ਨਰੇਗਾ ਰੁਜ਼ਗਾਰ ਪ੍ਰਾਪਤੀ ਮਜ਼ਦੂਰ ਯੂਨੀਅਨ ਨੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦੇ ਦਫ਼ਤਰ ਅੱਗੇ ਲਾਇਆ ਧਰਨਾ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਇਥੇ ਨਰੇਗਾ ਰੁਜ਼ਗਾਰ ਪ੍ਰਾਪਤੀ ਮਜ਼ਦੂਰ ਯੂਨੀਅਨ ਪੰਜਾਬ ਦੇ ਸੱਦੇ ਤੇ ਨਰੇਗਾ ਜਿਲਾ ਪ੍ਰੋਗਰਾਮ ਅਫਸਰ ਦੇ ਦਫਤਰ ਅੱਗੇ ਯੂਨੀਅਨ ਵੱਲੋਂ ਲੜੀਵਾਰ ਧਰਨੇ ਦਾ ਆਰੰਭ ਕੀਤਾ ਗਿਆ। ਹਰ ਰੋਜ਼ ਦੋ ਦੋ ਪਿੰਡਾਂ ਵਿੱਚੋਂ ਨਰੇਗਾ ਕਾਮੇ ਇਸ ਧਰਨੇ ’ਚ ਬੈਠਿਆ ਕਰਨਗੇ। ਅੱਜ ਦੇ ਧਰਨੇ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਸੁਖਣਾ, ਜਸਵਿੰਦਰ ਸਿੰਘ ਸਾਹਿਬ ਚੰਦ, ਸਰਜੀਤ ਸਿੰਘ ਛੱਤਿਆਣਾ ਨੇ ਕੀਤੀ। ਇਸ ਲੜੀਵਾਰ ਧਰਨੇ ਦਾ ਮਕਸਦ ਯੂਨੀਅਨ ਵੱਲੋਂ ਦਿੱਤੇ ਮੰਗ ਪੱਤਰਾਂ ਉੱਪਰ ਅਮਲ ਨਾ ਕਰਨ ਵਿਰੁੱਧ, ਨਰੇਗਾ ਕਾਮਿਆਂ ਦਾ ਗੁੱਸਾ ਜਾਹਰ ਕਰਨਾ ਹੈ। ਨਰੇਗਾ ਕਾਮਿਆਂ ਨੂੰ ਕੰਮ ਅਰਜੀਆਂ ਦੀਆਂ ਰਸੀਦਾਂ ਨਹੀਂ ਦਿੱਤੀਆਂ ਜਾਂਦੀਆਂ, ਜਿੱਥੇ ਲੜ ਭਿੜ ਕੇ ਰਸੀਦਾਂ ਲੈ ਲੈਂਦੇ ਹਨ, ਉਥੇ ਕੰਮ ਨਹੀਂ ਦਿੱਤਾ ਜਾਂਦਾ। ਜਦੋਂ ਨਰੇਗਾ ਕਾਮੇ ਕੰਮ ਨਹੀਂ ਤਾਂ ਭੱਤਾ ਦਿਓ ਦੀ ਮੰਗ ਕਰਦੇ ਹਨ ਤਾਂ ਕਿਹਾ ਜਾਂਦਾ ਹੈ ਭੱਤਾ ਹਾਲੇ ਕਿਤੇ ਵੀ ਨਹੀਂ ਮਿਲਦਾ! ਯੂਨੀਅਨ ਨੇ ਫੈਸਲਾ ਕੀਤਾ ਹੈ ਲੜੀਵਾਰ ਧਰਨਾ ਉਨੀ ਦੇਰ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਮਸਲੇ ਹੱਲ ਨਹੀਂ ਹੁੰਦੇ। ਇਸ ਧਰਨੇ ਨੂੰ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਹਰਲਾਭ ਸਿੰਘ ਦੂਹੇਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਨਰੇਗਾ ਕਾਮਿਆਂ ਦੀ ਹਰ ਮਦਦ ਕਰੇਗੀ। ਨਰੇਗਾ ਕਾਨੂੰਨ ਤੇ ਕਹਿੰਦਾ ਹੈ ਕਿ ਨਰੇਗਾ ਕੰਮ ਮਿਲੇਗਾ ਜਾਂ ਭੱਤਾ ਗਰੰਟੀ ਮਿਲੇਗੀ। ਪਰ ਇੱਥੇ ਪ੍ਰਬੰਧਕਾਂ ਦਾ ਇਨ੍ਹਾਂ ਬੁਰਾ ਹਾਲ ਹੈ ਕਿ ਕੰਮ ਕਰਵਾ ਕੇ ਮਾਸਟਰੋਲ ਆਨ ਲਾਈਨ ਕਰਕੇ, ਪਿੱਛੋਂ ਮਾਸਟਰੋਲ ਜੀਰੋ ਕਰ ਦਿੱਤੇ ਜਾਂਦੇ ਹਨ। ਇਹ ਬਰਦਾਸ਼ਤ ਤੋਂ ਬਾਹਰ ਹੈ। ਯੂਨੀਅਨ ਦੀ ਇਹ ਮੰਗ ਬਿਲਕੁਲ ਜਾਇਜ ਹੈ, ਜੀਰੋ ਕੀਤੇ ਮਾਸਟਰੋਲ ਬਹਾਲ ਕਰੋ! ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰੋ ਤੇ ਨਰੇਗਾ ਕਾਮਿਆਂ ਨੂੰ ਉਜਰਤਾਂ ਦਾ ਭੁਗਤਾਨ ਕਰੋ। ਜਿਹੜਾ ਪ੍ਰਧਾਨ ਬੋਹੜ ਸਿੰਘ ਸੁਖਨਾ ਨੇ ਸੰਬੋਧਨ ਕਰਦਿਆਂ ਕਿਹਾ ਸਕਿਲਡ ਕਾਮਿਆਂ ਦੇ ਨਾ ਤੇ ਜਾਲੀ ਬਿੱਲ ਪਾਏ ਜਾਂਦੇ ਹਨ ਅਤੇ ਜਿਨਾਂ ਤੋਂ ਕੰਮ ਕਰਾਇਆ ਜਾਂਦਾ ਹੈ,ਉਹਨਾਂ ਦੀ ਉਜਰਤ ਅਣ ਸਕਿਲਡ ਕਾਮਿਆਂ ਦੇ ਖਾਤੇ ਵਿੱਚੋਂ ਦਿੱਤੀ ਜਾਂਦੀ ਹੈ। ਯੂਨੀਅਨ ਇਹ ਕਦਾਚਿਤ ਬਰਦਾਸ਼ਤ ਨਹੀਂ ਕਰੇਗੀ। ਭਾਰਤ ਸਰਕਾਰ ਨਰੇਗਾ ਵਿਰੋਧੀ ਰੋਲ ਅਦਾ ਕਰ ਰਹੀ ਹੈ। ਉਸ ਨੇ ਅਜੇ ਤੱਕ ਇੱਕ ਅਪ੍ਰੈਲ ਤੋਂ ਜਾਰੀ ਹੋਣ ਵਾਲੀ ਉਜਰਤ ਰੇਟ ਲਿਸਟ ਜਾਰੀ ਨਹੀਂ ਕੀਤੀ। ਅਸੀਂ ਮੰਗ ਕਰਦੇ ਹਾਂ ਕਿ ਉਜਰਤ ਰੇਟ ਲਿਸਟ ਜਾਰੀ ਕੀਤੀ ਜਾਵੇ ਅਤੇ ਪੰਜਾਬ ’ਚ 1 ਮਈ ਤੋਂ ਵਧਾਈਆਂ ਉਜਰਤਾਂ ਮੁਤਾਬਕ ਨਰੇਗਾ ਦਿਹਾੜੀ ਰੇਟ ਦਿੱਤਾ ਜਾਵੇ। ਯੂਨੀਅਨ ਨੇ ਕੰਮ 200 ਦਿਨ ਅਤੇ ਉਜਰਤ ਰੇਟ ਹਜ਼ਾਰ ਰੁਪਏ ਦਿਹਾੜੀ ਕਰਨ ਦੀ ਮੰਗ ਵੀ ਕੀਤੀ। ਇਸੇ ਦੌਰਾਨ ਜਿਲਾ ਪ੍ਰੋਗਰਾਮ ਅਫਸਰ, ਡਿਪਟੀ ਕਮਿਸ਼ਨਰ ਮੁਕਤਸਰ ਨੇ ਯੂਨੀਅਨ ਆਗੂਆਂ ਨੂੰ ਮੀਟਿੰਗ ਲਈ ਦਫਤਰ ’ਚ ਬੁਲਾਇਆ। ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਸੁਖਨਾ, ਜਿਸਵਿੰਦਰ ਸਿੰਘ ਸਾਹਿਬ ਚੰਦ ਅਤੇ ਜਿਲਾ ਸਕੱਤਰ ਸੀਪੀਆਈ ਹਰਲਾਭ ਸਿੰਘ ਦੂਹੇਵਾਲੇ ਨੇ ਉਨ੍ਹਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੂੰ ਨਰੇਗਾ ਕਾਮਿਆਂ ਦੀਆਂ ਮੰਗਾਂ ਬਾਰੇ ਜਾਣੂ ਕਰਾਇਆ ਅਤੇ ਇਤਰਾਜ ਜਤਾਇਆ ਕੇ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗਾਂ ਨਹੀਂ ਕੀਤੀਆਂ ਜਾਂਦੀਆਂ, ਜਿਸਦੇ ਰੋਸ ਵਜੋਂ ਅਸੀਂ ਧਰਨੇ ’ਤੇ ਬੈਠੇ ਹਾਂ। ਡਿਪਟੀ ਕਮਿਸ਼ਨਰ ਮੁਕਤਸਰ ਨੇ ਯੂਨੀਅਨ ਆਗੂਆਂ ਨੂੰ ਯਕੀਨ ਦਵਾਇਆ ਕਿ ਤੁਹਾਡੀਆਂ ਸਭ ਜਾਇਜ਼ ਮੰਗਾਂ ਪ੍ਰਵਾਨ ਹਨ ਪਰ ਮੈਨੂੰ ਚੋਣਾਂ ਕਾਰਨ ਕੁਛ ਦਿਨ ਚਾਹੀਦਾ ਹਨ, ਪਰ ਮੈਂ ਹੁਣੇ ਹੁਕਮ ਦਿੰਨਾ ਕਿ ਤੁਹਾਡੇ ਨਾਲ ਬੈਠ ਕੇ ਮਸਲੇ ਹੱਲ ਕੀਤੇ ਜਾਣ। ਉਨ੍ਹਾਂ ਨਰੇਗਾ ਨੋਡਲ ਅਫਸਰ ਨੂੰ ਹਦਾਇਤ ਵੀ ਕੀਤੀ ਕਿ ਇਨ੍ਹਾਂ ਨਾਲ ਹਰ 15 ਦਿਨਾਂ ’ਚ ਮੀਟਿੰਗ ਕਰੋ ਅਤੇ ਮਸਲੇ ਹੱਲ ਕਰੋ। ਉਨ੍ਹਾਂ ਯੂਨੀਅਨ ਨਾਲ ਆਗੂਆਂ ਨਾਲ ਤਿੰਨ ਜੂਨ ਨੂੰ ਮੀਟਿੰਗ ਦਾ ਸਮਾਂ ਤੈਅ ਕੀਤਾ ਜਿਸ ਵਿੱਚ ਸਾਰੇ ਮਸਲੇ ਵਿਚਾਰੇ ਤੇ ਨਜਿਠੇ ਜਾਣਗੇ। ਯੂਨੀਅਨ ਆਗੂਆਂ ਨੇ ਵੀ ਸਹਿਮਤੀ ਦਿੱਤੀ ਅਤੇ ਮੀਟਿੰਗ 3 ਜੂਨ ਨੂੰ ਲਾਜ਼ਮੀ ਹੋਵੇ ਅਤੇ ਪਹਿਲਾਂ ਦੀ ਤਰ੍ਹਾਂ ਪੋਸਟਪੋਨ ਨਾ ਕੀਤੀ ਜਾਵੇ। ਯੂਨੀਅਨ ਆਗੂਆਂ ਨੇ ਧਰਨਾਕਾਰੀਆਂ ਨੂੰ ਸੰਬੋਧਨ ਹੁੰਦਿਆਂ ਸਾਰੀ ਜਾਣਕਾਰੀ ਦਿੱਤੀ ਅਤੇ ਇਹ ਐਲਾਨ ਕੀਤਾ ਕਿ ਜੇ ਤਿੰਨ ਜੂਨ ਨੂੰ ਮੀਟਿੰਗ ’ਚ ਮਸਲੇ ਹੱਲ ਨਹੀਂ ਹੁੰਦੇ ਤਾਂ ਚਾਰ ਜੂਨ ਤੋਂ ਲੜੀਵਾਰ ਨਰੇਗਾ ਅਧਿਕਾਰੀਆਂ ਦੇ ਪੁਤਲੇ ਫੂਕੇ ਜਾਣਗੇ। ਇਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਬਿੰਦਰ ਸਿੰਘ ਖੂਨਣ ਕਲਾਂ ਧਰਤੀ ਜੈਮਲ ਸਿੰਘ ਜਿਹੜੀ ਨੇ ਵੀ ਸੰਬੋਧਨ ਕੀਤਾ ਸਰਜੀਤ ਸਿੰਘ ਛਤੇਆਣਾ ਨੇ ਸਾਰੇ ਧਰਨਾਕਾਰੀਆਂ ਦਾ ਧੰਨਵਾਦ ਕੀਤਾ ਅਤੇ ਫਿਲਹਾਲ ਲੜੀਵਾਰ ਧਰਨੇ ਨੂੰ ਤਿੰਨ ਤਰੀਕ ਤੱਕ ਮੁਲਤਵੀ ਕਰ ਦਿੱਤਾ ਗਿਆ।