ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਅੱਗ, 10 ਦਿਨਾਂ 'ਚ 8 ਰੁਪਏ ਦਾ ਉਛਾਲ
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਅੱਗ, 10 ਦਿਨਾਂ 'ਚ 8 ਰੁਪਏ ਦਾ ਉਛਾਲ
Publish Date: Mon, 25 May 2026 05:34 PM (IST)
Updated Date: Mon, 25 May 2026 05:37 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਮੁਕਤਸਰ ’ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਆਮ ਜਨਤਾ ਦੀ ਜੇਬ੍ਹ ਤੇ ਸਿੱਧਾ ਹਮਲਾ ਬੋਲਿਆ ਹੈ। ਸੋਮਵਾਰ ਨੂੰ ਇੱਕ ਵਾਰ ਫਿਰ ਤੇਲ ਦੀਆਂ ਕੀਮਤਾਂ ਵਧੀਆਂ ਹਨ। ਅੱਜ ਪੈਟਰੋਲ 2.58 ਰੁਪਏ ਅਤੇ ਡੀਜ਼ਲ 2.66 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ। ਇਸ ਵਾਧੇ ਤੋਂ ਬਾਅਦ ਜ਼ਿਲ੍ਹੇ ਵਿੱਚ ਪੈਟਰੋਲ ਦੀ ਮੌਜੂਦਾ ਕੀਮਤ 105.17 ਰੁਪਏ ਅਤੇ ਡੀਜ਼ਲ ਦੀ ਕੀਮਤ 95.90 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ। ਪੈਟਰੋਲ ਪੰਪ ਸੰਚਾਲਕਾਂ ਦੇ ਅੰਕੜਿਆਂ ਮੁਤਾਬਕ, ਇਸ ਵਾਧੇ ਤੋਂ ਪਹਿਲਾਂ ਇੱਥੇ ਪੈਟਰੋਲ 102.59 ਰੁਪਏ ਅਤੇ ਡੀਜ਼ਲ 92.43 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਸੀ। ਚਿੰਤਾ ਦੀ ਗੱਲ ਇਹ ਹੈ ਕਿ ਪਿਛਲੇ 10 ਦਿਨਾਂ ਵਿੱਚ ਹੀ ਪੈਟਰੋਲ ਅੱਠ ਅਤੇ ਡੀਜ਼ਲ ਸੱਤ ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਾ ਹੈ। ਲਗਾਤਾਰ ਵਧ ਰਹੀਆਂ ਕੀਮਤਾਂ ਕਾਰਨ ਕਿਸਾਨ, ਟ੍ਰਾਂਸਪੋਰਟਰ ਅਤੇ ਆਮ ਆਦਮੀ ਸਾਰੇ ਪ੍ਰੇਸ਼ਾਨ ਹਨ। ਇਸ ਨਾਲ ਵੱਖ-ਵੱਖ ਚੀਜ਼ਾਂ ਦੇ ਦਾਮ ਵੀ ਵਧਣਗੇ। ਡੀਜ਼ਲ ਮਹਿੰਗਾ ਹੋਣ ਦਾ ਸਿੱਧਾ ਅਸਰ ਖੇਤੀਬਾੜੀ ਸਣੇ ਹੋਰਨਾਂ ਵਰਗਾਂ ਤੇ ਪੈ ਰਿਹਾ ਹੈ। ਜ਼ਿਲ੍ਹੇ ਵਿੱਚ ਇਸ ਸਮੇਂ ਝੋਨੇ ਦੀ ਲਵਾਈ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਟਰੈਕਟਰ, ਟਿਊਬਵੈੱਲ ਸਭ ਡੀਜ਼ਲ ਨਾਲ ਚੱਲਦੇ ਹਨ, ਅਜਿਹੇ ਵਿੱਚ ਖੇਤੀ ਦੀ ਲਾਗਤ ਵਧ ਜਾਵੇਗੀ। ਉੱਥੇ ਹੀ ਪੈਟਰੋਲ ਦੀ ਕੀਮਤ 105 ਤੋਂ ਪਾਰ ਹੋਣ ਕਾਰਨ ਖ਼ਾਸ ਕਰਕੇ ਗਰੀਬ ਤਬਕੇ ਦਾ ਬਜਟ ਵੀ ਵਿਗੜ ਗਿਆ ਹੈ। ਕਿਸਾਨ ਪਰੇਸ਼ਾਨ ਕਿਸਾਨ ਜਸਵਿੰਦਰ ਸਿੰਘ ਝਬੇਲਵਾਲੀ ਸੂਬਾ ਆਗੂ ਕਿਰਤੀ ਕਿਸਾਨ ਯੂਨੀਅਨ ਤੇ ਗੁਰਮੀਤ ਸਿੰਘ ਨੇ ਕਿਹਾ ਕਿ ਝੋਨੇ ਦੀ ਲਵਾਈ ਸਿਰ ਤੇ ਹੈ। 10 ਦਿਨਾਂ ਵਿੱਚ ਡੀਜ਼ਲ ਸੱਤ ਰੁਪਏ ਮਹਿੰਗਾ ਹੋ ਗਿਆ। ਸਰਕਾਰ ਐੱਮਐੱਸਪੀ ਤਾਂ ਵਧਾਉਂਦੀ ਨਹੀਂ, ਪਰ ਡੀਜ਼ਲ ਦੇ ਰੇਟ ਰੋਜ਼ ਵਧਾ ਦਿੰਦੀ ਹੈ। ਖੇਤੀ ਘਾਟੇ ਦਾ ਸੌਦਾ ਬਣ ਗਈ ਹੈ। ਕਿਸਾਨ ਬਲਵਿੰਦਰ ਸਿੰਘ ਥਾਂਦੇਵਾਲਾ ਜ਼ਿਲਾ ਆਗੂ ਕਿਰਤੀ ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਆਏ ਦਿਨ ਵਧ ਰਹੇ ਪੈਟਰੋਲ-ਡੀਜ਼ਲ ਦੇ ਦਾਮਾਂ ਨੇ ਲੋਕਾਂ ਦਾ ਲਕੜ ਤੋੜ ਕੇ ਰੱਖ ਦਿੱਤਾ ਹੈ। ਮਹਿੰਗਾਈ ਸਿਖਰਾਂ ਤੇ ਹੈ। ਝੋਨੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਕਿਸਾਨ ਨੂੰ ਮਹਿੰਗਾਈ ਦੇ ਬੋਝ ਹੇਠ ਇੱਕ ਵਾਰ ਫਿਰ ਦੱਬਣਾ ਪਵੇਗਾ। ਨੌਜਵਾਨ ਅਭਿਨਵ ਬਤਰਾ ਨੇ ਕਿਹਾ ਕਿ ਪੈਟਰੋਲ-ਡੀਜ਼ਲ ਦੇ ਦਾਮ ਵਧਣ ਨਾਲ ਹਰ ਪਾਸੇ ਮਹਿੰਗਾਈ ਵਧੇਗੀ। ਸਕੂਲ-ਕਾਲਜ ਜਾਣ ਵਾਲੇ ਵਿਦਿਆਰਥੀਆਂ ਨੂੰ ਵੀ ਮੁਸ਼ਕਲ ਹੋਵੇਗੀ ਕਿਉਂਕਿ ਬੱਸਾਂ ਅਤੇ ਆਟੋ ਦੇ ਕਿਰਾਏ ਵੀ ਵਧਣਗੇ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੀਮਤਾਂ ਘੱਟ ਕੀਤੀਆਂ ਜਾਣ।