ਜਨ ਸਿਹਤ ਅਭਿਆਨ’ ਤਹਿਤ ਵਰਕਸ਼ਾਪ ਕਰਵਾਈ
ਭਾਰਤ ਗਿਆਨ-ਵਿਗਿਆਨ ਸੰਮਤੀ
Publish Date: Tue, 12 May 2026 05:58 PM (IST)
Updated Date: Wed, 13 May 2026 04:06 AM (IST)

ਜਨ ਸਿਹਤ ਸਾਡਾ ਅਧਿਕਾਰ, ਸਰਕਾਰ ਹੋਵੇ ਇਸਦੀ ਜ਼ਿੰਮੇਵਾਰ’ ਦਾ ਨਾਅਰਾ ਘਰ-ਘਰ ਪਹੁੰਚਣ ਦਾ ਅਹਿਦ ਜਗਤਾਰ ਸਿੰਘ ਬਰਾੜ, ਪੰਜਾਬੀ ਜਾਗਰਣ ਪੰਜਗਰਾਈ ਕਲਾਂ: ਭਾਰਤ ਗਿਆਨ-ਵਿਗਿਆਨ ਸੰਮਤੀ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਸੇਵਾ ਮੁਕਤ ਰਜਿਸਟਰਾਰ ਡਾ. ਪਿਆਰਾ ਲਾਲ ਗਰਗ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਬਲਾਕ ਪ੍ਰਾਇਮਰੀ ਸਿੱਖਿਆ ਫ਼ਰੀਦਕੋਟ -3 ਮਾਸਟਰ ਮੁਕੰਦ ਸਿੰਘ ਯਾਦਗਾਰੀ ਹਾਲ ਵਿਚ ਇਕ ਰੋਜ਼ਾ ‘ਜਨ ਸਿਹਤ ਅਭਿਆਨ’ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਦੀ ਪ੍ਰਧਾਨਗੀ ਭਾਰਤ ਗਿਆਨ ਵਿਗਿਆਨ ਸੰਮਤੀ ਦੇ ਰਾਸ਼ਟਰੀ ਜਨਰਲ ਸਕੱਤਰ ਡਾ. ਓ.ਪੀ. ਭੁਰੇਟਾ, ਜਨ ਸਿਹਤ ਅਭਿਆਨ ਦੇ ਰਾਸ਼ਟਰੀ ਕੋ-ਕਨਵੀਨਰ ਪ੍ਰੋ. ਸਤਨਾਮ, ਕੋ-ਕਨਵੀਨਰ ਪ੍ਰੋ. ਰਿਚਾ ਅਤੇ ਕੋ-ਕਨਵੀਨਰ ਪ੍ਰੋ. ਇੰਦਰਨੀਲ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭਰਪੂਰ ਸਿੰਘ ਨੇ ਕੀਤੀ। ਵਰਕਸ਼ਾਪ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਗਿਆਨ ਵਿਗਿਆਨ ਸੰਮਤੀ ਦੇ ਵੁਮੈਨ ਸੈੱਲ ਦੇ ਕੋਆਰਡੀਨੇਟਰ ਆਸ਼ਾ ਰਾਣੀ ਚੌਧਰੀ ਦੇ ਸਵਾਗਤੀ ਭਾਸ਼ਣ ਨਾਲ਼ ਹੋਈ ਅਤੇ ਜ਼ਿਲ੍ਹਾ ਕੋਆਰਡੀਨੇਟਰ ਜਗਤਾਰ ਸਿੰਘ ਬਰਾੜ ਵੱਲੋਂ ਵਰਕਸ਼ਾਪ ਦੀ ਰੂਪ ਰੇਖਾ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਵਰਕਸ਼ਾਪ ’ਚ ਹਾਜ਼ਰ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਅਮੇਠੀ ਯੂਨੀਵਰਸਿਟੀ ਦੇ ਪ੍ਰੋ. ਸਤਨਾਮ ਵੱਲੋਂ ਜਨ ਸਿਹਤ ਮੁਹਿੰਮ ਚਲਾਉਣ ਦਾ ਉਦੇਸ਼ ਅਤੇ ਟੀਚਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪੇਂਡੂ ਪੱਧਰ ਤੋਂ ਰਾਸ਼ਟਰੀ ਪੱਧਰ ਤੱਕ ਲੈ ਜਾਣ ਦੀ ਰਣਨੀਤੀ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਜਨ ਸਿਹਤ ਅਭਿਆਨ ਦਾ ਉਦੇਸ਼ ਸਿਹਤ ਨੂੰ ਇਕ ਅਧਿਕਾਰ ਵਜੋਂ ਸਥਾਪਿਤ ਕਰਕੇ ਇਸਦੇ ਇਲਾਜ ਲਈ ਸਰਕਾਰ ਦੀ ਜ਼ਿੰਮੇਵਾਰੀ ਤਹਿ ਕਰਨਾ ਹੈ। ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਡਾ. ਓਪੀ ਭੁਰੇਟਾ ਨੇ ਜਿੱਥੇ ਗਿਆਨ-ਵਿਗਿਆਨ ਸੰਮਤੀ ਦੇ ਇਤਿਹਾਸ ਦੀ ਬਾਤ ਪਈ ਉੱਥੇ ਸਿਹਤ ਸੁਧਾਰਾਂ ਨੂੰ ਲੈ ਕੇ ਭਾਰਤ ਦੇ ਭਵਿੱਖ ਨੂੰ ਹੋਰ ਉਜਵਲ ਬਣਾਉਣ ਲਈ ਪੂਰੇ ਭਾਰਤ ਅੰਦਰ ਚਲਾਏ ਜਾਣ ਵਾਲੇ ਜਨ ਅਭਿਆਨਾਂ ਬਾਰੇ ਵਿਸਥਾਰਪੂਰਵਕ ਚਾਨਣਾ ਪ੍ਰਾਇਆ। ਦੇਹਰਾਦੂਨ ਯੂਨੀਵਰਸਿਟੀ ਦੀ ਅਰਥ ਸ਼ਾਸ਼ਤਰ ਦੀ ਪ੍ਰੋਫੈਸਰ ਰਿਚਾ ਨੇ ਭਾਰਤ ਦੇ ਸਿਹਤ ਢਾਂਚੇ ਦੀਆਂ ਨਾਕਾਮੀਆਂ ਨੂੰ ਅੰਕੜਿਆਂ ਸਹਿਤ ਪੇਸ਼ ਕਰਦਿਆਂ ਕਿਹਾ ਜਿਨ੍ਹਾਂ ਚਿਰ ਹੋਰਨਾਂ ਅਧਿਕਾਰਾਂ ਵੱਲੋਂ ਸਿਹਤ ਅਧਿਕਾਰ ਨਹੀਂ ਬਣ ਜਾਂਦਾ ਉਨਾਂ ਚਿਰ ਦੇਸ਼ ਅੰਦਰ ਸਿਹਤ ਸਹੂਲਤਾਂ ਦਾ ਦੀਵਾਲਾ ਹੀ ਨਿਕਲਦਾ ਰਹੇਗਾ। ਉਨ੍ਹਾਂ ਹਾਜ਼ਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਨ ਸਿਹਤ ਅਭਿਆਨ ਦਾ ਹਿੱਸਾ ਬਣ ਕੇ ਸਿਹਤ ਨੂੰ ਇਕ ਮੁੱਢਲੇ ਅਧਿਕਾਰ ਵਜੋਂ ਦਾਖਲ ਕਰਵਾਉਣ ’ਚ ਆਪਣਾ ਯੋਗਦਾਨ ਪਾਉਣ। ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਇੰਦਰਨੀਲ ਵੱਲੋਂ ਸਰਕਾਰੀ ਸਿਹਤ ਬੀਮਾ ਯੋਜਨਾਵਾਂ ਦਾ ਕੱਚ-ਸੱਚ ਬਿਆਨ ਕਰਦਿਆਂ ਦੱਸਿਆ ਕਿ ਇਹ ਬੀਮਾ ਯੋਜਨਾਵਾਂ ਸਿਰਫ਼ ਤੇ ਸਿਰਫ਼ ਪੂੰਜੀਪਤੀ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਹਨ ਜਦਕਿ ਇਨ੍ਹਾਂ ਦੇ ਚੱਲਦਿਆਂ ਆਮ ਲੋਕਾਂ ਦਾ ਜੇਬ ਖ਼ਰਚ ਦੁੱਗਣਾ ਹੋ ਰਿਹਾ ਹੈ। ਸਮੁੱਚੀ ਵਰਕਸ਼ਾਪ ਦੌਰਾਨ ਸੁਖਮੰਦਰ ਸਿੰਘ ਬਰਾੜ ਵੱਲੋਂ ਸੂਤਰਧਾਰ ਦੀ ਭੂਮਿਕਾ ਨਿਭਾਈ ਗਈ। ਵਰਕਸ਼ਾਪ ਦੇ ਵੱਖ-ਵੱਖ ਪੜਾਵਾਂ ਦੌਰਾਨ ਪ੍ਰਸਿੱਧ ਗਾਇਕ ਬੂਟਾ ਪੈਰਿਸ, ਨੌਜਵਾਨ ਕਵੀ ਵਰਿੰਦਰ ਔਲਖ, ਗੁਰਪ੍ਰੀਤ ਸਿੰਘ ਗੋਪੀ ਅਤੇ ਪਵਨ ਕੁਮਾਰ ਵੱਲੋਂ ਆਪੋ-ਆਪਣੀਆਂ ਰਚਨਾਵਾਂ ਪੇਸ਼ ਕੀਤੀ ਗਈਆਂ। ਇਸ ਵਰਕਸ਼ਾਪ ਨੂੰ ਸਫ਼ਲ ਬਣਾਉਣ ਲਈ ਗਿਆਨ ਵਿਗਿਆਨ ਸੰਮਤੀ ਦੇ ਜ਼ਿਲ੍ਹਾ ਕੋਆਰਡੀਨੇਟਰ ਜਗਤਾਰ ਸਿੰਘ ਬਰਾੜ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਤੇ ਗੁਰਦੇਵ ਚੌਧਰੀ, ਮੁੱਖ ਅਧਿਆਪਕ ਜਸਵਿੰਦਰ ਜੱਸੀ, ਨੌਜਵਾਨ ਭਾਰਤ ਸਭਾ ਦੇ ਆਗੂ ਬਲਵਿੰਦਰ ਸਿੰਘ ਔਲਖ, ਬੀ.ਕੇ.ਯੂ. ਦੇ ਆਗੂ ਸ਼ਰਨਜੀਤ ਸਿੰਘ,ਗੁਰਜੀਤ ਸਿੰਘ ਢਿੱਲੋਂ, ਤਰਕਸ਼ੀਲ ਆਗੂ ਜਗਪਾਲ ਸਿੰਘ ਬਰਾੜ, ਵਿਦਿਆਰਤਨ ਕਮੇਟੀ ਚੇਅਰਮੈਨ, ਸਰਬਜੀਤ ਸਿੰਘ ਨੌਜਵਾਨ ਆਗੂ, ਗੁਰਦੀਪ ਕੌਰ, ਮੈਡਮ ਊਸ਼ਾ ਤਨੇਜਾ ਆਦਿ ਹਾਜ਼ਰ ਸਨ।