ਕਾਂਗਰਸੀ ਉਮੀਦਵਾਰ ਬਾਗੀ ਸ਼ਰਮਾ ਨੂੰ ਲੋਕਾਂ ਨੇ ਦਿੱਤਾ ਭਾਰੀ ਸਮਰਥਨ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਜੈਤੋ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਭੱਖ ਚੁੱਕਿਆ ਹੈ ਅਤੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਵੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਸਥਾਨਕ ਵਾਰਡ ਨੰਬਰ-10 ਵਿਚ ਵੀ ਵੱਖ-ਵੱਖ ਉਮੀਦਵਾਰਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨਾਲ ਵੱਡੇ ਵਾਅਦੇ ਕਰਦੇ ਹੋਏ ਵੋਟਾਂ ਮੰਗੀਆਂ ਜਾ ਰਹੀਆਂ ਹਨ। ਵਾਰਡ ਨੰਬਰ-10 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦਿਲਬਾਗ ਸ਼ਰਮਾ ਉਰਫ਼ ‘ਬਾਗੀ ਸ਼ਰਮਾ’ ਵੀ ਲੋਕਾਂ ’ਚ ਵਿਚਰ ਰਹੇ ਹਨ। ਉਨ੍ਹਾਂ ਵੱਲੋਂ ਮਹਾਂਵੀਰ ਪਾਰਕ, ਜਿੰਦਲ ਕਲੋਨੀ, ਦੀਨੇ ਦੁੱਧ ਵਾਲੀ ਗਲੀ ਅਤੇ ਗਾਊਸ਼ਾਲਾ ਰੋਡ ਵਿਚ ਆਪਣੇ ਕਾਂਗਰਸੀ ਆਗੂਆਂ, ਵਰਕਰਾਂ ਅਤੇ ਸਮਰਥਕਾਂ ਨਾਲ ਪ੍ਰਚਾਰ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ ਭਾਰੀ ਸਮਰਥਨ ਮਿਲਦਾ ਹੋਇਆ ਦਿਖਾਈ ਦੇ ਰਿਹਾ ਹੈ। ਵਾਰਡ ਵਾਸੀਆਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕਰਦੇ ਹੋਏ ਆਪਣੇ ਵਾਰਡ ਦੀਆਂ ਸਮੱਸਿਆਵਾਂ ਉਨ੍ਹਾਂ ਦੇ ਸਾਹਮਣੇ ਰੱਖੀਆਂ। ਚੋਣ ਪ੍ਰਚਾਰ ਦੌਰਾਨ ਬਾਗੀ ਸ਼ਰਮਾ ਨੇ ਕਿਹਾ ਕਿ ਵਾਰਡ ’ਚ ਬੀਤੇ ਲੰਬੇ ਸਮੇਂ ਤੋਂ ਲੋਕ ਵੱਡੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ ਅਤੇ ਉਨ੍ਹਾਂ ਦਾ ਅੱਜ ਤੱਕ ਹੱਲ ਨਹੀਂ ਹੋਇਆ। ਟੁੱਟੀਆਂ ਸੜਕਾਂ, ਬੰਦ ਪਏ ਸੀਵਰੇਜ, ਕੂੜੇ ਦੇ ਢੇਰ, ਸਟਰੀਟ ਲਾਈਟਾਂ, ਬਿਜਲੀ ਤੋਂ ਇਲਾਵਾ ਸੀਵਰੇਜ ਦਾ ਗੰਦਾ ਪਾਣੀ ਆਮ ਹੀ ਖੜਾ ਭਿਆਨਕ ਬਿਮਾਰੀਆਂ ਦਾ ਸੱਦਾ ਦਿੰਦਾ ਦਿਖਾਈ ਦਿੰਦਾ ਹੈ ਅਤੇ ਹੁਣ ਸਮਾਂ ਬਦਲਾਅ ਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਵਾਰਡ ਵਾਸੀ ਉਨ੍ਹਾਂ ਨੂੰ ਮੌਕਾ ਦਿੰਦੇ ਹਨ ਤਾਂ ਵਾਰਡ ਦਾ ਵਿਕਾਸ ਜੰਗੀ ਪੱਧਰ ’ਤੇ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜਨੀਤੀ ਕੇਵਲ ਚੋਣ ਜਿੱਤਣ ਦਾ ਹੀ ਮਕਸਦ ਹੀ ਨਹੀਂ ਹੈ ਬਲਕਿ ਜਨਤਾ ਦੀ ਸੇਵਾ ਕਰਨਾ ਹੈ। ਉਨ੍ਹਾਂ ਕਿਹਾ ਕਿ ਵਾਰਡ ਦੇ ਵਿਕਾਸ ਲਈ ਪਾਰਦਰਸ਼ੀ ਅਤੇ ਜਵਾਬਦੇਹੀ ਲਾਗੂ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਹਰ ਸੁਵਿਧਾ ਮਿਲ ਸਕੇ। ਚੋਣ ਪ੍ਰਚਾਰ ਦੌਰਾਨ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਪਵਨ ਗੋਇਲ, ਪੰਜਾਬ ਕਾਂਗਰਸ ਦੇ ਸਾਬਕਾ ਸਕੱਤਰ ਮਿਹਰ ਸਿੰਘ ਕਰੀਰਵਾਲੀ, ਮਾਰਕੀਟ ਕਮੇਟੀ ਜੈਤੋ ਦੇ ਸਾਬਕਾ ਚੇਅਰਮੈਨ ਸਿਕੰਦਰ ਸਿੰਘ ਮੜ੍ਹਾਕ, ਮਾਰਕੀਟ ਕਮੇਟੀ ਜੈਤੋ ਦੇ ਸਾਬਕਾ ਵਾਈਸ ਚੇਅਰਮੈਨ ਜਗਦੀਸ਼ ਰਾਏ ਗਰਗ ਘਣੀਆਂ, ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ ‘ਸ਼ੰਮ੍ਹੀ ਰੰਧਾਵਾ’ ਭਗਤੂਆਣਾ, ਸਾਬਕਾ ਕੌਂਸਲਰ ਵਿਕਾਸ ਸਿੰਗਲਾ ‘ਘੰਟੀ ਡੋਡ’, ਕਾਂਗਰਸੀ ਆਗੂ ਟੋਨੀ ਡੋਡ, ਪਰਵੀਨ ਸਿੰਗਲਾ ‘ਪੀਨਾ’ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਉਨ੍ਹਾਂ ਦੇ ਨਾਲ ਸਨ ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਬਾਗੀ ਸ਼ਰਮਾ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਹਨ। ਬਾਗੀ ਸ਼ਰਮਾ ਨੇ ਕਿਹਾ ਕਿ ਵਾਰਡ ਨੰਬਰ-10 ਨੂੰ ਇੱਕ ਆਦਰਸ਼ ਵਾਰਡ ਬਣਾਇਆ ਜਾਵੇਗਾ ਅਤੇ ਸਫ਼ਾਈ ਸੀਵਰੇਜ, ਪੀਣ ਵਾਲਾ ਪਾਣੀ, ਸਟਰੀਟ ਲਾਈਟਾਂ, ਸੜਕਾਂ ਵਰਗੀਆਂ ਸੁਵਿਧਾਵਾਂ ਨੂੰ ਪਹਿਲ ਦਿੱਤੀ ਜਾਵੇਗੀ। ਚੋਣ ਪ੍ਰਚਾਰ ਦੌਰਾਨ ਵਾਰਡ ਵਿਚ ਬਾਗੀ ਸ਼ਰਮਾ ਪ੍ਰਤੀ ਭਾਰੀ ਉਤਸ਼ਾਹ ਦਿਖਾਈ ਦਿੱਤਾ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਵਿਕਾਸ ਤੇ ਬਦਲਾਅ ਦੇ ਨਾਅਰਿਆਂ ਦੇ ਨਾਲ ਮਾਹੌਲ ਨੂੰ ਪੂਰੀ ਤਰ੍ਹਾਂ ਚੋਣਾਂ ਦੇ ਰੰਗ ਵਿਚ ਰੰਗ ਦਿੱਤਾ।