ਫ਼ਰੀਦਕੋਟ ਜ਼ਿਲ੍ਹੇ 'ਚ ਨਗਰ ਕੌਂਸਲ ਚੋਣਾਂ ਅਮਨ-ਅਮਾਨ ਨਾਲ ਸੰਪੰਨ;

ਹਰਪ੍ਰੀਤ ਸਿੰਘ ਚਾਨਾ,ਵਿਕਾਸ ਗਰਗ, ਪੰਜਾਬੀ ਜਾਗਰਣ, ਫ਼ਰੀਦਕੋਟ : ਫ਼ਰੀਦਕੋਟ, ਕੋਟਕਪੂਰਾ ਅਤੇ ਜੈਤੋ ਸਮੇਤ ਪੂਰੇ ਜ਼ਿਲ੍ਹੇ ਵਿੱਚ ਨਗਰ ਕੌਂਸਲ ਚੋਣਾਂ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ਼ਾਂਤੀਪੂਰਵਕ ਮਾਹੌਲ ਵਿੱਚ ਸਮਾਪਤ ਹੋ ਗਈਆਂ। ਲੋਕਤੰਤਰ ਦੇ ਇਸ ਤਿਉਹਾਰ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਵੇਰੇ 8 ਵਜੇ ਜਿਵੇਂ ਹੀ ਪੋਲਿੰਗ ਸਟੇਸ਼ਨ ਖੁੱਲ੍ਹੇ, ਵੋਟਰਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਮਰਦਾਂ, ਔਰਤਾਂ ਅਤੇ ਬਜ਼ੁਰਗਾਂ ਨੇ ਹੱਥਾਂ ਵਿੱਚ ਵੋਟਿੰਗ ਸਲਿੱਪਾਂ ਫੜ ਕੇ ਉਤਸ਼ਾਹ ਨਾਲ ਆਪਣੀ ਵਾਰੀ ਦਾ ਇੰਤਜ਼ਾਰ ਕੀਤਾ। ਜ਼ਿਲ੍ਹੇ ਦੇ 25 ਵਾਰਡਾਂ ਦੇ ਕੁੱਲ 249 ਉਮੀਦਵਾਰਾਂ ਦੀ ਸਿਆਸੀ ਕਿਸਮਤ ਹੁਣ ਪੇਟੀਆਂ ਵਿੱਚ ਬੰਦ ਹੋ ਚੁੱਕੀ ਹੈ, ਜਿਸ ਦਾ ਫੈਸਲਾ 29 ਮਈ ਨੂੰ ਨਤੀਜਿਆਂ ਵਾਲੇ ਦਿਨ ਹੋਵੇਗਾ।ਵੋਟਿੰਗ ਦਾ ਰਫ਼ਤਾਰ ਗ੍ਰਾਫ਼: ਦੁਪਹਿਰ ਤੋਂ ਬਾਅਦ ਆਈ ਤੇਜ਼ੀਚੋਣ ਕਮਿਸ਼ਨ ਦੇ ਅਧਿਕਾਰਤ ਅੰਕੜਿਆਂ ਮੁਤਾਬਕ, ਸਵੇਰ ਦੇ ਸਮੇਂ ਵੋਟਿੰਗ ਦੀ ਰਫ਼ਤਾਰ ਕਾਫ਼ੀ ਸੁਸਤ ਰਹੀ। ਫ਼ਰੀਦਕੋਟ ਵਿੱਚ ਕੁੱਲ 53.53% ਵੋਟਿੰਗ ਦਰਜ ਕੀਤੀ ਗਈ।ਜ਼ਿਲ੍ਹੇ ਦੀਆਂ ਤਿੰਨ ਨਗਰ ਕੌਂਸਲਾਂ ਵਿੱਚ ਦੁਪਹਿਰ ਅਤੇ ਸ਼ਾਮ ਤੱਕ ਦੀ ਵੋਟਿੰਗ ਪ੍ਰਤੀਸ਼ਤਤਾ ਦਾ ਵੇਰਵਾ ਇਸ ਪ੍ਰਕਾਰ ਹੈ: ਸ਼ਹਿਰ / ਨਗਰ ਕੌਂਸਲ ਦੁਪਹਿਰ 2:00 ਵਜੇ ਤੱਕ ਸ਼ਾਮ 5:00 ਵਜੇ ਤੱਕ ਫ਼ਰੀਦਕੋਟ 39.37% 53.53% ਕੋਟਕਪੂਰਾ 42.66% ਅੰਤਿਮ ਅੰਕੜਿਆਂ ਦੀ ਉਡੀਕ ਜੈਤੋ 54.92% 70.38% ਨੋਟ: ਕੋਟਕਪੂਰਾ ਵਿੱਚ ਦੁਪਹਿਰ ਤੱਕ 42.66% ਪੋਲਿੰਗ ਹੋ ਚੁੱਕੀ ਸੀ, ਜਦਕਿ ਸ਼ਾਮ ਦੇ ਅੰਤਿਮ ਅੰਕੜਿਆਂ ਦੀ ਅਧਿਕਾਰਤ ਪੁਸ਼ਟੀ ਹੋਣੀ ਅਜੇ ਬਾਕੀ ਹੈ। ਜੈਤੋ ਦੇ ਵੋਟਰ 70 ਫੀਸਦੀ ਤੋਂ ਪਾਰ ਬੰਪਰ ਵੋਟਿੰਗ ਕਰਕੇ ਜ਼ਿਲ੍ਹੇ ਵਿੱਚ ਸਭ ਤੋਂ ਮੋਹਰੀ ਰਹੇ।ਵਾਰਡ ਨੰਬਰ 17 ‘ਚ ਹੰਗਾਮਾ, ਸਾਬਕਾ ਵਿਧਾਇਕ ਢਿੱਲੋਂ ਨੇ ‘ਆਪ’ ਆਗੂਆਂ ਨੂੰ ਭਜਾਇਆ ਚੋਣਾਂ ਦੌਰਾਨ ਸਭ ਤੋਂ ਵੱਧ ਸਿਆਸੀ ਗਰਮਾ-ਗਰਮੀ ਫ਼ਰੀਦਕੋਟ ਦੇ ਵਾਰਡ ਨੰਬਰ 17 (ਐਗਰੀਕਲਚਰ ਫਾਰਮ ਪੋਲਿੰਗ ਸਟੇਸ਼ਨ) ਵਿਖੇ ਦੇਖਣ ਨੂੰ ਮਿਲੀ। ਸਵੇਰ ਦੇ ਸਮੇਂ ਇੱਥੇ ਫ਼ੌਜੀ ਜਵਾਨਾਂ ਦੀਆਂ ਵੋਟਾਂ ਪਾਉਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਕੁਝ ਰਾਜਨੀਤਿਕ ਪਾਰਟੀਆਂ ਵੱਲੋਂ ਫ਼ੌਜੀਆਂ ਦੀਆਂ ਵੋਟਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ, ਜਿਸ ’ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸਖ਼ਤ ਇਤਰਾਜ਼ ਜਤਾਇਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਸ਼ਾਂਤ ਕਰਵਾਇਆ।ਇਸੇ ਬੂਥ 'ਤੇ ਸ਼ਾਮ ਦੇ ਸਮੇਂ ਦੁਬਾਰਾ ਹੰਗਾਮਾ ਹੋਇਆ ਜਦੋਂ ਆਮ ਆਦਮੀ ਪਾਰਟੀ (ਝਾੜੂ) ਦੇ ਕੁਝ ਆਗੂ ਕਥਿਤ ਤੌਰ ’ਤੇ ਪੋਲਿੰਗ ਬੂਥ ਦੇ ਅੰਦਰ ਵੜ ਗਏ। ਇਸ ਦੀ ਭਿਣਕ ਲੱਗਦਿਆਂ ਹੀ ਕਾਂਗਰਸ ਦੇ ਸਾਬਕਾ ਐਮ.ਐਲ.ਏ. ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਖੁਦ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਹੁਲੜ ਬਾਜ਼ਾਂ ਨੂੰ ਉੱਥੋਂ ਭਜਾਇਆ। ਇਸ ਦੌਰਾਨ ਪੁਲਿਸ ਨਾਲ ਵੀ ਉਨ੍ਹਾਂ ਦੀ ਤਿੱਖੀ ਬਹਿਸ ਹੋਈ। ਪ੍ਰਸ਼ਾਸਨ ਨੂੰ ਆੜੇ ਹੱਥੀਂ ਲੈਂਦਿਆਂ ਕੁਸ਼ਲਦੀਪ ਢਿੱਲੋਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਮਿਹਨਤ ਨਾਲ ਬਣਾਈ ਗਈ ਖੀਰ ਦੇ ਵਿੱਚ, ਹੁਣ ਅਖੀਰਲੇ ਅੱਧੇ ਘੰਟੇ ਵਿੱਚ ਚੁਟਕੀ ਸਵਾਹ ਦੀ ਪਾ ਕੇ ਸਾਰਾ ਮਾਮਲਾ ਖ਼ਰਾਬ ਨਾ ਕਰੋ। ਉੱਚ ਪੁਲਿਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਸੁਰੱਖਿਆ ਪ੍ਰਬੰਧ ਪੂਰੀ ਤਰ੍ਹਾਂ ਸਖ਼ਤ ਹਨ ਅਤੇ ਕਿਸੇ ਵੀ ਪਾਰਟੀ ਨੂੰ ਕੋਈ ਧੱਕੇਸ਼ਾਹੀ ਨਹੀਂ ਕਰਨ ਦਿੱਤੀ ਜਾਵੇਗੀ।ਸੁਰੱਖਿਆ ਦੇ ਪੁਖਤਾ ਪ੍ਰਬੰਧ, ਪਰ ਬਜ਼ੁਰਗਾਂ ਨੂੰ ਵ੍ਹੀਲਚੇਅਰਾਂ ਦੀ ਘਾਟ ਰੜਕੀਪ੍ਰਸ਼ਾਸਨ ਵੱਲੋਂ ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਬੂਥਾਂ ’ਤੇ ਵਿਸ਼ੇਸ਼ ਨਿਗਰਾਨੀ ਰੱਖੀ ਗਈ ਸੀ। ਪੋਲਿੰਗ ਸਟੇਸ਼ਨਾਂ ਦੇ ਅੰਦਰ ਮੋਬਾਈਲ ਫ਼ੋਨ ਲੈ ਕੇ ਜਾਣ 'ਤੇ ਮੁਕੰਮਲ ਪਾਬੰਦੀ ਰਹੀ ਅਤੇ ਵੋਟਰ ਪਰਚੀਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ। ਪਰ, ਦੂਜੇ ਪਾਸੇ ਜ਼ਿਆਦਾਤਰ ਪੋਲਿੰਗ ਸਟੇਸ਼ਨਾਂ 'ਤੇ ਵ੍ਹੀਲਚੇਅਰਾਂ ਦੀ ਭਾਰੀ ਘਾਟ ਦੇਖਣ ਨੂੰ ਮਿਲੀ, ਜਿਸ ਕਾਰਨ ਬਜ਼ੁਰਗ ਅਤੇ ਦਿਵਿਆਂਗ ਵੋਟਰਾਂ ਨੂੰ ਬੂਥਾਂ ਤੱਕ ਪਹੁੰਚਣ ਲਈ ਭਾਰੀ ਜੱਦੋ-ਜਹਿਦ ਕਰਨੀ ਪਈ। ਕਈ ਬਜ਼ੁਰਗ ਹੌਲੀ-ਹੌਲੀ ਪੈਦਲ ਤੁਰ ਕੇ ਵੋਟ ਪਾਉਣ ਲਈ ਮਜਬੂਰ ਨਜ਼ਰ ਆਏ।ਚੋਣ ਪ੍ਰਕਿਰਿਆ ਅਮਨ-ਅਮਾਨ ਨਾਲ ਨੇਪਰੇ ਚੜ੍ਹਨ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਸਮੂਹ ਚੋਣ ਅਮਲੇ ਅਤੇ ਪੁਲਿਸ ਫੋਰਸ ਦਾ ਧੰਨਵਾਦ ਪ੍ਰਗਟਾਇਆ ਹੈ। ਦੂਜੇ ਪਾਸੇ, ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਆਪੋ-ਆਪਣੀ ਜਿੱਤ ਦੇ ਵੱਡੇ ਦਾਅਵੇ ਕੀਤੇ ਹਨ।