ਜਨਗਣਨਾ-2027 ਤਹਿਤ ਸੈਲਫ਼ ਇਨਿਊਮਰੇਸ਼ਨ ਦਾ ਖੁੱਲ਼੍ਹਿਆ ਲਿੰਕ
ਜਨਗਣਨਾ 2027 ਤਹਿਤ ਸੈਲਫ਼
Publish Date: Thu, 30 Apr 2026 04:09 PM (IST)
Updated Date: Fri, 01 May 2026 04:05 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਜਨਗਣਨਾ 2027 ਤਹਿਤ ਸੈਲਫ਼ ਇਨਿਊਮਰੇਸ਼ਨ ਦਾ ਪੋਰਟਲ 14 ਮਈ ਤੱਕ ਖੋਲ੍ਹ ਦਿੱਤਾ ਗਿਆ ਹੈ ਜਿਸ ਜ਼ਰੀਏ ਜ਼ਿਲ੍ਹਾ ਵਾਸੀ ਜਨਗਣਨਾ ਤਹਿਤ ਆਪਣੀ ਜਾਣਕਾਰੀ ਖੁਦ ਭਰ ਸਕਣਗੇ। ਖ਼ੁਦ ਜਾਣਕਾਰੀ ਭਰਨ ਦੇ ਆਪਸ਼ਨ ਵਾਲੀ ਇਹ ਦੇਸ਼ ਦੀ ਪਹਿਲੀ ਡਿਜ਼ੀਟਲ ਜਨਗਣਨਾ ਹੈ। ਉਨ੍ਹਾਂ ਕਿਹਾ ਕਿ ਪੋਰਟਲ ਰਾਹੀਂ, ਇਸ ਜਾਣਕਾਰੀ ਨੂੰ ਭਰਿਆ ਜਾ ਸਕਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਵੱਧ ਤੋਂ ਵੱਧ ਲੋਕ ਇਸ ਆਪਸ਼ਨ ਦਾ ਲਾਭ ਲੈਣ। ਸਵੈ-ਗਣਨਾ (ਸੈਲਫ਼ ਇਨਿਊਮਰੇਸ਼ਨ) ਇਕ ਅਜਿਹੀ ਸਹੂਲਤ ਹੈ ਜਿਸ ਰਾਹੀਂ ਆਮ ਲੋਕ ਜਨਗਣਨਾ ਮੁਲਾਜ਼ਮਾਂ ਦੇ ਘਰ ਆਉਣ ਦਾ ਇੰਤਜ਼ਾਰ ਕੀਤੇ ਬਿਨ੍ਹਾਂ ਖੁਦ ਆਪਣੀ ਜਾਣਕਾਰੀ ਸਰਕਾਰੀ ਪੋਰਟਲ ਤੇ ਦਰਜ ਕਰ ਸਕਦੇ ਹਨ। ਪਹਿਲਾਂ ਇਹ ਕੰਮ ਸਿਰਫ਼ ਕਾਗਜ਼ੀ ਫਾਰਮਾਂ ਰਾਹੀਂ ਹੁੰਦਾ ਸੀ ਪਰ ਹੁਣ ਤੁਸੀਂ ਆਪਣੇ ਮੋਬਾਈਲ ਜਾਂ ਕੰਪਿਊਟਰ ਰਾਹੀਂ ਘਰ ਬੈਠੇ ਹੀ ਆਪਣਾ ਅਤੇ ਆਪਣੇ ਪਰਿਵਾਰ ਦਾ ਵੇਰਵਾ ਆਨਲਾਈਨ ਭਰ ਸਕਦੇ ਹੋ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਦੀ ਪ੍ਰਕਿਰਿਆ ਬਹੁਤ ਸੌਖੀ ਹੈ। ਅਧਿਕਾਰਤ ਪੋਰਟਲ’ਤੇ ਜਾ ਕੇ ਆਪਣੇ ਮੋਬਾਇਲ ਨੰਬਰ ਤੋਂ ਓਟੀਪੀ ਨਾਲ ਲੌਗਇੰਨ ਕਰਕੇ ਆਪਣਾ ਸੂਬਾ ਜ਼ਿਲ੍ਹਾ ਤੇ ਸਥਾਨਕ ਵੇਰਵਾ ਚੁਣੋ। ਡਿਜ਼ੀਟਲ ਮੈਪ ਉੱਪਰ ਆਪਣੇ ਘਰ ਦਾ ਸਥਾਨ ਟਿੱਕ ਕਰੋ ਇਸ ਤੋਂ ਬਾਅਦ ਮਕਾਨ ਅਤੇ ਪਰਿਵਾਰ ਨਾਲ ਸਬੰਧਤ ਜਾਣਕਾਰੀ ਭਰੋ। ਸਬਮਿਸ਼ਨ ਤੋਂ ਬਾਅਦ ਐੱਸਈਆਈਡੀ ਮਿਲੇਗੀ ਇਸ ਆਈਡੀ ਨੂੰ ਸੁਰੱਖਿਅਤ ਰੱਖੋ। ਜਦੋਂ ਜਨਗਣਨਾ ਮੁਲਾਜ਼ਮ ਘਰ ਆਵੇਗਾ ਤਾਂ ਨਾਗਰਿਕ ਨੂੰ ਸਿਰਫ਼ ਇਹ ਆਈਡੀ ਦਿਖਾਉਣੀ ਹੋਵੇਗੀ। ਇਸ ਨਾਲ ਜਾਣਕਾਰੀ ਦੀ ਤਸਦੀਕ ਹੋ ਜਾਵੇਗੀ ਤੇ ਦੁਬਾਰਾ ਫਾਰਮ ਭਰਨ ਦੀ ਲੋੜ ਨਹੀਂ ਪਵੇਗੀ। ਡਿਪਟੀ ਕਮਿਸ਼ਨਰ ਦੇ ਦੱਸਿਆ ਕਿ 15 ਮਈ ਤੋਂ 13 ਜੂਨ 2026 ਤੱਕ ਘਰਾਂ ਦਾ ਸੂਚੀਕਰਨ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਮਰਦਮਸ਼ੁਮਾਰੀ ਹੀ ਨੀਤੀ ਨਿਰਮਾਣ ਦਾ ਆਧਾਰ ਹੈ ਅਧਿਕਾਰੀ ਇਸ ਨੂੰ ਸਮਰਪਣ ਭਾਵਨਾ ਨਾਲ ਸਫਲ ਬਣਾਉਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੋਗਾ ਦੇ ਸਮੂਹ ਦਫ਼ਤਰਾਂ ਅਧੀਨ ਕੰਮ ਕਰਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੈਲਫ਼ ਇਨਿਊਮਰੇਸ਼ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ।