ਲੱਖਾਂ ਦਾ ਮਾਲੀਆ ਦੇਣ ਵਾਲੀ ਮੁਕਤਸਰ ਤਹਿਸੀਲ ਪਿਆਸੀ, ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਲੋਕ
ਲੱਖਾਂ ਦਾ ਮਾਲੀਆ ਦੇਣ ਵਾਲੀ ਮੁਕਤਸਰ ਤਹਿਸੀਲ ਪਿਆਸੀ, ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਲੋਕ
Publish Date: Fri, 08 May 2026 04:06 PM (IST)
Updated Date: Fri, 08 May 2026 04:08 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸਰਕਾਰ ਨੂੰ ਰੋਜ਼ਾਨਾ ਲੱਖਾਂ ਰੁਪਏ ਦਾ ਮਾਲੀਆ (ਰੈਵੀਨਿਊ) ਇਕੱਠਾ ਕਰਕੇ ਦੇਣ ਵਾਲੀ ਸਥਾਨਕ ਤਹਿਸੀਲ ਖ਼ੁਦ ਬੁਨਿਆਦੀ ਸਹੂਲਤਾਂ ਤੋਂ ਸੱਖਣੀ ਹੈ। ਹੈਰਾਨੀ ਦੀ ਗੱਲ ਹੈ ਕਿ ਇੱਥੇ ਆਪਣੇ ਕੰਮ-ਕਾਜ ਲਈ ਆਉਣ ਵਾਲੀ ਜਨਤਾ ਲਈ ਪੀਣ ਵਾਲੇ ਪਾਣੀ ਤੱਕ ਦਾ ਕੋਈ ਪ੍ਰਬੰਧ ਨਹੀਂ ਹੈ। ਸਿੱਟੇ ਵਜੋਂ ਭਿਆਨਕ ਗਰਮੀ ਦੇ ਇਸ ਮੌਸਮ ਵਿੱਚ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਹਿਸੀਲ ਕੰਪਲੈਕਸ ਵਿੱਚ ਲੱਗੀ ਠੰਢੇ ਪਾਣੀ ਵਾਲੀ ਮਸ਼ੀਨ (ਵਾਟਰ ਕੂਲਰ) ਪਿਛਲੇ ਲੰਮੇ ਸਮੇਂ ਤੋਂ ਖ਼ਰਾਬ ਪਈ ਹੈ। ਪ੍ਰਸ਼ਾਸਨ ਦੀ ਗ਼ੈਰ-ਜ਼ਿੰਮੇਵਾਰੀ ਦਾ ਆਲਮ ਇਹ ਹੈ ਕਿ ਇਸ ਮਸ਼ੀਨ ਨੂੰ ਠੀਕ ਕਰਵਾਉਣ ਦੀ ਬਜਾਏ ਡੀਸੀ ਦਫ਼ਤਰ ਦੇ ਨੇੜੇ ਇੱਕ ਕੋਨੇ ਵਿੱਚ ਸੁੱਟ ਦਿੱਤਾ ਗਿਆ ਹੈ। ਵਾਰੀ ਲੰਘਣ ਦਾ ਡਰ ਤੇ ਖੱਜਲ-ਖੁਆਰੀ ਤਹਿਸੀਲ ਕੰਪਲੈਕਸ ਵਿੱਚ ਰਜਿਸਟਰੀਆਂ ਅਤੇ ਹੋਰ ਸਰਕਾਰੀ ਕੰਮਾਂ ਲਈ ਦੂਰ-ਦੁਰਾਡਿਓਂ ਲੋਕ ਆਉਂਦੇ ਹਨ। ਪੀਣ ਵਾਲੇ ਪਾਣੀ ਦੀ ਸਹੂਲਤ ਨਾ ਹੋਣ ਕਾਰਨ ਉਨ੍ਹਾਂ ਨੂੰ ਤਹਿਸੀਲ ਤੋਂ ਬਾਹਰ ਜਾਣਾ ਪੈਂਦਾ ਹੈ। ਲੋਕਾਂ ਵਿੱਚ ਅਕਸਰ ਇਹ ਡਰ ਬਣਿਆ ਰਹਿੰਦਾ ਹੈ ਕਿ ਜੇਕਰ ਉਹ ਪਾਣੀ ਪੀਣ ਬਾਹਰ ਗਏ ਤਾਂ ਪਿੱਛੋਂ ਉਨ੍ਹਾਂ ਦੀ ਵਾਰੀ ਲੰਘ ਜਾਵੇਗੀ, ਜਿਸ ਕਾਰਨ ਬਹੁਤੇ ਲੋਕ ਪਿਆਸੇ ਬੈਠ ਕੇ ਹੀ ਇੰਤਜ਼ਾਰ ਕਰਨ ਲਈ ਮਜਬੂਰ ਹਨ। ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਸਕੱਤਰ ਜਸਵੰਤ ਸਿੰਘ ਕੋਟਲੀ, ਪ੍ਰੈਸ ਸਕੱਤਰ ਨਿਰਮਲ ਸਿੰਘ ਸੰਗੂਧੌਣ, ਖ਼ਜ਼ਾਨਚੀ ਸੁਖਦਰਸ਼ਨ ਸਿੰਘ ਰੁਪਾਣਾ ਅਤੇ ਸੀਨੀਅਰ ਮੀਤ ਪ੍ਰਧਾਨ ਸ਼ਿਵਰਾਜ ਸਿੰਘ ਭੰਗਚੜ੍ਹੀ ਨੇ ਇਸ ਸਥਿਤੀ ਤੇ ਗਹਿਰੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਜਿਸ ਦਫ਼ਤਰ ਤੋਂ ਸਰਕਾਰ ਨੂੰ ਇੰਨੀ ਵੱਡੀ ਕਮਾਈ ਹੁੰਦੀ ਹੈ, ਉੱਥੇ ਆਮ ਜਨਤਾ ਲਈ ਪਾਣੀ ਵਰਗੀ ਬੁਨਿਆਦੀ ਸਹੂਲਤ ਵੀ ਨਹੀਂ ਹੈ। ਅਸੀਂ ਮੰਗ ਕਰਦੇ ਹਾਂ ਕਿ ਤਹਿਸੀਲ ਕੰਪਲੈਕਸ ਦੇ ਅੰਦਰ ਤੁਰੰਤ ਨਵੇਂ ਵਾਟਰ ਕੂਲਰ ਲਗਾਏ ਜਾਣ ਤਾਂ ਜੋ ਲੋਕਾਂ ਦੀ ਖੱਜਲ-ਖੁਆਰੀ ਬੰਦ ਹੋ ਸਕੇ। ਕਿਸਾਨ ਆਗੂਆਂ ਅਤੇ ਸਥਾਨਕ ਨਿਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਮਸਲੇ ਦਾ ਤੁਰੰਤ ਹੱਲ ਕੀਤਾ ਜਾਵੇ, ਨਹੀਂ ਤਾਂ ਆਉਣ ਵਾਲੇ ਦਿਨਾਂ ’ਚ ਸੰਘਰਸ਼ ਤੇਜ਼ ਕੀਤਾ ਜਾਵੇਗਾ। ਪਾਣੀ ਦੇ ਕੈਂਪਰ ਰਖਵਾ ਦਿੱਤੇ ਹਨ : ਤਹਿਸੀਲਦਾਰ ਉਧਰ ਜਦ ਇਸ ਸਬੰਧੀ ਤਹਿਸੀਲਦਾਰ ਚਰਨਜੀਤ ਕੌਰ ਨਾਲ ਫੋਨ ’ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸਤੋਂ ਪਹਿਲਾਂ ਦਿੱਕਤ ਸੀ, ਉਪਰੋਂ ਮੋਟਰਾਂ ਖਰਾਬ ਸੀ ਪਰ ਹੁਣ ਪਾਣੀ ਦੇ ਕੈਂਪਰ ਰਖਵਾ ਦਿੱਤੇ ਗਏ ਹਨ।