ਪੰਜਾਬ ਵਾਸੀ ਮੁੜ ਅਕਾਲੀ ਦਲ ਨੂੰ ਯਾਦ ਕਰਨ ਲੱਗੇ : ਬਰਾੜ
ਪੰਜਾਬ ਵਾਸੀ ਮੁੜ ਸ਼੍ਰੋਮਣੀ ਅਕਾਲੀ ਦਲ ਨੂੰ ਯਾਦ ਕਰਨ ਲੱਗੇ : ਮਨਤਾਰ ਸਿੰਘ ਬਰਾੜ
Publish Date: Mon, 04 May 2026 05:15 PM (IST)
Updated Date: Tue, 05 May 2026 04:05 AM (IST)

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ, ਪੰਜਾਬ ਦੇ ਸਾਬਕਾ ਚੀਫ਼ ਪਾਰਲੀਮਾਨੀ ਸਕੱਤਰ, ਸ਼੍ਰੋਮਣੀ ਅਕਾਲੀ ਦਲ ਦਿਹਾਤੀ ਜ਼ਿਲ੍ਹਾ ਫ਼ਰੀਦਕੋਟ ਦੇ ਸਾਬਕਾ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਇੱਥੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕੀ ਹੁਣ ਭਗਵੰਤ ਸਿੰਘ ਮਾਨ ਦੀ ‘ਆਪ’ ਸਰਕਾਰ ਤੋਂ ਨਿਰਾਸ਼ ਚੱਲ ਰਹੇ ਹਨ ’ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਜੋ ਵਿਕਾਸ ਕਾਰਜ ਤੇ ਭਲਾਈ ਸਕੀਮਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਲਾਗੂ ਹੋਈਆਂ ਉਨ੍ਹਾਂ ਦੀ ਮਿਸਾਲ ਕਿਤੇ ਵੀ ਨਹੀਂ ਮਿਲਦੀ। ਭਾਵੇਂ ਸੂਬੇ ਅੰਦਰ ਕਾਂਗਰਸ ਅਤੇ ‘ਆਪ’ ਦੀਆਂ ਸਰਕਾਰਾਂ ਹੋਂਦ ਵਿਚ ਆਈਆਂ, ਪਰ ਕੋਈ ਵੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਪੰਜਾਬ ਹਿਤੈਸ਼ੀ ਕਾਰਜਾਂ ਦਾ ਰਿਕਾਰਡ ਨਹੀਂ ਤੋੜ ਸਕੀ। ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਏ ਵਿਕਾਸ ਕਾਰਜਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਚੱਪੜਚਿੜੀ, ਵਿਰਾਸਤ-ਏ-ਖ਼ਾਲਸਾ ਬਣਾਇਆ, ਛੋਟਾ-ਵੱਡਾ ਘੱਲੂਘਾਰਾ, ਜੰਗੇ ਆਜ਼ਾਦੀ, ਸ਼੍ਰੀ ਦਰਬਾਰ ਸਾਹਿਬ ਗਲਿਆਰਾ, ਵਿਰਾਸਤੀ ਮਾਰਗ ਯਾਦਗਾਰਾਂ ਬਣਾਈਆਂ ਅਤੇ ਗੋਲਡਨ ਗੇਟ ਬਣਾਏ ਗਏ। ਇਸ ਤੋਂ ਇਲਾਵਾ ਵਾਰ ਮੈਮੋਰੀਅਲ, ਸਾਇੰਸ ਸਿਟੀ ਜਲੰਧਰ ਬਣਾਈਆਂ, ਲੋੜਵੰਦਾਂ ਲਈ ਆਟਾ-ਦਾਲ ਸਕੀਮ ਚਲਾਈ ਗਈ, ਬੁਢਾਪਾ ਵਿਧਵਾ ਪੈਨਸ਼ਨਾਂ ਲਾਈਆਂ, ਪਿੰਡਾਂ ਵਿਚ ਸੇਵਾ ਕੇਂਦਰ ਬਣਾਏ, ਸੁਵਿਧਾ ਤੇ ਫਰਦ ਕੇਂਦਰ ਬਣਾਏ, ਮੁਫ਼ਤ ਬਿਜਲੀ ਦਿੱਤੀ, ਮੋਟਰਾਂ ਦੇ ਬਿੱਲ ਮੁਆਫ਼ ਕੀਤੇ, ਨਹਿਰੀ ਪਾਣੀ ਦਾ ਮਾਮਲਾ ਮੁਆਫ਼ ਕੀਤਾ, ਟਿਊਬਵੈਲਾਂ ਦੇ ਕੁਨੈਕਸ਼ਨ ਦਿੱਤੇ, ਪੰਜਾਬ ਦੀਆਂ ਧੀਆਂ ਨੂੰ ਸ਼ਗਨ ਸਕੀਮ ਦਿੱਤੀ, ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਪਿੰਡਾਂ-ਸ਼ਹਿਰਾਂ ਨੂੰ ਵੱਡੀਆਂ-ਵੱਡੀਆਂ ਗ੍ਰਾਂਟਾਂ ਦਿੱਤੀਆਂ, ਮੋਹਾਲੀ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅੰਤਰਰਾਸ਼ਟਰੀ ਏਅਰਪੋਰਟ ਬਣਾਏ, ਚਾਰ ਡੈਮੇਸਟਿਕ ਏਅਰਪੋਰਟ ਬਣਾਏ, ਮੋਹਾਲੀ ਵਿਖੇ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਬਣਾਇਆ, ਲੱਖਾਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ, ਕਿਸਾਨਾਂ ਦੇ ਟਰੈਕਟਰ ਨੂੰ ਗੱਡੇ ਦਾ ਦਰਜਾ ਦੇ ਕੇ ਟੈਕਸ ਮੁਕਤ ਕੀਤਾ। ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਅੱਗ ਕਿਹਾ ਕਿ ਹੋਰ ਵੀ ਅਜਿਹੇ ਕਾਰਜ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਏ ਜਿਹਨਾਂ ਨੂੰ ਲੋਕ ਅੱਜ ਵੀ ਯਾਦ ਕਰ ਰਹੇ ਹਨ। ਉਨ੍ਹਾਂ ਪੰਜਾਬ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਹੇਠਲੇ ਪੱਧਰ ’ਤੇ ਮਜ਼ਬੂਤ ਕਰਕੇ ਅੱਗੇ ਲਿਆਉਣ ਤਾਂ ਜੋ ਸੂਬੇ ਨੂੰ ਮੁੜ ਖੁਸ਼ਹਾਲੀ ਵੱਲ ਲਿਜਾਇਆ ਜਾ ਸਕੇ।