ਦੋਦਾ ’ਚ ਗੈਸ ਨਾ ਮਿਲਣ ’ਤੇ ਫੁੱਟਿਆ ਗੁੱਸਾ, ਕੀਤਾ ਚੱਕਾ ਜਾਮ
ਦੋਦਾ ’ਚ ਗੈਸ ਨਾ ਮਿਲਣ ’ਤੇ ਲੋਕਾਂ ਦਾ ਗੁੱਸਾ ਫੁੱਟਿਆ, ਸੜਕ ਜਾਮ ਕਰ ਕੀਤਾ ਰੋਸ ਪ੍ਰਦਰਸ਼ਨ
Publish Date: Sat, 11 Apr 2026 06:10 PM (IST)
Updated Date: Sat, 11 Apr 2026 06:14 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਦੋਦਾ : ਪਿੰਡ ਦੋਦਾ ਵਿਖੇ ਇੰਡੇਨ ਗੈਸ ਏਜੰਸੀ ਵੱਲੋਂ ਪੰਜ ਦਿਨਾਂ ਤੋਂ ਗੈਸ ਸਿਲੰਡਰ ਨਾ ਦੇਣ ਕਾਰਨ ਲੋਕਾਂ ’ਚ ਭਾਰੀ ਰੋਸ ਪਾਇਆ ਗਿਆ। ਇਸਦੇ ਵਿਰੋਧ ਵਜੋਂ ਭਾਕਿਯੂ ਏਕਤਾ ਉਗਰਾਹਾਂ ਦੇ ਆਗੂਆਂ ਦੀ ਅਗਵਾਈ ਹੇਠ ਕਿਸਾਨਾਂ ਤੇ ਪਿੰਡ ਵਾਸੀਆਂ ਨੇ ਬਠਿੰਡਾ–ਮੁਕਤਸਰ ਸੜਕ ਨੂੰ ਕਰੀਬ ਇੱਕ ਘੰਟੇ ਲਈ ਜਾਮ ਕਰ ਦਿੱਤਾ ਅਤੇ ਪੰਜਾਬ ਸਰਕਾਰ ਤੇ ਗੈਸ ਅਧਿਕਾਰੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਬਲਾਕ ਮੀਤ ਪ੍ਰਧਾਨ ਜੋਗਿੰਦਰ ਸਿੰਘ ਬੁੱਟਰ ਸਰੀਂਹ ਅਤੇ ਕਮੇਟੀ ਮੈਂਬਰ ਹਰਪਾਲ ਸਿੰਘ ਚੀਮਾਂ ਧੂਲਕੋਟ ਦੀ ਅਗਵਾਈ ਹੇਠ 12 ਤੋਂ 1 ਵਜੇ ਤੱਕ ਸੜਕ ਜਾਮ ਰੱਖਿਆ ਗਿਆ। ਆਗੂਆਂ ਨੇ ਦੋਸ਼ ਲਾਇਆ ਕਿ ਗੈਸ ਏਜੰਸੀ ਵੱਲੋਂ ਪਿੰਡ ਦੀਆਂ ਔਰਤਾਂ ਸਮੇਤ ਵੱਡੀ ਗਿਣਤੀ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਖਜਲ-ਖ਼ਵਾਰ ਕੀਤਾ ਜਾ ਰਿਹਾ ਸੀ। ਗੁਰਭਗਤ ਸਿੰਘ ਭਲਾਈਆਣਾ ਨੇ ਕਿਹਾ ਕਿ ਵੱਖ-ਵੱਖ ਬਹਾਨਿਆਂ ਦੇ ਆਧਾਰ ‘ਤੇ ਗੈਸ ਸਪਲਾਈ ਰੋਕੀ ਜਾ ਰਹੀ ਹੈ ਅਤੇ ਛੋਟੇ ਉਪਭੋਗਤਾਵਾਂ ਦਾ ਬਲੈਕ ਕਰਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ, ਜੋ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੌਕੇ ‘ਤੇ ਪੁਲਿਸ ਚੌਂਕੀ ਇੰਚਾਰਜ ਜਸਵਿੰਦਰ ਸਿੰਘ ਅਤੇ ਕੋਟਭਾਈ ਥਾਣਾ ਮੁਖੀ ਦੀਪਕਾ ਰਾਣੀ ਪਹੁੰਚੇ ਅਤੇ ਸਥਿਤੀ ਨੂੰ ਕਾਬੂ ਕੀਤਾ। ਉਨ੍ਹਾਂ ਦੀ ਹਾਜ਼ਰੀ ਵਿੱਚ ਗੈਸ ਏਜੰਸੀ ਪ੍ਰਬੰਧਕਾਂ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਐਤਵਾਰ ਨੂੰ ਜਿਨ੍ਹਾਂ ਉਪਭੋਗਤਾਵਾਂ ਕੋਲ ਪਰਚੀਆਂ ਜਾਂ ਓਟੀਪੀ ਹੋਣਗੇ, ਉਨ੍ਹਾਂ ਨੂੰ ਪਹਿਲ ਦੇ ਆਧਾਰ ‘ਤੇ ਗੈਸ ਸਿਲੰਡਰ ਦਿੱਤੇ ਜਾਣਗੇ। ਆਗੂਆਂ ਨੇ ਇਸਨੂੰ ਸੰਘਰਸ਼ ਦੀ ਜਿੱਤ ਕਰਾਰ ਦਿੰਦਿਆਂ ਸਾਰੇ ਹਾਜ਼ਰ ਲੋਕਾਂ ਅਤੇ ਗੈਸ ਉਪਭੋਗਤਾਵਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਿੱਟੂ ਸਿੰਘ ਮੱਲਣ, ਨੱਥੂ ਸਿੰਘ ਢਿੱਲੋਂ, ਰੇਸ਼ਮ ਸਿੰਘ ਮੱਲਣ, ਰਣਜੀਤ ਸਿੰਘ ਦੋਦਾ ਸਮੇਤ ਵੱਡੀ ਗਿਣਤੀ ’ਚ ਕਿਸਾਨ, ਮਜ਼ਦੂਰ ਅਤੇ ਔਰਤਾਂ ਵੀ ਮੌਜੂਦ ਸਨ।