ਮੁਕਤਸਰ ਦੇ ਪਿੰਡ ਸੀਰਵਾਲੀ ’ਚ ਬੁੱਧਵਾਰ ਨੂੰ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਨਹਿਰੀ ਵਿਭਾਗ ਦੀ ਟੀਮ ਪੁਲਿਸ ਫੋਰਸ ਸਮੇਤ ਇੱਕ ਕਿਸਾਨ ਦੇ ਖੇਤ ਵਿੱਚ ਪਾਈਪਲਾਈਨ ਵਿਛਾਉਣ ਪਹੁੰਚੀ। ਵਿਰੋਧ ਕਰਦਿਆਂ ਕਿਸਾਨ ਹਰਜੂਰ ਸਿੰਘ ਨੇ ਕੀਟਨਾਸ਼ਕ ਦਵਾਈ ਪੀ ਲਈ, ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਦੇ ਪਿੰਡ ਸੀਰਵਾਲੀ ’ਚ ਬੁੱਧਵਾਰ ਨੂੰ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਨਹਿਰੀ ਵਿਭਾਗ ਦੀ ਟੀਮ ਪੁਲਿਸ ਫੋਰਸ ਸਮੇਤ ਇੱਕ ਕਿਸਾਨ ਦੇ ਖੇਤ ਵਿੱਚ ਪਾਈਪਲਾਈਨ ਵਿਛਾਉਣ ਪਹੁੰਚੀ। ਵਿਰੋਧ ਕਰਦਿਆਂ ਕਿਸਾਨ ਹਰਜੂਰ ਸਿੰਘ ਨੇ ਕੀਟਨਾਸ਼ਕ ਦਵਾਈ ਪੀ ਲਈ, ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਬਿਨਾਂ ਪਾਈਪਲਾਈਨ ਪਾਏ ਹੀ ਮੌਕੇ ਤੋਂ ਵਾਪਸ ਪਰਤ ਗਿਆ। ਕਿਸਾਨ ਦੇ ਭਤੀਜੇ ਹਰਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਉਨ੍ਹਾਂ ਦੇ ਖੇਤ ਵਿੱਚੋਂ ਜ਼ਬਰਦਸਤੀ ਪਾਈਪਲਾਈਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਲੋਕਾਂ ਦੀ ਸ਼ਹਿ ’ਤੇ ਹੋ ਰਿਹਾ ਹੈ, ਜਦਕਿ ਸਾਡਾ ਇਹ ਮਾਮਲਾ ਅਦਾਲਤ ਵਿੱਚ ਵੀ ਵਿਚਾਰ ਅਧੀਨ ਹੈ। ਹਰਵਿੰਦਰ ਸਿੰਘ ਨੇ ਦੱਸਿਆ ਕਿ ਕਰੀਬ 34 ਸਾਲ ਪਹਿਲਾਂ ਇਸ ਜਗ੍ਹਾ ’ਤੇ ਖਾਲ ਬਣਿਆ ਹੋਇਆ ਸੀ, ਪਰ ਹੁਣ ਪਾਣੀ ਕਿਸੇ ਦੂਜੀ ਦਿਸ਼ਾ ਤੋਂ ਆ ਰਿਹਾ ਹੈ।
ਇਸਦੇ ਬਾਵਜੂਦ ਪ੍ਰਸ਼ਾਸਨ ਉਨ੍ਹਾਂ ਦੇ ਖੇਤ ਵਿੱਚ ਨਵਾਂ ਖਾਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਨੇ ਨਹਿਰੀ ਵਿਭਾਗ ਦੇ ਐਕਸੀਅਨ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਐਕਸੀਅਨ ਜਾਣਬੁੱਝ ਕੇ ਸਾਡੇ ਨਾਲ ਧੱਕਾ ਕਰ ਰਹੇ ਹਨ। ਕੋਰਟ ਵਿੱਚ ਕੇਸ ਚੱਲਣ ਦੇ ਬਾਵਜੂਦ ਉਹ ਮੇਰੇ ਖੇਤ ਵਿੱਚ ਜ਼ਬਰਦਸਤੀ ਖਾਲ ਬਣਾ ਰਹੇ ਹਨ। ਹਰਵਿੰਦਰ ਨੇ ਦੱਸਿਆ ਕਿ ਉਨ੍ਹਾਂ ਦੇ ਚਾਚਾ ਨੇ ਲਾਈਵ ਵੀਡੀਓ ਦੌਰਾਨ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਪੀ ਲਈ ਹੈ। ਇਸ ਦੌਰਾਨ ਮੌਕੇ ’ਤੇ ਭਾਰੀ ਪੁਲਿਸ ਫੋਰਸ ਤਾਇਨਾਤ ਰਹੀ ਅਤੇ ਮਾਹੌਲ ਕਾਫੀ ਤਣਾਅਪੂਰਨ ਬਣਿਆ ਰਿਹਾ।
ਬਾਅਦ ਵਿੱਚ ਨਹਿਰੀ ਵਿਭਾਗ ਦੇ ਅਧਿਕਾਰੀ ਬਿਨਾਂ ਕੰਮ ਕੀਤੇ ਹੀ ਉੱਥੋਂ ਚਲੇ ਗਏ। ਦੂਜੇ ਪਾਸੇ ਨਹਿਰੀ ਵਿਭਾਗ ਦੇ ਐਕਸੀਅਨ ਸੰਦੀਪ ਕੰਬੋਜ ਨੇ ਕਿਹਾ ਕਿ ਸਰਕਾਰ ਨੇ ਪਾਈਪਲਾਈਨ ਪਾਉਣ ਦਾ ਪ੍ਰੋਜੈਕਟ ਪਾਸ ਕੀਤਾ ਹੋਇਆ ਹੈ। ਪਿਛਲੇ ਛੇ ਮਹੀਨਿਆਂ ਤੋਂ ਕੰਮ ਰੁਕਿਆ ਹੋਇਆ ਸੀ। ਹੁਣ ਫ਼ਸਲ ਦੀ ਕਟਾਈ ਤੋਂ ਬਾਅਦ ਜਦੋਂ ਕੰਮ ਸ਼ੁਰੂ ਕਰਨ ਆਏ ਤਾਂ ਇੱਕ ਕਿਸਾਨ ਨੇ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਕਿਸਾਨ ਨੇ ਦਵਾਈ ਪੀਤੀ ਹੈ ਜਾਂ ਨਹੀਂ। ਅਸੀਂ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਇੱਥੇ ਆਏ ਹਾਂ ਅਤੇ ਆਪਣੀ ਡਿਊਟੀ ਕਰ ਰਹੇ ਹਾਂ। ਅਦਾਲਤ ਵੱਲੋਂ ਕਿਸੇ ਸਟੇਅ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈ।