ਹਾਏ-ਹਾਏ ਗਰਮੀ ਉਫ਼-ਉਫ਼...

ਅਣ-ਐਲਾਨੇ ਬਿਜਲੀ ਕੱਟਾਂ ਨੇ ਲੋਕ ਕੀਤੇ ਹਾਲੋ-ਬੇਹਾਲ
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ :
ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਅਤੇ ਕੜਕਦੀ ਧੁੱਪ ਨੇ ਆਮ ਜਨ-ਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਕਰ ਦਿੱਤਾ ਹੈ। ਵੀਰਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਦਾ ਤਾਪਮਾਨ 42 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜਿਸ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ। ਦੁਪਹਿਰ ਵੇਲੇ ਚੱਲ ਰਹੀ ਭਿਆਨਕ ਲੂ ਕਾਰਨ ਸ਼ਹਿਰ ਦੇ ਬਾਜ਼ਾਰਾਂ ’ਚ ਰੌਣਕ ਗਾਇਬ ਹੋ ਚੁੱਕੀ ਹੈ ਅਤੇ ਸੜਕਾਂ ’ਤੇ ਸਨਾਟਾ ਪਸਰ ਜਾਂਦਾ ਹੈ। ਬੇਵਸੀ ਦੇ ਆਲਮ ’ਚ ਲੋਕ ਆਪਣੇ ਚਿਹਰੇ ਕੱਪੜੇ ਨਾਲ ਢੱਕ ਕੇ ਮੰਜ਼ਿਲਾਂ ਵੱਲ ਜਾਂਦੇ ਦਿਖਾਈ ਦੇ ਰਹੇ ਹਨ।
ਦੂਜੇ ਪਾਸੇ, ਤੇਜ਼ ਗਰਮੀ ਤੋਂ ਬਚਾਅ ਲਈ ਬੱਚੇ ਅਤੇ ਨੌਜਵਾਨ ਸੂਏ, ਕੱਸੀਆਂ, ਘਰਾਂ ਦੇ ਨਲਕਿਆਂ ਅਤੇ ਟੂਟੀਆਂ ਹੇਠ ਨਹਾ ਕੇ ਰਾਹਤ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਗਰਮੀ ਦੇ ਮੱਦੇਨਜ਼ਰ ਲੋਕਾਂ ਵੱਲੋਂ ਠੰਢੇ ਪਾਣੀ ਲਈ ਮਿੱਟੀ ਦੇ ਘੜਿਆਂ ਦੀ ਖ਼ਰੀਦਦਾਰੀ ਵੀ ਤੇਜ਼ ਕਰ ਦਿੱਤੀ ਗਈ ਹੈ।
-ਬੱਚੇ ਤੇ ਬਜ਼ੁਰਗ ਬਿਮਾਰੀਆਂ ਦੀ ਗ੍ਰਿਫ਼ਤ ’ਚ-
ਤਾਪਮਾਨ 42 ਡਿਗਰੀ ਤੋਂ ਪਾਰ ਹੋਣ ਕਾਰਨ ਸਭ ਤੋਂ ਵੱਧ ਮੁਸ਼ਕਲ ਬੱਚਿਆਂ ਅਤੇ ਬਜ਼ੁਰਗਾਂ ਨੂੰ ਪੇਸ਼ ਆ ਰਹੀ ਹੈ। ਅੱਤ ਦੀ ਗਰਮੀ ਕਾਰਨ ਬੱਚੇ ਉਲਟੀਆਂ ਅਤੇ ਦਸਤ (ਡਾਇਰੀਆ) ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਬਜ਼ੁਰਗਾਂ ਲਈ ਵੀ ਇਹ ਮੌਸਮ ਬੇਹੱਦ ਕਸ਼ਟਦਾਇਕ ਸਾਬਤ ਹੋ ਰਿਹਾ ਹੈ।
-ਲੰਬੇ ਬਿਜਲੀ ਕੱਟਾਂ ਨੇ ਮਾਰਿਆ ਦੋਹਰਾ ਝਟਕਾ-
ਇੱਕ ਪਾਸੇ ਜਿੱਥੇ ਕੁਦਰਤ ਦਾ ਕਹਿਰ ਜਾਰੀ ਹੈ, ਉੱਥੇ ਹੀ ਪਾਵਰਕਾਮ ਦੀ ਮਾੜੀ ਕਾਰਗੁਜ਼ਾਰੀ ਨੇ ਲੋਕਾਂ ਦਾ ਜੀਣਾ ਦੁੱਭਰ ਕਰ ਦਿੱਤਾ ਹੈ। ਗਰਮੀ ਤੇ ਲੂ ਦੇ ਵਿਚਕਾਰ ਬਿਜਲੀ ਦੀ ਭਾਰੀ ਕਿੱਲਤ ਕਾਰਨ ਘਰਾਂ ’ਚ ਪੱਖੇ ਅਤੇ ਕੂਲਰ ਵੀ ਸ਼ੋਅਪੀਸ ਬਣ ਕੇ ਰਹਿ ਗਏ ਹਨ। ਬਠਿੰਡਾ ਰੋਡ ਦੇ ਵਸਨੀਕ ਪਹਿਲਾਂ ਹੀ ਪਰੇਸ਼ਾਨ ਸਨ, ਪਰ ਹੁਣ ਅਬੋਹਰ ਰੋਡ, ਬਾਬਾ ਜੀਵਨ ਸਿੰਘ ਨਗਰ, ਭਾਈ ਜਰਨੈਲ ਸਿੰਘ ਨਗਰ ਅਤੇ ਸੰਗਤਪੁਰਾ ਮੁਹੱਲਾ ’ਚ ਬੀਤੀ ਰਾਤ ਤੋਂ ਬਿਜਲੀ ਪੂਰੀ ਤਰ੍ਹਾਂ ਗੁੱਲ ਹੈ। ਇਸਤੋਂ ਇਲਾਵਾ ਹੋਰਨਾਂ ਕਈ ਮੁਹੱਲਿਆਂ ਵਿੱਚ ਵੀ ਕਈ-ਕਈ ਘੰਟਿਆਂ ਦੇ ਲੰਬੇ ਕੱਟ ਲੱਗ ਰਹੇ ਹਨ।
ਓਧਰ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਰਮੀ ਕਾਰਨ ਬਿਜਲੀ ਦੀ ਮੰਗ ਅਚਾਨਕ ਬਹੁਤ ਵਧ ਗਈ ਹੈ, ਜਿਸ ਕਾਰਨ ਲਾਈਨਾਂ ’ਤੇ ਓਵਰਲੋਡ ਦੀ ਸਮੱਸਿਆ ਆ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਤਕਨੀਕੀ ਖ਼ਰਾਬੀ ਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ।
-ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ, ਲੂ ਤੋਂ ਬਚਣ ਲਈ ਖ਼ਾਸ ਸਾਵਧਾਨੀਆਂ ਵਰਤੋ-
ਇਸ ਭਿਆਨਕ ਗਰਮੀ ਦੇ ਮੱਦੇਨਜ਼ਰ ਸੀਨੀਅਰ ਮੈਡੀਕਲ ਮਾਹਰ ਡਾ. ਸੁਨੀਲ ਅਰੋੜਾ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਤਰਲ ਪਦਾਰਥਾਂ ਦਾ ਸੇਵਨ ਕਰੋ, ਗਰਮੀ ਅਤੇ ਲੂ ਤੋਂ ਬਚਣ ਲਈ ਵੱਧ ਤੋਂ ਵੱਧ ਪਾਣੀ, ਤਾਜ਼ਾ ਜੂਸ, ਨਿੰਬੂ ਪਾਣੀ ਅਤੇ ਓਆਰਐੱਸ ਦਾ ਘੋਲ ਪੀਓ। ਬਾਹਰ ਨਿਕਲਦੇ ਸਮੇਂ ਹਮੇਸ਼ਾ ਹਲਕੇ ਰੰਗ ਦੇ ਅਤੇ ਖੁੱਲ੍ਹੇ ਹਵਾਦਾਰ ਸੂਤੀ ਕੱਪੜੇ ਪਹਿਨੋ। ਮਸਾਲੇਦਾਰ, ਤਲੀਆਂ ਹੋਈਆਂ ਅਤੇ ਬਾਹਰੀ ਚੀਜ਼ਾਂ ਦੇ ਸੇਵਨ ਤੋਂ ਬਿਲਕੁਲ ਗੁਰੇਜ਼ ਕਰੋ। ਕੋਸ਼ਿਸ਼ ਕਰੋ ਕਿ ਦੁਪਹਿਰ 12 ਤੋਂ 4 ਵਜੇ ਦੇ ਦਰਮਿਆਨ ਬਿਨਾਂ ਵਜ੍ਹਾ ਘਰੋਂ ਬਾਹਰ ਨਾ ਨਿਕਲਿਆ ਜਾਵੇ। ਡਾ. ਅਰੋੜਾ ਨੇ ਵਿਸ਼ੇਸ਼ ਤੌਰ 'ਤੇ ਹਦਾਇਤ ਕੀਤੀ ਕਿ ਬਿਮਾਰ ਬਜ਼ੁਰਗਾਂ, ਛੋਟੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਇਸ ਮੌਸਮ ਵਿੱਚ ਆਪਣਾ ਖ਼ਾਸ ਧਿਆਨ ਰੱਖਣ ਦੀ ਲੋੜ ਹੈ।