ਸੋਮਵਾਰ ਨੂੰ ਮੋਗਾ ਜ਼ਿਲ੍ਹੇ ਵਿਚ ਕੁਦਰਤ ਦਾ ਕਹਿਰ

ਦੁਪਹਿਰ ਸਮੇਂ ਤੇਜ਼ ਹਨੇਰੀ ਨਾਲ ਹੋਈ ਗੜੇਮਾਰੀ ਨੇ ਕਿਸਾਨਾਂ ਦੀਆਂ ਸਧਰਾਂ ਤੇ ਫੇਰਿਆ ਪਾਣੀ
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਸੋਮਵਾਰ ਨੂੰ ਮੋਗਾ ਜ਼ਿਲ੍ਹੇ ਵਿਚ ਕੁਦਰਤ ਦਾ ਕਹਿਰ ਇਸ ਕਦਰ ਵਧਿਆ ਕਿ ਕਿਸਾਨਾਂ ਦੀਆਂ ਪਲ ਚੁੱਕੀਆਂ ਫਸਲਾਂ ਨੂੰ ਕੁਝ ਮਿੰਟਾਂ ਵਿਚ ਹੀ ਤਬਾਹ ਕਰਕੇ ਕਿਸਾਨਾਂ ਦੀਆਂ ਸਧਰਾਂ ਦੇ ਪਾਣੀ ਫੇਰ ਦਿੱਤਾ। ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ਵਿਚ ਆਏ ਤੇਜ਼ ਤੁਫਾਨ ਨਾਲ ਹੋਈ ਗੜ੍ਹੇਮਾਰੀ ਨੇ ਕਿਸਾਨਾਂ ਨੂੰ ਮੁੜ ਤੋਂ ਮੰਦਹਾਲੀ ਦੀ ਕਗਾਰ ਦੇ ਲਿਆ ਖੜ੍ਹਾ ਕਰ ਦਿੱਤਾ ਹੈ। ਦਪੁਹਿਰ ਸਮੇਂ ਆਏ ਤੇਜ਼ ਤੁਫਾਨ ਨੇ ਕਿਸਾਨਾਂ ਦੇ ਖੇਤਾਂ ਵਿਚ ਲੱਗੇ ਦਰੱਖਤ, ਬਿਜਲੀ ਦੇ ਖੰਬੇ ਅਤੇ ਨੈਸ਼ਨਲ ਹਾਈਵੇ ਮੋਗਾ ਬਰਨਾਲਾ ਰੋਡ ਤੇ ਬੌਡੇ ਪਿੰਡ ਦੇ ਨਜ਼ਦੀਕ ਲੱਗਿਆ ਵੱਡਾ ਅਕਾਰੀ ਸਾਇਨ ਬੋਰਡ ਵੀ ਜੜ੍ਹੋ ਉਖਾੜ ਦਿੱਤਾ ਅਤੇ ਆਵਾਜਾਈ ਰੁੱਕ ਗਈ। ਪੰਜਾਬੀ ਜਾਗਰਣ ਵੱਲੋਂ ਇਕੱਤਰ ਕੀਤੇ ਵੇਰਵਿਆਂ ਵਿਚ ਪਤਾ ਲੱਗਾ ਹੈ ਕਿ ਇਸ ਤੁਫਾਨ ਨੇ ਜਿੱਥੇ ਕਿਸਾਨਾਂ ਅਤੇ ਸ਼ਬਜੀ ਕਾਸ਼ਤਕਾਰਾਂ ਨੂੰ ਭਾਰੀ ਤਬਾਹੀ ਵੱਲ ਧਕੇਲਿਆ ਹੈ ਉੱਥੇ ਆਮ ਜਨਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਅਤੇ ਇਸ ਤਬਾਹੀ ਦੇ ਮੰਜਰ ਨੇ ਕਈ ਰਸਤੇ ਬਲੌਕ ਕਰ ਦਿੱਤੇ। ਆਮ ਰਾਹਗੀਰਾਂ ਨੂੰ ਆਪਣੀ ਮੰਜਿਲ ਤੱਕ ਜਾਣ ਲਈ ਕਾਫੀ ਮੁਸਕਲਾਂ ਦਾ ਸਾਹਮਣਾ ਕਰਨਾ ਪਿਆ। ਨਿਹਾਲ ਸਿੰਘ ਵਾਲਾ ਦੇ ਪਿੰਡ ਲੁਹਾਰਾ ਵਿਖੇ 2 ਕੁ ਵਜੇ ਦੇ ਕਰੀਬ ਆਏ ਭਾਰੀ ਤੁਫਾਨ ਨਾਲ ਹੋਈ ਗੜ੍ਹੇਮਾਰੀ ਨੇ ਕਿਸਾਨਾਂ ਦੀਆਂ ਸਧਰਾਂ ਦੇ ਪਾਣੀ ਫੇਰਦਿਆਂ ਸਭ ਕੁਝ ਤਬਾਹ ਕਰ ਦਿੱਤਾ। ਕਿਸਾਨ ਦਵਿੰਦਰ ਸਿੰਘ ਲੁਹਾਰਾ ਨੇ ਦੱਸਿਆ ਕਿ ਪਿੰਡ ਲੁਹਾਰਾ ਵਿਖੇ ਆਲੂ ਕਾਸ਼ਤਕਾਰ ਕਿਸਾਨਾਂ ਵੱਲੋਂ ਅਗਲੀ ਲਗਾਈ ਫਸਲ ਮੱਕੀ, ਮੂੰਗੀ ਅਤੇ ਸ਼ਬਜੀਆਂ ਨੂੰ ਗੜ੍ਹਿਆਂ ਨੇ ਪਲਾਂ ਵਿਚ ਹੀ ਤਬਾਹੀ ਦੇ ਕੰਡੇ ਤੇ ਲੈ ਆਂਦਾ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਮੱਕੀ ਦੀ ਫਸਲ ਨੂੰ ਪਾਲ ਕਿ ਪੱਕਣ ਕਿਨਾਰੇ ਕਰ ਰੱਖਿਆ ਸੀ ਅਤੇ ਉਮੀਦਾਂ ਨਾਲ ਕੁਝ ਸਮੇਂ ਬਆਦ ਮੱਕੀ ਅਤੇ ਮੂੰਗੀ ਦੀ ਫਸਲ ਨੂੰ ਕੱਟਣ ਦੀ ਤਿਆਰੀ ਵਿਚ ਸਨ ਕਿਸਾਨ, ਪਰ ਕੁਦਰਤ ਨੇ ਕਹਿਰ ਢੌਹਦਿਆਂ ਪਲਾਂ ਵਿਚ ਸਿਰ ਤੋਂ ਊੱਚੀ ਹੋਈ ਮੱਕੀ ਦੀ ਫਸਲ ਨੂੰ ਬੌਣਿਆਂ ਕਰ ਦਿੱਤਾ ਅਤੇ ਕਿਸਾਨਾਂ ਦੀਆਂ ਸਧਰਾਂ ਦੇ ਪਾਣੀ ਫਿਰ ਗਿਆ।
ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ
ਪਿੰਡ ਮਾਛੀਕਿਆਂ ਦੇ ਕਿਸਾਨ ਜਗਸੀਰ ਸਿੰਘ ਨੇ ਦੱਸਿਆ ਕਿ ਬਆਦ ਦਪੁਹਿਰ ਆਏ ਤੁਫਾਨ ਨਾਲ ਗੜ੍ਹਿਆਂ ਨੇ ਮੂੰਗੀ ਦੀ ਫਸਲ ਦੇ ਨਾਲ ਨਾਲ ਸ਼ਬਜੀ ਅਤੇ ਹਰੇ ਚਾਰੇ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਹੈ। ਜਗਸੀਰ ਸਿੰਘ ਨੇ ਕਿਹਾ ਕਿ ਇਸ ਵਾਰ ਕਿਸਾਨਾਂ ਤੇ ਕੁਦਰਤ ਦਾ ਕਹਿਰ ਰਿਹਾ ਹੈ, ਇਸ ਵਰ੍ਹੇ ਵਿਚ ਕਿਸਾਨ ਘਾਟੇ ਵੱਲ ਹੀ ਜਾਂਦੇ ਨਜਰ ਆ ਰਹੇ ਹਨ। ਜ਼ਿਲ੍ਹੇ ਦੇ ਪਿੰਡ ਮਾਛੀਕੇ, ਬਿਲਾਸਪੁਰ, ਲੁਹਾਰਾ, ਬੌਡੇ, ਬੱਧਨੀ ਕਲਾਂ ਦੇ ਕਿਸਾਨ ਬਲਜਿੰਦਰ ਸਿੰਘ ਮਾਛੀਕੇ, ਹਰਦੇਵ ਸਿੰਘ ਮਾਛੀਕੇ, ਨਿਰਮਲ ਸਿੰਘ ਮਾਛੀਕੇ, ਜਸਵੀਰ ਸਿੰਘ ਮਾਛੀਕੇ, ਅਮਰਜੀਤ ਸਿੰਘ ਮਾਛੀਕੇ, ਹਰਦੇਵ ਸਿੰਘ ਭੰਗੂ ਬੱਧਨੀ, ਸ਼ਾਮ ਸਿੰਘ ਬੱਧਨੀ, ਨਿਰਮਲਜੀਤ ਸਿੰਘ ਬੱਧਨੀ ਕਲਾਂ, ਬਲਜੀਤ ਸਿੰਘ ਬਿੱਲਾ ਲੁਹਾਰਾ, ਛਿੰਦਰਪਾਲ ਸਿੰਘ ਲੁਹਾਰਾ ਨੇ ਦੱਸਿਆ ਕਿ ਇਸ ਤੁਫਾਨ ਨਾਲ ਕਿਸਾਨਾ ਦਾ ਭਾਰੀ ਨੁਕਸਾਨ ਹੋਇਆ ਹੈ। ਕਿਰਤੀ ਕਿਸਾਨ ਯੁੂਨੀਅਨ ਦੇ ਜ਼ਿਲ੍ਹਾ ਆਗੂ ਬੇਅੰਤ ਸਿੰਘ ਮੱਲੇਆਣਾ ਅਤੇ ਬੀਕੇਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਅਤੇ ਬਲਕਰਨ ਸਿੰਘ ਢਿੱਲੋਂ ਨੇ ਪੰਜਾਬ ਸਰਕਾਰ ਤੋਂ ਕਿਸਾਨਾਂ ਨੂੰ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ।