ਸ੍ਰੀ ਗੁਰੂ ਗੋਬਿੰਦ ਸਿੰਘ ਪਾਰਕ ਬਦਹਾਲੀ ਦਾ ਸ਼ਿਕਾਰ ਲੋਕ ਪਰੇਸ਼ਾਨ
ਸ੍ਰੀ ਗੁਰੂ ਗੋਬਿੰਦ ਸਿੰਘ ਪਾਰਕ ਬਦਹਾਲੀ ਦਾ ਸ਼ਿਕਾਰ ਲੋਕ ਪ੍ਰੇਸ਼ਾਨ
Publish Date: Sun, 26 Apr 2026 04:29 PM (IST)
Updated Date: Mon, 27 Apr 2026 04:05 AM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ :ਸਥਾਨਕ ਕੋਟਕਪੂਰਾ ਰੋਡ ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਪਾਰਕ ’ਚ ਰੋਜ਼ਾਨਾ ਸੈਂਕੜੇ ਲੋਕ ਸਵੇਰੇ-ਸ਼ਾਮ ਸੈਰ ਕਰਨ ਆਉਂਦੇ ਹਨ ਪਰ ਇਸ ਸਮੇਂ ਪਾਰਕ ਦੀ ਹਾਲਤ ਬੇਹੱਦ ਖਸਤਾ ਹੈ। ਸੈਰ ਲਈ ਆਉਣ ਵਾਲੇ ਲੋਕਾਂ ਨੇ ਪਾਰਕ ਦੀ ਬਦਹਾਲੀ ਤੇ ਕੋਟਕਪੂਰਾ ਰੋਡ ’ਤੇ ਵਾਰ-ਵਾਰ ਹੋ ਰਹੀ ਸੜਕ ਦੀ ਪੁਟਾਈ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਾਰਕ ’ਚ ਓਪਨ ਜਿਮ ਦੀਆਂ ਮਸ਼ੀਨਾਂ ਟੁੱਟ ਚੁੱਕੀਆਂ ਹਨ, ਜਿਸ ਕਾਰਨ ਕਸਰਤ ਕਰਨੀ ਮੁਸ਼ਕਲ ਹੋ ਰਹੀ ਹੈ। ਇਸ ਤੋਂ ਇਲਾਵਾ ਸਫ਼ਾਈ ਵਿਵਸਥਾ ਦਾ ਬੁਰਾ ਹਾਲ ਹੈ ਤੇ ਰੁੱਖਾਂ-ਪੌਦਿਆਂ ਦੀ ਸੰਭਾਲ ਨਹੀਂ ਕੀਤੀ ਜਾ ਰਹੀ। ਮਹਿਲਾ ਵਾਸ਼ਰੂਮ ਨਹੀਂ ਹਨ ਤੇ ਅਵਾਰਾ ਕੁੱਤੇ ਝੁੰਡ ਬਣਾ ਕੇ ਘੁੰਮਦੇ ਰਹਿੰਦੇ ਹਨ। ਲੋਕਾਂ ਨੇ ਕੋਟਕਪੂਰਾ ਰੋਡ ’ਤੇ ਪਾਈਪਾਂ ਪਾਉਣ ਦੇ ਨਾਂ ’ਤੇ ਵਾਰ-ਵਾਰ ਕੀਤੀ ਜਾ ਰਹੀ ਪੁਟਾਈ ਤੇ ਵੀ ਰੋਸ ਜਤਾਇਆ। ਸੜਕ ’ਤੇ ਧੂੜ-ਮਿੱਟੀ ਉੱਡ ਰਹੀ ਹੈ, ਜਿਸ ਕਾਰਨ ਆਸ-ਪਾਸ ਦੇ ਦੁਕਾਨਦਾਰਾਂ ਤੇ ਰਿਹਾਇਸ਼ੀ ਲੋਕਾਂ ਦਾ ਜੀਣਾ ਮੁਸ਼ਕਲ ਹੈ। ਲੋਕਾਂ ਨੇ ਮੰਗ ਕੀਤੀ ਕਿ ਪਾਈਪਾਂ ਪਾਉਣ ਦਾ ਕੰਮ ਇੱਕੋ ਵਾਰ ਮੁਕੰਮਲ ਕੀਤਾ ਜਾਵੇ। -ਪਾਰਕ ਦੀਆਂ ’ਚ ਬੁਨਿਆਦੀ ਸਹੂਲਤਾਂ ਦੀ ਘਾਟ- ਸੈਰ ਲਈ ਆਉਣ ਵਾਲੀ ਸ਼ਿੰਦਰ ਪਾਲ ਕੌਰ ਨੇ ਦੱਸਿਆ ਕਿ ਪਾਰਕ ’ਚ ਮਹਿਲ ਵਾਸ਼ਰੂਮ ਦਾ ਕੋਈ ਪ੍ਰਬੰਧ ਨਹੀਂ ਤੇ ਪੀਣ ਵਾਲਾ ਸਾਫ਼ ਪਾਣੀ ਵੀ ਨਹੀਂ ਹੈ। ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਲੀਹੋਂ ਲੱਥੀ ਹੋਈ ਹੈ। ਮਹਿਲਾ ਰਿਤੂ ਝਾਂਬ ਨੇ ਦੱਸਿਆ ਕਿ ਉਹ ਹਰ ਰੋਜ਼ ਪਾਰਕ ’ਚ ਸੈਰ ਲਈ ਆਉਂਦੇ ਨੇ ਪਰ ਜਿੰਮ ਮਸ਼ੀਨਾਂ ਟੁੱਟਣ ਕਾਰਨ ਕਸਰਤ ਨਹੀਂ ਕਰ ਪਾ ਰਹੇ। -ਟਰੈਕ ਦੀ ਹਾਲਤ ਖ਼ਰਾਬ- ਸਾਬਕਾ ਪ੍ਰਿੰਸੀਪਲ ਭਾਰਤ ਭੂਸ਼ਣ ਨੇ ਦੱਸਿਆ ਕਿ ਪਾਰਕ ’ਚ ਨਸ਼ੇੜੀ ਤੇ ਚੋਰ ਘੁੰਮਦੇ ਰਹਿੰਦੇ ਹਨ ਤੇ ਪਾਰਕ ਦਾ ਸਾਮਾਨ ਲਗਾਤਾਰ ਚੋਰੀ ਹੋ ਰਿਹਾ ਹੈ। ਪ੍ਰਸ਼ਾਸਨ ਦੀ ਅਣਦੇਖੀ ਕਾਰਨ ਪਾਰਕ ਦੀ ਹਾਲਤ ਨਿਰੰਤਰ ਵਿਗੜ ਰਹੀ ਹੈ। ਤਿਲਕ ਨਗਰ ਵਾਸੀ ਪਿੰਕੀ ਨੇ ਦੱਸਿਆ ਕਿ ਸ਼ਾਮ ਹੁੰਦੇ ਹੀ ਪਾਰਕ ਦੀਆਂ ਲਾਈਟਾਂ ਬੰਦ ਰਹਿੰਦੀਆਂ ਹਨ, ਜਿਸ ਕਾਰਨ ਔਰਤਾਂ ਨੂੰ ਪਰੇਸ਼ਾਨੀ ਹੁੰਦੀ ਹੈ। ਪਾਰਕ ’ਚ ਜੌਗਿੰਗ ਟਰੈਕ ਵੀ ਟੁੱਟਿਆ ਪਿਆ ਹੈ। ਰਾਜੀਵ ਦਾਬੜਾ ਨੇ ਦੱਸਿਆ ਕਿ ਮਹੀਨਾ ਪਹਿਲਾਂ ਸੀਵਰੇਜ ਪਾਈਪ ਲਈ ਸੜਕ ਪੁੱਟੀ ਗਈ ਸੀ, ਜਿਸ ’ਤੇ ਹੁਣ ਸਿਰਫ਼ ਮਿੱਟੀ ਪਾ ਦਿੱਤੀ ਗਈ ਹੈ। ਧੂੜ ਕਾਰਨ ਰਾਹਗੀਰਾਂ ਦਾ ਜੀਣਾ ਮੁਹਾਲ ਹੈ। ਹੁਣ ਵਾਟਰ ਸਪਲਾਈ ਦੀਆਂ ਪਾਈਪਾਂ ਲਈ ਮੁੜ ਸੜਕ ਪੁੱਟੀ ਜਾਵੇਗੀ। ਭਾਜਪਾ ਆਗੂ ਰਾਜ ਕੁਮਾਰ ਭਟੇਜਾ ਨੇ ਕਿਹਾ ਕਿ ਵਿਕਾਸ ਦੇ ਨਾਂ ਤੇ ਲੋਕਾਂ ਨੂੰ ਪਰੇਸ਼ਾਨ ਕਰਨਾ ਅਧਿਕਾਰੀਆਂ ਦੀ ਲਾਪਰਵਾਹੀ ਹੈ। ਸੜਕ ਤੇ ਮਲਬੇ ਦੇ ਢੇਰ ਹਾਦਸਿਆਂ ਨੂੰ ਸੱਦਾ ਦਿੰਦੇ ਹਨ। ਉਨ੍ਹਾਂ ਵਿਧਾਇਕ ਨੂੰ ਅਪੀਲ ਕੀਤੀ ਕਿ ਅਧਿਕਾਰੀਆਂ ਤੇ ਸਖ਼ਤੀ ਕੀਤੀ ਜਾਵੇ। ਲੋਕਾਂ ਨੇ ਮੰਗ ਕੀਤੀ ਹੈ ਕਿ ਔਰਤਾਂ ਲਈ ਵਾਸ਼ਰੂਮ, ਪੀਣ ਵਾਲਾ ਪਾਣੀ, ਨਿਯਮਤ ਸਫ਼ਾਈ, ਜਿੰਮ ਦੀ ਮੁਰੰਮਤ ਤੇ ਸੁਰੱਖਿਆ ਗਾਰਡ ਤਾਇਨਾਤ ਕੀਤੇ ਜਾਣ।