ਬਿਜਲੀ ਕੱਟਾਂ ਤੋਂ ਦੁਖੀ ਲੋਕਾਂ ਨੇ ਕੀਤੀ ਨਾਅਰੇਬਾਜ਼ੀ
ਨਿੱਤ ਲੱਗ ਰਹੇ ਲੰਮੇ ਬਿਜਲੀ ਕੱਟਾਂ ਨੂੰ ਲੈ ਕੇ
Publish Date: Sat, 18 Apr 2026 04:43 PM (IST)
Updated Date: Sun, 19 Apr 2026 04:04 AM (IST)

ਕਾਕਾ ਰਾਮੂੰਵਾਲਾ ਪੰਜਾਬੀ ਜਾਗਰਣ ਚੜਿੱਕ : ਨਿੱਤ ਲੱਗ ਰਹੇ ਲੰਮੇ ਬਿਜਲੀ ਕੱਟਾਂ ਨੂੰ ਲੈ ਕੇ ਪਿੰਡਾਂ ਦੇ ਲੋਕਾਂ ਅੰਦਰ ਪਾਈ ਜਾ ਰਹੀ ਬੇਚੈਨੀ ਉਸ ਸਮੇਂ ਲਾਵੇ ਦਾ ਰੂਪ ਧਾਰਨ ਕਰ ਗਈ ਜਦ ਸੁਭਾ ਦੀ ਗਈ ਲਾਈਟ ਰਾਤ ਤੱਕ ਨਾ ਆਈ ਤਾਂ ਪਾਵਰਕਾਮ ਦੇ ਰਾਮੂੰਵਾਲਾ ਨਵਾਂ 66 ਕੇ.ਵੀ ਸਬ-ਸਟੇਸ਼ਨ ਅੰਦਰ ਪਿੰਡਾਂ ਦੇ ਲੋਕ ਵੜ ਗਏ ਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਤਾਂ ਲੋਕਾਂ ਦੇ ਰੋਹ ਨੂੰ ਵੇਖਦਿਆਂ ਜੋ ਰਾਤ ਦਸ ਵਜੇ ਤੱਕ ਜੋ ਕੱਟ ਦਾ ਸ਼ਡਿਊਲ ਸੀ ਨੂੰ ਬਦਲ ਕੇ ਸਵਾ ਨੌਂ ਵਜੇ ਲਾਈਟ ਛੱਡ ਦਿੱਤੀ ਗਈ। ਇਸ ਮੌਕੇ ਸਬ-ਸਟੇਸ਼ਨ ਤੇ ਰਾਤ ਦੀ ਡਿਊਟੀ ਤੇ ਤਾਇਨਾਤ ਮੁਲਾਜ਼ਮ ਗੋਪਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਤਾਂ ਹੁਕਮ ਦੇ ਬੱਝੇ ਹੋਏ ਹਨ ਤੇ ਉਪਰੋਂ ਆ ਰਹੇ ਹੁਕਮਾਂ ਮੁਤਾਬਿਕ ਹੀ ਬਿਜਲੀ ਕੱਟ ਲਾਇਆ ਜਾ ਰਿਹਾ ਹੈ ਅਗਰ ਉਪਰੋਂ ਹੁਕਮ ਆ ਗਿਆ ਤਾਂ ਉਹ ਬਿਜਲੀ ਸਪਲਾਈ ਚਲਾ ਦੇਣਗੇ ਇਸ ਲਈ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਜਾਵੇ । ਇਸ ਮੌਕੇ ਪਿੰਡ ਰਾਮੂੰਵਾਲਾ ਨਵਾਂ ਦੇ ਸਾਬਕਾ ਸਰਪੰਚ ਤੇ ਮੌਜ਼ੂਦਾ ਨੰਬਰਦਾਰ ਚਮਕੌਰ ਸਿੰਘ ਨੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਪਹਿਲਾਂ ਤਾਂ ਉਹ ਕਣਕ ਦਾ ਸੀਜ਼ਨ ਹੋਣ ਦਾ ਬਹਾਨਾ ਲਾ ਕੇ ਲਾਰੇ ਲਾਉਂਦੇ ਰਹੇ ਪਰ ਜਦ ਆਖਿਰ ਇਕੱਤਰ ਲੋਕਾਂ ਦੇ ਫੈਸਲੇ ਕਿ ਮੁਲਾਜ਼ਮਾਂ ਨੂੰ ਬਾਹਰ ਕੱਢ ਕੇ ਗਰਿੱਡ ਨੂੰ ਜਿੰਦਰਾ ਲਗਾਇਆ ਜਾਵੇਗਾ ਤਾਂ ਆਖਿਰਕਾਰ ਬਿਜਲੀ ਸਪਲਾਈ ਚਾਲੂ ਕਰਨੀ ਪਈ ਜੋ ਰਾਤ ਭਰ ਨਿਰਵਿਘਨ ਚੱਲੀ। ਇਸ ਸਬੰਧੀ ਜਦ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤੇ ਦੱਸਿਆ ਗਿਆ ਕਿ ਲੋਕ ਪਾਵਰ ਗਰਿੱਡ ਅੰਦਰ ਵੜ ਚੁੱਕੇ ਹਨ ਤਾਂ ਉਨ੍ਹਾਂ ਕਿਹਾ ਕਿ ਕਣਕ ਦੀ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ ਕੋਈ ਮਾੜੀ ਘਟਨਾ ਨਾ ਵਾਪਰੇ ਇਸ ਲਈ ਲਾਈਟ ਦੇ ਕੱਟ ਲੱਗ ਰਹੇ ਹਨ ਦੋ-ਚਾਰ ਦਿਨਾਂ ਅੰਦਰ ਸਥਿਤੀ ਆਮ ਵਾਂਗ ਹੋ ਜਾਵੇਗੀ ਇਸ ਮੌਕੇ ਇਕੱਤਰ ਲੋਕਾਂ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਹਰ ਸਾਲ ਕਣਕ ਦੀ ਵਾਢੀ ਵੇਲੇ ਸੁਭਾ ਦਸ ਵਜੇ ਤੋਂ ਸ਼ਾਮ ਕਰੀਬ ਛੇ ਵਜੇ ਤੱਕ ਕੱਟ ਲਗਦੇ ਰਹੇ ਹਨ ਪਰ ਹੁਣ ਪਹਿਲੀ ਵਾਰ ਹੈ ਕਿ ਰਾਤ ਦੇ ਬਾਰਾਂ ਇਕ ਵਜੇ ਤੱਕ ਕੱਟ ਲਗਦੇ ਹਨ ਤੇ ਸੁਭਾ ਕਦੇ ਸੱਤ ਵਜੇ ਕਦੇ ਅੱਠ ਵਜੇ ਕੱਟਾਂ ਦਾ ਕੋਈ ਹਿਸਾਬ ਹੀ ਨਹੀਂ ਹੈ ਜੋ ਕਿ ਬਿਲਕੁਲ ਗਲਤ ਹੈ।