ਸਿਵਲ ਹਸਪਤਾਲ ’ਚ ਨਰਸ ਦਿਵਸ ਮੌਕੇ ਸਮਾਗਮ ਕਰਵਾਇਆ
ਸਿਵਲ ਸਰਜਨ ਫ਼ਰੀਦਕੋਟ ਡਾ. ਰਮਨਦੀਪ ਸਿੰਗਲਾ
Publish Date: Tue, 12 May 2026 04:19 PM (IST)
Updated Date: Wed, 13 May 2026 04:00 AM (IST)

ਹਰਪ੍ਰੀਤ ਸਿੰਘ ਚਾਨਾ, ਪੰਜਾਬੀ ਜਾਗਰਣ ਫ਼ਰੀਦਕੋਟ: ਸਿਵਲ ਸਰਜਨ ਫ਼ਰੀਦਕੋਟ ਡਾ. ਰਮਨਦੀਪ ਸਿੰਗਲਾ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਦੀ ਮਾਸ ਮੀਡੀਆ ਬਰਾਂਚ ਵੱਲੋਂ ਸਥਾਨਕ ਸਿਵਲ ਹਸਪਤਾਲ ਵਿਖੇ ਅੰਤਰਰਾਸ਼ਟਰੀ ਨਰਸ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਹਸਪਤਾਲ ਦੇ ਸਟਾਫ਼, ਨਰਸਿੰਗ ਵਿਦਿਆਰਥਣਾਂ, ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਹਿੱਸਾ ਲਿਆ। ਸਮਾਗਮ ਦੌਰਾਨ ਨਰਸਿੰਗ ਵਿਦਿਆਰਥਣਾਂ ਨੇ ਨੁੱਕੜ ਨਾਟਕ, ਚਾਰਟ ਪ੍ਰਦਰਸ਼ਿਤ ਕਰਦੇ ਹੋਏ ਨਰਸਾਂ ਦੀ ਸਿਹਤ ਸੇਵਾਵਾਂ ਵਿਚ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਨਰਸਾਂ ਮਰੀਜ਼ਾਂ ਦੀ ਸੰਭਾਲ ਤੇ ਇਲਾਜ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਨਰਸਿੰਗ ਸੇਵਾ ਮਨੁੱਖਤਾ ਦੀ ਸੇਵਾ ਦਾ ਸਭ ਤੋਂ ਉੱਚਾ ਰੂਪ ਹੈ। ਉਨ੍ਹਾਂ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ, ਵੱਧ ਤੋਂ ਵੱਧ ਯੋਗਦਾਨ ਪਾਉਣ ਅਤੇ ਨਰਸਿੰਗ ਸੇਵਾਵਾਂ ਜ਼ਰੀਏ ਸਮਾਜ ਸੇਵਾ ਦਾ ਸੰਕਲਪ ਲਿਆ ਗਿਆ। ਇਸ ਮੌਕੇ ਡਾ. ਰਮਨਦੀਪ ਸਿੰਗਲਾ ਸਿਵਲ ਸਰਜਨ ਨੇ ਨਰਸਿੰਗ ਸਟਾਫ਼ ਦੀ ਮਿਹਨਤ ਅਤੇ ਜਜ਼ਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਨਰਸਿੰਗ ਸਟਾਫ਼ ਮੈਡੀਕਲ ਖ਼ੇਤਰ ਦੀ ਮਜ਼ਬੂਤ ਕੜੀ ਹਨ। ਮਰੀਜ਼ ਦੇ ਇਲਾਜ ਵਿਚ ਨਰਸਾਂ ਦੇ ਯੋਗਦਾਨ ਨੂੰ ਸਤਿਕਾਰ ਅਤੇ ਸਨਮਾਨ ਦੇਣ ਲਈ ਦੁਨੀਆ ਭਰ ਵਿਚ ਨਰਸ ਦਿਵਸ 12 ਮਈ ਨੂੰ ਮਨਾਇਆ ਜਾਂਦਾ ਹੈ। ਉਨ੍ਹਾਂ ਨੁੱਕੜ ਨਾਟਕ ਪੇਸ਼ ਕਰਨ ਵਾਲੀਆਂ ਨਰਸਿੰਗ ਵਿਦਿਆਰਥਣਾਂ ਨੂੰ ਪ੍ਰਸ਼ੰਸਾ ਪੱਤਰ ਭੇਟ ਕਰਦਿਆਂ ਨਰਸਿੰਗ ਕਿੱਤੇ ਵਿਚ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰਨ ਲਈ ਪ੍ਰੇਰਿਤ ਕਰਦਿਆਂ ਸ਼ੁਭਕਾਮਨਾਵਾਂ ਭੇਂਟ ਕੀਤੀਆਂ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਪਰਵਜੀਤ ਸਿੰਘ ਗੁਲਾਟੀ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਮਨਦੀਪ ਕੌਰ, ਸੀਨੀਅਰ ਮੈਡੀਕਲ ਅਫ਼ਸਰ ਫ਼ਰੀਦਕੋਟ ਡਾ. ਪੁਨੀਤ ਕਾਜਲ, ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਹਿਮਾਂਸ਼ੂ ਗੁਪਤਾ, ਡਾ. ਚੰਦਰ ਸ਼ੇਖਰ ਕੱਕੜ ਪ੍ਰਧਾਨ ਅਰੋਗਿਆ ਭਾਰਤੀ ਪੰਜਾਬ, ਡਿਪਟੀ ਮਾਸ ਮੀਡੀਆ ਅਫ਼ਸਰ ਸੁਧੀਰ ਧੀਰ, ਡਿਪਟੀ ਮਾਸ ਮੀਡੀਆ ਅਫ਼ਸਰ ਡਾ. ਪ੍ਰਭਦੀਪ ਸਿੰਘ ਚਾਵਲਾ, ਸੀਨੀਅਰ ਫਾਰਮੇਸੀ ਅਫ਼ਸਰ ਸੁਨੀਲ ਸਿੰਗਲਾ, ਫਾਰਮੇਸੀ ਅਫ਼ਸਰ ਅਰਸ਼ਦੀਪ ਸਿੰਘ, ਕੰਪਿਉਟਰ ਅਪ੍ਰੇਟਰ ਮਨਪ੍ਰੀਤ ਸਿੰਘ, ਨਰਸਿੰਗ ਅਧਿਆਪਕਾ ਅਮਰਜੀਤ ਕੌਰ ਆਦਿ ਹਾਜ਼ਰ ਸਨ।