਂ ਲਗਾਈਆਂ ਜਾਣ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਜਲਦੀ ਹੱਲ ਨਾ ਕੱਢਿਆ ਗਿਆ ਤਾਂ ਗੰਦਗੀ ਕਾਰਨ ਬੀਮਾਰੀਆਂ ਫੈਲਣ ਦਾ ਖ਼ਤਰਾ ਹੋਰ ਵਧ ਸਕਦਾ ਹੈ।
ਸ਼ਿਵ ਸੈਨਾ ਹਿੰਦੋਸਤਾਨ ਦੇ ਆਗੂ ਰਾਮ ਬਚਨ ਰਾਏ ਨੇ ਦੱਸਿਆ ਕਿ ਹਾਲਾਤ ਇੰਨੇ ਖ਼ਰਾਬ ਹੋ ਚੁੱਕੇ ਹਨ ਕਿ ਕਈ ਥਾਵਾਂ 'ਤੇ ਲੋਕਾਂ ਨੇ ਕੂੜੇ ਦੇ ਢੇਰਾਂ ਨੂੰ ਅੱਗ ਲਗਾਉਣੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਗੰਦਗੀ ਤੋਂ ਕੁਝ ਰਾਹਤ ਮਿਲ ਸਕੇ। ਹਾਲਾਂਕਿ ਇਸ ਨਾਲ ਹਵਾ ਪ੍ਰਦੂਸ਼ਣ ਵਧ ਰਿਆ ਹੈ ਅਤੇ ਧੂੰਏਂ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਦਿੱਕਤ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਪ੍ਰਸ਼ਾਸਨ ਕਿਸਾਨਾਂ ਵੱਲੋਂ ਖੇਤਾਂ ਵਿੱਚ ਲਗਾਈ ਜਾਣ ਵਾਲੀ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਅਤੇ ਹੋਰ ਟੀਮਾਂ ਭੇਜ ਰਿਹਾ ਹੈ, ਪਰ ਦੂਜੇ ਪਾਸੇ ਸ਼ਹਿਰ ਦੇ ਅੰਦਰ ਸੜ ਰਹੇ ਕੂੜੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਲੋਕਾਂ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਹਾਲਾਤ ਦਿਨ-ਬ-ਦਿਨ ਖ਼ਰਾਬ ਹੁੰਦੇ ਜਾ ਰਹੇ ਹਨ।
ਮੋਗਾ ਦੇ ਅਕਾਲਸਰ ਰੋਡ ਦੇ ਦੁਕਾਨਦਾਰ ਅਨਿਲ ਮਿੱਤਲ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਚੱਲੀ ਆ ਰਹੀ ਹੜਤਾਲ ਕਾਰਨ ਉਨ੍ਹਾਂ ਦੀਆਂ ਦੁਕਾਨਾਂ ਦੇ ਅੱਗੇ ਕੂੜੇ ਦੇ ਵੱਡੇ-ਵੱਡੇ ਢੇਰ ਲੱਗ ਗਏ ਹਨ। ਅਜਿਹੇ ਵਿੱਚ ਜਿੱਥੇ ਉਨ੍ਹਾਂ ਦਾ ਕਾਰੋਬਾਰ ਤਾਂ ਪ੍ਰਭਾਵਿਤ ਹੋਇਆ ਹੀ ਹੈ, ਉੱਥੇ ਹੀ ਬਦਬੂ ਦਾ ਆਲਮ ਛਾਉਣ ਦੇ ਨਾਲ-ਨਾਲ ਮੱਛਰਾਂ ਤੇ ਮੱਖੀਆਂ ਦੀ ਭਰਮਾਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਨਿਗਮ ਜਿੱਥੇ ਕੂੜਾ ਨਹੀਂ ਚੁੱਕ ਰਿਹਾ, ਉੱਥੇ ਹੀ ਲੋਕ ਉਨ੍ਹਾਂ ਦੀਆਂ ਦੁਕਾਨਾਂ ਦੇ ਅੱਗੇ ਕੂੜਾ ਸੁੱਟ ਕੇ ਚਲੇ ਜਾਂਦੇ ਹਨ ਅਤੇ ਰੋਕਣ 'ਤੇ ਲੋਕ ਝਗੜਾ ਕਰਦੇ ਹਨ। ਇੰਨਾ ਹੀ ਨਹੀਂ, ਨਿਗਮ ਦੇ ਅਧੀਨ ਤਾਇਨਾਤ ਕਰਮਚਾਰੀ ਘਰਾਂ ਤੋਂ ਕੂੜਾ-ਕਰਕਟ ਲਿਆ ਕੇ ਉਨ੍ਹਾਂ ਦੀਆਂ ਦੁਕਾਨਾਂ ਦੇ ਅੱਗੇ ਸੁੱਟ ਰਹੇ ਹਨ।
ਅਕਾਲਸਰ ਰੋਡ ਸਥਿਤ ਵੀ.ਆਈ.ਪੀ. ਟੇਲਰ ਦੇ ਮਾਲਕ ਐੱਮ.ਡੀ. ਅਹਿਤੇਸ਼ਾਮ ਅੰਸਾਰੀ ਨੇ ਦੱਸਿਆ ਕਿ ਨਿਗਮ ਦੀ ਹੜਤਾਲ ਉਨ੍ਹਾਂ ਲਈ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ, ਉਨ੍ਹਾਂ ਦੀਆਂ ਦੁਕਾਨਾਂ ਦੇ ਅੱਗੇ ਕਚਰੇ ਦਾ ਮਾਨੋ ਪਹਾੜ ਬਣ ਚੁੱਕਾ ਹੈ। ਦੁਕਾਨ ਦੇ ਆਲੇ-ਦੁਆਲੇ ਦੇ ਲੋਕ ਕੂੜਾ-ਕਰਕਟ ਸੁੱਟ ਕੇ ਚਲੇ ਜਾਂਦੇ ਹਨ, ਜਿਸ ਨੂੰ ਖ਼ੁਦ ਸਾਫ਼ ਕਰਨਾ ਪੈਂਦਾ ਹੈ। ਕਚਰੇ ਤੋਂ ਉੱਠਣ ਵਾਲੀ ਬਦਬੂ ਕਾਰਨ ਜਿੱਥੇ ਉਹ ਦਿਨ ਭਰ ਪਰੇਸ਼ਾਨ ਰਹਿੰਦੇ ਹਨ, ਉੱਥੇ ਹੀ ਕਾਰੋਬਾਰ 'ਤੇ ਵੀ ਅਸਰ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤਾਂ ਅਜਿਹਾ ਮਹਿਸੂਸ ਹੋਣ ਲੱਗਾ ਹੈ ਕਿ ਗੰਦਗੀ ਭਰੇ ਮਾਹੌਲ ਵਿੱਚ ਹੀ ਮਤਦਾਨ ਹੋਵੇਗਾ।
ਸਮਾਜ ਸੇਵੀ ਤੇ ਐਡਵੋਕੇਟ ਕੁਲਵਿੰਦਰ ਸ਼ਰਮਾ ਨੇ ਕਿਹਾ ਕਿ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦੌਰਾਨ ਸੜਕਾਂ ਤੇ ਗਲੀਆਂ ਵਿੱਚ ਜਿੱਥੇ ਕੂੜਾ ਪ੍ਰਧਾਨ ਬਣ ਚੁੱਕਾ ਹੈ, ਉੱਥੇ ਹੀ ਸੱਤਾ ਦਾ ਸੁਖ ਭੋਗ ਰਹੇ ਕੌਂਸਲਰਾਂ ਸਮੇਤ ਚੋਣ ਮੈਦਾਨ ਵਿੱਚ ਉੱਤਰੇ ਉਮੀਦਵਾਰਾਂ ਵੱਲੋਂ ਵੀ ਸ਼ਹਿਰ ਵਿੱਚ ਬਣੇ ਗੰਦਗੀ ਭਰੇ ਮਾਹੌਲ ਨੂੰ ਹੱਲ ਕਰਨ ਦਾ ਕੋਈ ਯਤਨ ਨਹੀਂ ਕੀਤਾ ਜਾ ਰਿਆ। ਉਨ੍ਹਾਂ ਨੇ ਤਾਂ ਸਿਰਫ਼ ਆਪਣਾ ਵੋਟ ਬੈਂਕ ਬਣਾਈ ਰੱਖਣ ਅਤੇ ਉਸ ਨੂੰ ਵਧਾਉਣ 'ਤੇ ਹੀ ਜ਼ੋਰ ਦਿੱਤਾ ਹੋਇਆ ਹੈ।
ਮੰਗਾਂ ਨੂੰ ਲੈ ਕੇ ਹੜਤਾਲ 'ਤੇ ਬੈਠੇ ਕਰਮਚਾਰੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਠੇਕੇਦਾਰੀ ਪ੍ਰਥਾ ਬੰਦ ਕਰਨਾ ਅਤੇ ਵੱਖ-ਵੱਖ ਸ਼੍ਰੇਣੀਆਂ ਦੇ ਕੰਟਰੈਕਟ 'ਤੇ ਰੱਖੇ ਕਰਮਚਾਰੀਆਂ ਨੂੰ ਪੱਕਾ ਕਰਨਾ ਆਦਿ ਸ਼ਾਮਲ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਸ਼ਹਿਰ ਨੂੰ ਗੰਦਾ ਨਹੀਂ ਦੇਖਣਾ ਚਾਹੁੰਦੇ, ਪਰ ਮਜਬੂਰੀ ਵਿੱਚ ਸੜਕਾਂ 'ਤੇ ਉਤਰਨਾ ਪਿਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਹੜਤਾਲ ਕਾਰਨ ਸ਼ਹਿਰ ਵਿੱਚ ਗੰਦਗੀ ਫੈਲਦੀ ਹੈ ਜਾਂ ਮਹਾਂਮਾਰੀ ਵਰਗੀ ਸਥਿਤੀ ਬਣਦੀ ਹੈ, ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।