ਸਮਾਂ ਬਦਲਣ ਦੇ ਪਹਿਲੇ ਦਿਨ ਅਧਿਕਾਰੀ ਸਮੇਂ ਸਿਰ ਪਹੁੰਚੇ, ਸੇਵਾ ਕੇਂਦਰ ’ਚ ਪਹਿਲੀ ਫਾਈਲ 7:40 ’ਤੇ ਹੋਈ ਜਮ੍ਹਾਂ
ਸਮਾਂ ਬਦਲਣ ਦੇ ਪਹਿਲੇ ਦਿਨ ਅਧਿਕਾਰੀ ਸਮੇਂ ਸਿਰ ਪਹੁੰਚੇ, ਸੇਵਾ ਕੇਂਦਰ ’ਚ ਪਹਿਲੀ ਫਾਈਲ 7:40 ’ਤੇ ਜਮ੍ਹਾਂ
Publish Date: Mon, 25 May 2026 05:42 PM (IST)
Updated Date: Mon, 25 May 2026 05:43 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਭਿਆਨਕ ਗਰਮੀ ਅਤੇ ਲੂ ਦੇ ਥਪੇੜਿਆਂ ਤੋਂ ਰਾਹਤ ਦੇਣ ਲਈ ਰਾਜ ਸਰਕਾਰ ਨੇ ਸਰਕਾਰੀ ਦਫ਼ਤਰਾਂ, ਸਕੂਲਾਂ ਅਤੇ ਸੇਵਾ ਕੇਂਦਰਾਂ ਦੇ ਸਮੇਂ ’ਚ ਬਦਲਾਅ ਕੀਤਾ ਹੈ। ਸੋਮਵਾਰ ਤੋਂ ਲਾਗੂ ਹੋਏ ਨਵੇਂ ਸ਼ਡਿਊਲ ਤਹਿਤ ਸਰਕਾਰੀ ਦਫ਼ਤਰ ਤੇ ਸਕੂਲ ਹੁਣ ਸਵੇਰੇ 7:30 ਤੋਂ ਦੁਪਹਿਰ 1:30 ਵਜੇ ਤੱਕ ਖੁੱਲ੍ਹੇ। ਉੱਥੇ ਹੀ ਸੇਵਾ ਕੇਂਦਰ ਸਵੇਰੇ 7:30 ਵਜੇ ਤੋਂ ਦੁਪਹਿਰ 3:30 ਵਜੇ ਤੱਕ ਖੁੱਲ੍ਹੇ ਰਹੇ। ਡੀਸੀ ਦਫ਼ਤਰ ਵਿਖੇ ਚੱਲ ਰਹੇ ਮੁੱਖ ਸੇਵਾ ਕੇਂਦਰ ’ਚ ਪਹਿਲੀ ਅਰਜ਼ੀ ਸਵੇਰੇ 7:40 ’ਤੇ ਪ੍ਰਾਪਤ ਹੋਈ। ਜਾਣਕਾਰੀ ਅਨੁਸਾਰ ਨਵੇਂ ਸਮੇਂ ਦਾ ਪਹਿਲਾ ਦਿਨ ਮਿਲਿਆ-ਜੁਲਿਆ ਰਿਹਾ। ਸਵੇਰੇ ਠੀਕ 7:30 ਵਜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਤਹਿਸੀਲ ਦਫ਼ਤਰ, ਐੱਸਡੀਐੱਮ ਦਫ਼ਤਰ ਸਮੇਤ ਸਾਰੇ ਸਰਕਾਰੀ ਦਫ਼ਤਰਾਂ ਦੇ ਗੇਟ ਖੁੱਲ੍ਹ ਗਏ। ਅਧਿਕਾਰੀ ਅਤੇ ਕਰਮਚਾਰੀ ਸਮੇਂ ਸਿਰ ਆਪਣੀਆਂ ਸੀਟਾਂ ਤੇ ਮੌਜੂਦ ਸਨ। ਅਧਿਕਾਰੀਆਂ ਨੇ ਕਿਹਾ ਕਿ ਦੁਪਹਿਰ ਤੋਂ ਪਹਿਲਾਂ ਕੰਮ ਨਿਬੜਨ ਨਾਲ ਗਰਮੀ ਤੋਂ ਬਚਾਅ ਹੋਵੇਗਾ ਅਤੇ ਕਰਮਚਾਰੀਆਂ ਨੂੰ ਵੀ ਰਾਹਤ ਮਿਲੇਗੀ। ਪਰ ਆਮ ਜਨਤਾ ਦੀ ਦਿਨਚਰਿਆ ਇੱਕ ਦਿਨ ਵਿੱਚ ਨਹੀਂ ਬਦਲੀ। ਜ਼ਿਆਦਾਤਰ ਲੋਕ ਪੁਰਾਣੇ ਸਮੇਂ ਦੇ ਹਿਸਾਬ ਨਾਲ ਹੀ ਦਫ਼ਤਰਾਂ ’ਚ ਪਹੁੰਚੇ। ਸਵੇਰੇ ਨੌਂ ਵਜੇ ਤੋਂ ਬਾਅਦ ਹੀ ਦਫ਼ਤਰਾਂ ਵਿੱਚ ਭੀੜ ਦਿਖਣੀ ਸ਼ੁਰੂ ਹੋਈ। ਦੱਸ ਦੇਈਏ ਕਿ ਸੋਮਵਾਰ ਨੂੰ ਮੁਕਤਸਰ ਦਾ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਅਤੇ ਘੱਟ ਤੋਂ ਘੱਟ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੇਵਾ ਕੇਂਦਰਾਂ ਵਿੱਚ 1058 ਫਾਈਲਾਂ ਜਮ੍ਹਾਂ ਹੋਈਆਂ ਸੇਵਾ ਕੇਂਦਰਾਂ ’ਚ ਵੀ ਸਟਾਫ਼ ਸਵੇਰੇ 7:30 ਵਜੇ ਹਾਜ਼ਰ ਸੀ। ਕੇਂਦਰ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ’ਚ ਕੁੱਲ 15 ਸੇਵਾ ਕੇਂਦਰ ਚੱਲ ਰਹੇ ਹਨ। ਡੀਸੀ ਦਫ਼ਤਰ ਕੰਪਲੈਕਸ ਸਥਿਤ ਮੁੱਖ ਸੇਵਾ ਕੇਂਦਰ ’ਚ ਨਵੇਂ ਸਮੇਂ ਦਾ ਅਸਰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲਿਆ, ਇੱਥੇ ਪਹਿਲੀ ਫਾਈਲ ਸਵੇਰੇ 7:40 ਤੇ ਹੀ ਜਮ੍ਹਾਂ ਹੋ ਗਈ। ਹਾਲਾਂਕਿ ਜ਼ਿਲ੍ਹੇ ਦੇ ਦੋ-ਤਿੰਨ ਕੇਂਦਰਾਂ ਨੂੰ ਛੱਡ ਕੇ ਬਾਕੀ ਥਾਵਾਂ ਤੇ ਬਿਨੈਕਾਰ ਅੱਠ ਤੋਂ ਨੌਂ ਵਜੇ ਦੇ ਵਿਚਕਾਰ ਪਹੁੰਚਣੇ ਸ਼ੁਰੂ ਹੋਏ। ਨੌਂ ਵਜੇ ਤੋਂ ਬਾਅਦ ਭੀੜ ਵਧੀ, ਪਰ ਦੁਪਹਿਰ ਇੱਕ ਵਜੇ ਤੋਂ ਬਾਅਦ ਗਰਮੀ ਕਾਰਨ ਗਿਣਤੀ ਫਿਰ ਘਟ ਗਈ। ਜ਼ਿਲ੍ਹੇ ਦੇ ਸੇਵਾ ਕੇਂਦਰਾਂ ’ਚ ਕੁੱਲ 69 ਕਾਊਂਟਰ ਹਨ, ਜਿਨ੍ਹਾਂ ਵਿੱਚੋਂ 59 ਚੱਲ ਰਹੇ ਹਨ। ਸੋਮਵਾਰ ਨੂੰ ਕੁੱਲ 1058 ਅਰਜ਼ੀਆਂ ਪ੍ਰਾਪਤ ਹੋਈਆਂ। ਇਨ੍ਹਾਂ ਵਿੱਚੋਂ 80.19 ਫੀਸਦੀ ਅਰਜ਼ੀਆਂ ਸਬਮਿਟ ਕਰ ਦਿੱਤੀਆਂ ਗਈਆਂ, ਜਦੋਂ ਕਿ 3.95 ਫੀਸਦੀ ਰੱਦ ਹੋਈਆਂ। ਬਾਕੀ ਅਰਜ਼ੀਆਂ ’ਤੇ ਪ੍ਰਕਿਰਿਆ ਜਾਰੀ ਹੈ। ਕੰਮ ਕਰਵਾਉਣ ਆਏ ਜਗਪ੍ਰੀਤ ਸਿੰਘ ਅਤੇ ਆਸ਼ਾ ਰਾਣੀ ਨੇ ਕਿਹਾ ਕਿ ਸਰਕਾਰ ਦਾ ਫੈਸਲਾ ਬਿਲਕੁਲ ਸਹੀ ਹੈ। ਭਿਆਨਕ ਗਰਮੀ ਵਿੱਚ ਸਵੇਰੇ ਜਲਦੀ ਆ ਕੇ ਕੰਮ ਨਿਬੇੜਨਾ ਆਸਾਨ ਰਹੇਗਾ। ਇਸ ਨਾਲ ਦੁਪਹਿਰ ਦੀ ਤਪਸ਼ ਤੋਂ ਬਚਿਆ ਜਾ ਸਕੇਗਾ। ਡੀਸੀ ਦੀ ਅਪੀਲ ਡੀਸੀ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਨਵਾਂ ਸਮਾਂ ਅਗਲੇ ਹੁਕਮਾਂ ਤੱਕ ਲਾਗੂ ਰਹੇਗਾ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਜ਼ਰੂਰੀ ਕੰਮਾਂ ਲਈ ਸਵੇਰੇ ਜਲਦੀ ਆਉਣ ਤਾਂ ਜੋ ਲੂ ਤੋਂ ਬਚਿਆ ਜਾ ਸਕੇ। ਇਸ ਦੇ ਨਾਲ ਹੀ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਸਮੇਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਦਫ਼ਤਰਾਂ ਦੇ ਬਾਹਰ ਨਵੇਂ ਸਮੇਂ ਦੇ ਨੋਟਿਸ ਵੀ ਲਗਾ ਦਿੱਤੇ ਗਏ ਹਨ ਤਾਂ ਜੋ ਲੋਕਾਂ ਨੂੰ ਜਾਣਕਾਰੀ ਮਿਲ ਸਕੇ।