ਚਲਾਨ ਨਾ ਭਰਨ ਵਾਲੇ ਵਾਹਨਾਂ ਦੇ ਨੰਬਰ ਕੀਤੇ ਬਲੈਕ ਲਿਸਟ
ਬਕਾਇਆ ਚਲਾਨ ਨਾ ਭਰਨ ਵਾਲੇ ਵਾਹਨਾਂ ਦੇ ਨੰਬਰ ਕੀਤੇ ਬਲੈਕ ਲਿਸਟ : ਆਰ.ਟੀ.ਓ. ਫਰੀਦਕੋਟ
Publish Date: Thu, 14 May 2026 04:43 PM (IST)
Updated Date: Fri, 15 May 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਪੰਜਾਬ ਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਖੇ ਚੱਲ ਰਹੇ ਕੇਸ ਦੇ ਮਾਮਲੇ ਵਿੱਚ ਮਾਨਯੋਗ ਅਦਾਲਤ ਵੱਲੋਂ ਜਾਰੀ ਹੁਕਮਾਂ ਅਤੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਦਫਤਰ ਰਿਜ਼ਨਲ ਟਰਾਂਸਪੋਰਟ ਅਫਸਰ ਫਰੀਦਕੋਟ ਵੱਲੋਂ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਰਿਜ਼ਨਲ ਟਰਾਂਸਪੋਰਟ ਅਫਸਰ ਫਰੀਦਕੋਟ ਰਜਿੰਦਰ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਾਹਨ ਮਾਲਕਾਂ ਵੱਲੋਂ ਅਜੇ ਤੱਕ ਟਰੈਫਿਕ ਚਲਾਨਾਂ ਦੀ ਬਕਾਇਆ ਰਕਮ ਜਮ੍ਹਾਂ ਨਹੀਂ ਕਰਵਾਈ ਗਈ, ਉਨ੍ਹਾਂ ਸਬੰਧਤ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰ ਬਲੈਕ ਲਿਸਟ ਕਰ ਦਿੱਤੇ ਗਏ ਹਨ। ਇਸ ਸਬੰਧੀ ਦਫਤਰ ਸੀਨੀਅਰ ਕਪਤਾਨ ਪੁਲਿਸ ਫਰੀਦਕੋਟ ਤੇ ਸਮੂਹ ਆਰ.ਟੀ.ਓ. ਦਫਤਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਕਿ ਟ੍ਰੈਫਿਕ ਚੈਕਿੰਗ ਦੌਰਾਨ ਅਜਿਹੇ ਵਾਹਨਾਂ ਦੀ ਵਿਸ਼ੇਸ਼ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਬਲੈਕ ਲਿਸਟ ਕੀਤੇ ਗਏ ਵਾਹਨ ਸੜਕਾਂ ’ਤੇ ਚੱਲਦੇ ਹੋਏ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਮੋਟਰ ਵਾਹਨ ਐਕਟ ਅਤੇ ਲਾਗੂ ਨਿਯਮਾਂ ਅਨੁਸਾਰ ਇੰਪਾਊਂਡ ਕੀਤਾ ਜਾਵੇਗਾ। ਇਸ ਲਈ ਸਬੰਧਤ ਵਾਹਨ ਮਾਲਕ ਆਪਣੀ ਬਕਾਇਆ ਚਲਾਨ ਰਕਮ ਤੁਰੰਤ ਆਨਲਾਈਨ ਜਾਂ ਦਫਤਰ ਰਿਜ਼ਨਲ ਟਰਾਂਸਪੋਰਟ ਅਫਸਰ, ਫਰੀਦਕੋਟ ਵਿਖੇ ਜਮ੍ਹਾਂ ਕਰਵਾਉਣ ਤਾਂ ਜੋ ਭਵਿੱਖ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਆਰ.ਟੀ.ਏ ਰਜਿੰਦਰ ਸਿੰਘ ਨੇ ਹੋਰ ਦੱਸਿਆ ਕਿ ਚਲਾਨ ਰਕਮ ਜਮ੍ਹਾਂ ਨਾ ਹੋਣ ਦੀ ਸਥਿਤੀ ’ਚ ਵਾਹਨ ਮਾਲਕ ਆਪਣੇ ਵਾਹਨਾਂ ਸਬੰਧੀ ਕੋਈ ਵੀ ਸਰਕਾਰੀ ਸੇਵਾ ਜਿਵੇਂ ਮਾਲਕੀਅਤ ਟਰਾਂਸਫਰ, ਫਿਟਨੈੱਸ ਸਰਟੀਫਿਕੇਟ ਆਦਿ ‘ਵਾਹਨ’ ਪੋਰਟਲ ਰਾਹੀਂ ਪ੍ਰਾਪਤ ਨਹੀਂ ਕਰ ਸਕਣਗੇ।