ਨੈਸਲੇ ਇੰਡੀਆ ਦੀ ਟੀਮ ਨੇ ਸਕੂਲ ਦਾ ਦੌਰਾ ਕੀਤਾ
ਮੋਗਾ ਦੇ ਸਰਕਾਰੀ ਪ੍ਰਾਇਮਰੀ ਸਕੂਲ
Publish Date: Mon, 27 Apr 2026 04:02 PM (IST)
Updated Date: Tue, 28 Apr 2026 04:02 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ: ਮੋਗਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੱਤ ਰੋਡ ਵਿਖੇ ਨੈਸਲੇ ਇੰਡੀਆ ਲਿਮਟਿਡ ਦੀ ਉੱਚ ਪੱਧਰੀ ਟੀਮ ਵੱਲੋਂ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਦੌਰੇ ਨੇ ਨਾ ਸਿਰਫ਼ ਸਕੂਲ ਦੀ ਸਿੱਖਿਆ ਪ੍ਰਣਾਲੀ ਨੂੰ ਨਵੀਂ ਦਿਸ਼ਾ ਦਿੱਤੀ, ਸਗੋਂ ਵਿਦਿਆਰਥੀਆਂ ਵਿਚ ਨਵੀਂ ਉਮੀਦ ਅਤੇ ਉਤਸ਼ਾਹ ਵੀ ਭਰ ਦਿੱਤਾ। ਇਸ ਮੌਕੇ ਨੈਸਲੇ ਇੰਡੀਆ ਦੇ ਸੀਐੱਫਓ ਐਡੁਓਰਡ ਮੈਕ ਨੈਬ ਦੀ ਅਗਵਾਈ ਹੇਠ ਪਹੁੰਚੀ ਟੀਮ ਵਿਚ ਮੋਗਾ ਫੈਕਟਰੀ ਮੈਨੇਜਰ ਕਮਲ ਮਾਥੁਰ, ਵਿੱਤੀ ਮੁਖੀ ਮਨੀਸ਼ ਮਦੂਗਲ, ਕਾਰਪੋਰੇਟ ਮਾਮਲਿਆਂ ਦੇ ਮੁਖੀ ਹਰਵਿੰਦਰ ਸਿੰਘ ਅਤੇ ਸੀਐੱਸਆਰ ਮੁਖੀ ਕੁਮਾਰੀ ਅਮਨ ਬਜਾਜ ਸਮੇਤ ਹੋਰ ਅਧਿਕਾਰੀ ਵੀ ਸ਼ਾਮਲ ਸਨ। ਸਕੂਲ ਪਹੁੰਚਣ ‘ਤੇ ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ, ਹੈੱਡ ਟੀਚਰ ਜਸਵਿੰਦਰ ਪਾਲ ਕੌਰ ਅਤੇ ਸਕੂਲ ਦੇ ਸਮਰਪਿਤ ਅਧਿਆਪਕਾਂ ਪਰਮਜੀਤ ਕੌਰ, ਜਸਪਾਲ ਕੌਰ, ਅਮਨਦੀਪ ਕੌਰ, ਸ਼ਾਲੂ ਬਾਂਸਲ ਅਤੇ ਹਰਸ਼ ਕੁਮਾਰ ਗੋਇਲ ਵੱਲੋਂ ਮਹਿਮਾਨਾਂ ਦਾ ਨਿੱਘੇ ਸਵਾਗਤ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਨੈਸਲੇ ਟੀਮ ਵੱਲੋਂ ਸਕੂਲ ਕੈਂਪਸ ਵਿਚ ਪੌਦੇ ਲਗਾ ਕੇ ਵਾਤਾਵਰਣ ਦੀ ਰੱਖਿਆ ਦਾ ਸੰਦੇਸ਼ ਦਿੱਤਾ ਗਿਆ। ਨਾਲ ਹੀ ਸਿੱਖਿਆ ਦੇ ਆਧੁਨਿਕ ਮਿਆਰਾਂ ਨੂੰ ਧਿਆਨ ਵਿਚ ਰੱਖਦਿਆਂ ਸਕੂਲ ਵਿਚ ਨਵੀਂ ਕੰਪਿਊਟਰ ਲੈਬ ਸਥਾਪਤ ਕੀਤੀ ਗਈ ਅਤੇ ਅਧਿਆਪਕਾਂ ਨੂੰ 10 ਲੈਪਟਾਪ ਭੇਂਟ ਕਰਕੇ ਡਿਜੀਟਲ ਸਿੱਖਿਆ ਨੂੰ ਮਜ਼ਬੂਤੀ ਬਖ਼ਸ਼ੀ ਗਈ। ਪਿਛਲੇ ਵਿੱਦਿਅਕ ਸੈਸ਼ਨ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ 10 ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਿੱਖਿਆ ਸਹਾਇਕ ਸਮੱਗਰੀ ਭੇਂਟ ਕੀਤੀ ਗਈ, ਜਿਸ ਨਾਲ ਹੋਰ ਬੱਚਿਆਂ ਨੂੰ ਵੀ ਉਤਸ਼ਾਹ ਮਿਲੇਗਾ। ਸਮਾਗਮ ਦੌਰਾਨ ਸੀਐੱਫਓ ਐਡੁਓਰਡ ਮੈਕ ਨੈਬ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਪ੍ਰੇਰਕ ਸੰਬੋਧਨ ਕੀਤਾ। ਇਸ ਦੇ ਨਾਲ ਹੀ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਰੰਗ-ਬਿਰੰਗੇ ਸੱਭਿਆਚਾਰਕ ਪ੍ਰੋਗਰਾਮਾਂ ਨੇ ਮਹਿਮਾਨਾਂ ਦਾ ਦਿਲ ਜਿੱਤ ਲਿਆ। ਅੰਤ ਵਿਚ ਸਕੂਲ ਪ੍ਰਬੰਧਕਾਂ ਅਤੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ ਵੱਲੋਂ ਸਾਰੇ ਮਹਿਮਾਨਾਂ ਨੂੰ ਦੋਸ਼ਾਲੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦਾ ਮੰਚ ਸੰਚਾਲਨ ਅਧਿਆਪਿਕਾ ਅਮਨਦੀਪ ਕੌਰ ਵੱਲੋਂ ਬੜੀ ਸੁਚੱਜੀ ਤਰੀਕੇ ਨਾਲ ਕੀਤਾ ਗਿਆ। ਇਹ ਦੌਰਾ ਸਕੂਲ ਲਈ ਇਕ ਨਵੀਂ ਸ਼ੁਰੂਆਤ ਸਾਬਤ ਹੋਇਆ ਹੈ, ਜੋ ਭਵਿੱਖ ਵਿਚ ਵਿਦਿਆਰਥੀਆਂ ਨੂੰ ਡਿਜੀਟਲ ਯੁੱਗ ਦੇ ਨਾਲ ਕਦਮ ਮਿਲਾ ਕੇ ਚਲਣ ਵਿਚ ਮਦਦਗਾਰ ਹੋਵੇਗਾ।