ਪੀਯੂ ਰਿਜ਼ਨਲ ਸੈਂਟਰ ਦੀ ਨਵੀਂ ਇਮਾਰਤ ਦਾ ਕੰਮ ਸ਼ੁਰੂ
ਲੋਕ ਸੰਘਰਸ਼ ਨੂੰ ਬੂਰ ਪਿਆ, ਪੀਯੂ ਰਿਜ਼ਨਲ ਸੈਂਟਰ ਦੀ ਨਵੀਂ ਇਮਾਰਤ ਦਾ ਕੰਮ ਸ਼ੁਰੂ
Publish Date: Fri, 08 May 2026 05:36 PM (IST)
Updated Date: Fri, 08 May 2026 05:38 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : 1998 ਤੋਂ ਕਿਰਾਏ ਦੀ ਨਿੱਕੜੀ ਜਿਹੀ ਅਤੇ ਖਸਤਾਹਾਲ ਇਮਾਰਤ ’ਚ ਚੱਲ ਰਹੇ ਪੰਜਾਬ ਯੂਨੀਵਰਸਿਟੀ ਦੇ ਰਿਜ਼ਨਲ ਸੈਂਟਰ ਵਾਸਤੇ ਨਵੀਂ ਇਮਾਰਤ ਬਣਾਉਣ ਲਈ ਵਿਦਿਆਰਥੀਆਂ ਅਤੇ ਰਿਜ਼ਨਲ ਸੈਂਟਰ ਬਣਾਓ ਮੰਚ ਵੱਲੋਂ ਕੀਤੇ ਸੰਘਰਸ਼ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਸੈਂਟਰ ਵਾਸਤੇ ਸਰਕਾਰੀ ਕਾਲਜ ਕੰਪਲੈਕਸ ਵਿਖੇ ਇਮਾਰਤ ਬਣਨੀ ਸ਼ੁਰੂ ਹੋ ਗਈ ਹੈ। ਹਾਲ ਦੀ ਘੜੀ ਪਹਿਲੇ ਪੜਾਅ ’ਚ 4 ਕ੍ਰੋੜ 70 ਲੱਖ ਰੁਪਏ ਦੀ ਲਾਗਤ ਨਾਲ ਅਕਾਦਮਿਕ ਬਲਾਕ ਬਣ ਰਿਹਾ ਹੈ। ਰਿਜ਼ਨਲ ਸੈਂਟਰ ਦੇ ਡਾਇਰੈਕਟਰ ਡਾ. ਮੁਨੀਸ਼ ਕੁਮਾਰ ਨੇ ਦੱਸਿਆ ਕਿ ਇਸ ਤਿੰਨ ਮੰਜ਼ਿਲੀ ਇਮਾਰਤ ਦਾ ਜ਼ਮੀਨੀ ਬਲਾਕ ਵਾਸਤੇ ਕਰੀਬ ਸਵਾ 7 ਕ੍ਰੋੜ ਰੁਪਏ ਦੀ ਲੋੜ ਹੈ। ਅਲਾਟ ਹੋਏ ਫੰਡ ਨਾਲ ਕਰੀਬ ਪੜ੍ਹਾਈ ਦੇ ਕਮਰੇ ਅਤੇ ਪਖਾਨੇ ਵਗੈਰਾ ਬਣਨਗੇ। ਫਿਰ ਜਿਵੇਂ ਜਿਵੇਂ ਫੰਡ ਆਉਣਗੇ ਇਮਾਰਤ ’ਚ ਵਾਧਾ ਕੀਤਾ ਜਾਵੇਗਾ। ਸਿਆਸੀ ਖਿੱਚਾਧੂਹੀ ਦਾ ਸ਼ਿਕਾਰ ਰਿਹਾ ਰਿਜ਼ਨਲ ਸੈਂਟਰ 2017 ਵਿੱਚ ਗਿੱਦੜਬਾਹਾ ਦੇ ਤਤਕਾਲੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਯੂਨੀਵਰਸਿਟੀ ਦੇ ਮੁਕਤਸਰ ਸਥਿਤ ਰਿਜ਼ਨਲ ਸੈਟਰ ਨੂੰ ਗਿੱਦੜਬਾਹਾ ਹਲਕੇ ਦੇ ਪਿੰਡ ਕਾਉਣੀ ’ਚ ਪੈਂਦੇ ਰੂਰਲ ਸੈਂਟਰ ਵਿੱਚ ਰਲਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਪਰ ਵਿਦਿਆਰਥੀਆਂ ਅਤੇ ਰਿਜ਼ਨਲ ਸੈਂਟਰ ਬਚਾਓ ਮੰਚ ਦੇ ਸੰਘਰਸ਼ ਕਾਰਣ ਉਹ ਸਫਲ ਨਹੀਂ ਹੋ ਸਕੇ। ਸੈਂਟਰ ਮੁਕਤਸਰ ਰਹਿਣ ਤੋਂ ਬਾਅਦ ਅਗਲਾ ਸੰਘਰਸ਼ ਸੀ ਨਵੀਂ ਇਮਾਰਤ ਦਾ। ਇਸ ਵਾਸਤੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਰਕਾਰੀ ਕਾਲਜ ਦੀ ਜ਼ਮੀਨ ’ਚੋਂ ਕਰੀਬ 5 ਕਿਲੇ ਜ਼ਮੀਨ ਰਿਜ਼ਨਲ ਸੈਂਟਰ ਦੇ ਨਾਮ ਤਬਦੀਲ ਕਰਨ ਦੇ ਹੁਕਮ ਦੇ ਦਿੱਤੇ ਸਨ। ਜ਼ਮੀਨ ਟਰਾਂਸਫਰ ਹੋਣ ਤੋਂ ਬਾਅਦ ਕਰੀਬ 3 ਸਾਲ ਪਹਿਲਾਂ ਇਸਦੀ ਚਾਰਦੀਵਾਰੀ ਹੋ ਗਈ ਸੀ ਤੇ ਹੁਣ ਇਮਾਰਤ ਬਣਨ ਲੱਗੀ ਹੈ। ਰਿਜ਼ਨਲ ਸੈਂਟਰ ਬਣਾਓ ਮੰਚ ਦੇ ਆਗੂ ਜਸਕਰਨ ਸਿੰਘ ਬਰਾੜ ਅਤੇ ਗੁਰਸੇਵਕ ਸਿੰਘ ਪ੍ਰੀਤ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਇਸ ਸੈਂਟਰ ਵਾਸਤੇ ਪੂਰੇ ਫੰਡ ਜਾਰੀ ਕਰੇ ਤਾਂ ਜੋ ਇਥੇ ਪੜ੍ਹਣ ਆਉਂਦੇ ਕਰੀਬ ਦੋ ਸੌ ਪਿੰਡਾਂ ਦੇ ਵਿਦਿਆਰਥੀਆਂ ਨੂੰ ਸਹੂਲਤ ਮਿਲ ਸਕੇ। ਰਿਜ਼ਨਲ ਸੈਂਟਰ ਦੇ ਨਿਰਮਾਣ ਵਾਸਤੇ 37 ਕਰੋੜ ਰੁਪਏ ਦੀ ਗਰਾਂਟ ਜਾਰੀ ਕਰਾਉਣ ਲਈ ਪਿਛਲੇ ਦਿਨੀ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਸੀ।