ਜ਼ਿਲ੍ਹਾ ਮੁਕਤਸਰ ਦਾ 8ਵੀਂ ਦਾ ਨਤੀਜਾ ਰਿਹਾ 93.75 ਫ਼ੀਸਦੀ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਰੁਪਾਣਾ ਦੇ ਵਿਦਿਆਰਥੀ ‘ਨਿਖਿਲ ਕੁਮਾਰ’ ਨੇ ਜ਼ਿਲ੍ਹੇ ’ਚ ਕੀਤਾ ਟਾਪ
Publish Date: Sat, 11 Apr 2026 03:35 PM (IST)
Updated Date: Sat, 11 Apr 2026 03:38 PM (IST)

ਭੰਵਰਾ/ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੱਠਵੀਂ ਜਮਾਤ ਦੇ ਨਤੀਜੇ ’ਚ ਮੁਕਤਸਰ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਪੰਜ ਵਿਦਿਆਰਥੀਆਂ ਨੇ ਮੈਰਿਟ ’ਚ ਸਥਾਨ ਬਣਾਇਆ ਹੈ। ਉੱਥੇ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਰੁਪਾਣਾ ਦੇ ਵਿਦਿਆਰਥੀ ‘ਨਿਖਿਲ ਕੁਮਾਰ’ ਨੇ 98.33 ਪ੍ਰਤੀਸ਼ਤ ਅੰਕ ਹਾਸਲ ਕਰਕੇ ਜ਼ਿਲ੍ਹੇ ’ਚ ਟਾਪ ਕੀਤਾ ਹੈ। ਜਦਕਿ ਦਸ਼ਮੇਸ਼ ਪਬਲਿਕ ਗਰਲਜ਼ ਸੀ.ਸੈ. ਸਕੂਲ ਬਾਦਲ ਦੀ ਵਿਦਿਆਰਥਣ ਸੁਖਲਿਅੰਤ ਕੌਰ ਨੇ 98.33 ਪ੍ਰਤੀਸ਼ਤ ਅੰਕ ਹਾਸਲ ਕਰਕੇ ਦੂਜਾ ਅਤੇ ਇਸੇ ਸਕੂਲ ਦੀ ਵਿਦਿਆਰਥਣ ਅਮਾਨਤ ਪ੍ਰੀਤ ਕੌਰ ਨੇ 97.83 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਭਾਵਨਾ ਸੀਆਰਐਸ ਡੀਏਵੀ ਮਾਡਲ ਹਾਈ ਸਕੂਲ ਮੁਕਤਸਰ ਨੇ 97.67 ਅਤੇ ਗੁਰਪ੍ਰਤੀਕ ਸਿੰਘ ਬਾਬਾ ਫਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਛੱਤਿਆਣਾ ਨੇ 97.50 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਜ਼ਿਲ੍ਹੇ ਦਾ ਕੁੱਲ ਨਤੀਜਾ 93.75 ਪ੍ਰਤੀਸ਼ਤ ਰਿਹਾ। 8,815 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਜਿਸ ਵਿੱਚ 8,264 ਵਿਦਿਆਰਥੀ ਪਾਸ ਹੋਏ ਹਨ। ਮੈਰਿਟ ’ਚ ਆਉਣ ਵਾਲੇ ਪੰਜੇ ਵਿਦਿਆਰਥੀਆਂ ਦੇ ਪਰਿਵਾਰਾਂ ਨੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਸੱਤ ਘੰਟੇ ਪੜ੍ਹਦਾ ਸੀ : ਨਿਖਿਲ ਵਿਦਿਆਰਥੀ ਨਿਖਿਲ ਕੁਮਾਰ ਨੇ ਦੱਸਿਆ ਕਿ ਉਹ ਮੂਲ ਰੂਪ ’ਚ ਬਿਹਾਰ ਤੋਂ ਹੈ। ਉਸਦੇ ਪਿਤਾ ਸ਼ਾਰਦੈਂਦੂ ਕੁਮਾਰ ਪਾਂਡੇ ਰੁਪਾਣਾ ਪੇਪਰ ਮਿੱਲ ਵਿੱਚ ਜੂਨੀਅਰ ਆਪਰੇਟਰ ਵਜੋਂ ਕੰਮ ਕਰਦੇ ਹਨ। ਮੈਂ ਰੋਜ਼ਾਨਾ ਛੇ ਤੋਂ ਸੱਤ ਘੰਟੇ ਪੜ੍ਹਾਈ ਕਰਦਾ ਸੀ। ਮੇਰੇ ਮਾਤਾ-ਪਿਤਾ ਦਾ ਬਹੁਤ ਸਹਿਯੋਗ ਰਿਹਾ ਹੈ। ਉਨ੍ਹਾਂ ਦੀ ਮੈਨੂੰ ਬਹੁਤ ਮਦਦ ਮਿਲਦੀ ਹੈ। ਉਸੇ ਦਾ ਨਤੀਜਾ ਹੈ ਕਿ ਅੱਜ ਮੈਂ ਚੰਗੇ ਅੰਕ ਪ੍ਰਾਪਤ ਕਰ ਸਕਿਆ ਹਾਂ। ਇਸ ਤੋਂ ਇਲਾਵਾ ਸਕੂਲ ਅਧਿਆਪਕਾਂ ਦੇ ਪੜ੍ਹਾਉਣ ਦਾ ਤਰੀਕਾ ਅਤੇ ਉਨ੍ਹਾਂ ਵੱਲੋਂ ਦੱਸੀ ਜਾਣਕਾਰੀ ਦਾ ਤਰੀਕਾ ਬਹੁਤ ਵਧੀਆ ਹੈ। ਜਿਸ ਦੀ ਬਦੌਲਤ ਮੈਂ ਅੱਜ ਵਧੀਆ ਪ੍ਰਦਰਸ਼ਨ ਕਰ ਸਕਿਆ ਹਾਂ। ਮੈਂ ਇੱਕ ਆਈਏਐਸ ਵਜੋਂ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹਾਂ। ਆਈਏਐੱਸ ਬਣਨਾ ਚਾਹੁੰਦੀ ਹਾਂ : ਸੁਖਲਿਅੰਤ ਕੌਰ ਵਿਦਿਆਰਥਣ ਸੁਖਲਿਅੰਤ ਕੌਰ ਨੇ ਦੱਸਿਆ ਕਿ ਮੇਰੇ ਪਿਤਾ ਗੁਰਲਾਲ ਸਿੰਘ ਕਿਸਾਨ ਹਨ। ਜਦਕਿ ਮਾਤਾ ਰਮਨਪਾਲ ਕੌਰ ਘਰੇਲੂ ਸੁਆਣੀ ਹਨ। ਮੈਂ ਰੋਜ਼ਾਨਾ ਲਗਭਗ 8 ਤੋਂ 9 ਘੰਟੇ ਪੜ੍ਹਾਈ ਕਰਦੀ ਹਾਂ। ਮੇਰਾ ਟੀਚਾ ਆਈਏਐਸ ਅਧਿਕਾਰੀ ਬਣ ਕੇ ਇਮਾਨਦਾਰੀ ਅਤੇ ਸਮਰਪਣ ਨਾਲ ਆਪਣੇ ਦੇਸ਼ ਦੀ ਸੇਵਾ ਕਰਨਾ ਹੈ। ਉਸਨੇ ਦੱਸਿਆ ਕਿ ਸਕੂਲ ਅਧਿਆਪਕਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਹੈ ਜਿਨ੍ਹਾਂ ਦੀ ਬਦੌਲਤ ਅੱਜ ਉਹ ਚੰਗੇ ਅੰਕ ਲੈ ਸਕੀ ਹੈ। ਆਈਪੀਐੱਸ ਬਣਨਾ ਚਾਹੁੰਦੀ ਹਾਂ : ਅਮਾਨਤ ਅਮਾਨਤ ਪ੍ਰੀਤ ਕੌਰ ਨੇ ਦੱਸਿਆ ਕਿ ਪਿਤਾ ਗੁਰਬਾਜ਼ ਸਿੰਘ ਕਿਸਾਨ ਹਨ। ਮਾਤਾ ਸਰਬਜੀਤ ਕੌਰ ਘਰੇਲੂ ਸੁਆਣੀ ਹਨ। ਮਾਤਾ ਮੇਰੀ ਪੜ੍ਹਾਈ ਵਿੱਚ ਮੇਰਾ ਹੌਸਲਾ ਵਧਾਉਂਦੇ ਹਨ। ਮੈਂ ਰੋਜ਼ਾਨਾ ਲਗਭਗ 7 ਤੋਂ 8 ਘੰਟੇ ਪੜ੍ਹਾਈ ਕਰਦੀ ਹਾਂ। ਮੇਰਾ ਟੀਚਾ ਇੱਕ ਆਈ.ਪੀ.ਐਸ. ਅਧਿਕਾਰੀ ਬਣਨਾ ਹੈ। ਮੈਂ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹਾਂ। ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣਾ ਚਾਹੁੰਦੀ ਹਾਂ ਅਤੇ ਲੋਕਾਂ ਦੀ ਮਦਦ ਕਰਨਾ ਚਾਹੁੰਦੀ ਹਾਂ। ਮੈਂ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਅਨੁਸ਼ਾਸਨ ਦੇ ਨਾਲ ਸਖ਼ਤ ਮਿਹਨਤ ਅੱਗੇ ਵੀ ਜਾਰੀ ਰੱਖਾਂਗੀ।