ਜ਼ਿਲ੍ਹੇ ਦੇ ਲੰਬੀ ਥਾਣਾ ਖੇਤਰ 'ਚ ਪੁਲਿਸ ਟੀਮ 'ਤੇ ਜਾਨਲੇਵਾ ਹਮਲਾ ਕਰ ਕੇ ਐੱਨਡੀਪੀਐੱਸ ਐਕਟ ਤਹਿਤ ਭਗੌੜੇ ਮੁਲਜ਼ਮ ਨੂੰ ਉਸ ਦੇ ਰਿਸ਼ਤੇਦਾਰਾਂ ਤੇ ਹੋਰ ਸਾਥੀਆਂ ਨੇ ਪੁਲਿਸ ਦੀ ਗ੍ਰਿਫ਼ਤ 'ਚੋਂ ਜਬਰੀ ਛੁਡਵਾ ਕੇ ਭਜਾ ਦਿੱਤਾ। ਘਟਨਾ ਪਿੰਡ ਤਰਮਾਲਾ ਦੀ ਹੈ, ਜਿੱਥੇ ਪੁਲਿਸ ਟੀਮ ਨਸ਼ਾ ਤਸਕਰੀ ਦੇ ਮੁਲਜ਼ਮ ਨੂੰ ਫੜਨ ਗਈ ਸੀ।

ਜਾਸ, ਲੰਬੀ (ਸ੍ਰੀ ਮੁਕਤਸਰ ਸਾਹਿਬ) : ਜ਼ਿਲ੍ਹੇ ਦੇ ਲੰਬੀ ਥਾਣਾ ਖੇਤਰ 'ਚ ਪੁਲਿਸ ਟੀਮ 'ਤੇ ਜਾਨਲੇਵਾ ਹਮਲਾ ਕਰ ਕੇ ਐੱਨਡੀਪੀਐੱਸ ਐਕਟ ਤਹਿਤ ਭਗੌੜੇ ਮੁਲਜ਼ਮ ਨੂੰ ਉਸ ਦੇ ਰਿਸ਼ਤੇਦਾਰਾਂ ਤੇ ਹੋਰ ਸਾਥੀਆਂ ਨੇ ਪੁਲਿਸ ਦੀ ਗ੍ਰਿਫ਼ਤ 'ਚੋਂ ਜਬਰੀ ਛੁਡਵਾ ਕੇ ਭਜਾ ਦਿੱਤਾ। ਘਟਨਾ ਪਿੰਡ ਤਰਮਾਲਾ ਦੀ ਹੈ, ਜਿੱਥੇ ਪੁਲਿਸ ਟੀਮ ਨਸ਼ਾ ਤਸਕਰੀ ਦੇ ਮੁਲਜ਼ਮ ਨੂੰ ਫੜਨ ਗਈ ਸੀ।
ਸੀਨੀਅਰ ਕਾਂਸਟੇਬਲ ਹਰਦੀਪ ਸਿੰਘ ਅਨੁਸਾਰ, ਉਨ੍ਹਾਂ ਨੂੰ ਖੁਫ਼ੀਆ ਸੂਚਨਾ ਮਿਲੀ ਸੀ ਕਿ 26 ਜੁਲਾਈ 2023 ਨੂੰ ਐੱਨਡੀਪੀਐੱਸ ਐਕਟ ਮਾਮਲੇ ਵਿੱਚ ਨਾਮਜ਼ਦ ਤੇ ਅਦਾਲਤ ਵੱਲੋਂ ਭਗੌੜਾ ਐਲਾਨ ਕੁਲਜਿੰਦਰ ਸਿੰਘ ਉਰਫ਼ ਗੁੰਦੀ ਆਪਣੇ ਮਾਮੇ ਦੇ ਘਰ ਪਿੰਡ ਤਰਮਾਲਾ ਆਇਆ ਹੋਇਆ ਹੈ। ਸੂਚਨਾ ਦੇ ਆਧਾਰ 'ਤੇ ਪੁਲਿਸ ਟੀਮ ਨੇ ਪਿੰਡ ਦੀ ਘੇਰਾਬੰਦੀ ਕੀਤੀ ਅਤੇ ਮੁਲਜ਼ਮ ਨੂੰ ਕਾਬੂ ਕਰ ਲਿਆ। ਪੁਲਿਸ ਜਦੋਂ ਉਸ ਨੂੰ ਸਰਕਾਰੀ ਗੱਡੀ 'ਚ ਬਿਠਾਉਣ ਲੱਗੀ, ਤਾਂ ਉਸ ਦੇ ਰਿਸ਼ਤੇਦਾਰਾਂ ਤੇ ਹੋਰ ਸਾਥੀਆਂ ਨੇ ਟੀਮ ਨੂੰ ਘੇਰ ਲਿਆ।
ਬਿਆਨ ਅਨੁਸਾਰ, ਧਰਮਪ੍ਰੀਤ ਸਿੰਘ ਉਰ ਫ਼ਕਾਲੀ ਅਤੇ ਉਸ ਦੇ ਸਾਥੀਆਂ ਨੇ ਅਚਾਨਕ ਪੁਲਿਸ 'ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਪੁਲਿਸ ਮੁਲਾਜ਼ਮਾਂ ਨਾਲ ਹੱਥੋਪਾਈ ਕੀਤੀ, ਵਰਦੀ ਪਾੜ ਦਿੱਤੀ ਅਤੇ ਬਟਨ ਤੋੜ ਦਿੱਤੇ। ਸਰਕਾਰੀ ਡਿਊਟੀ 'ਚ ਵਿਘਨ ਪਾਉਂਦੇ ਹੋਏ ਹਮਲਾਵਰਾਂ ਨੇ ਸਹਿਮ ਦਾ ਮਾਹੌਲ ਬਣਾ ਦਿੱਤਾ। ਇਸ ਦੇ ਫਾਇਦਾ ਉਠਾ ਕੇ ਹਮਲਾਵਰ ਭਗੌੜੇ ਕੁਲਜਿੰਦਰ ਸਿੰਘ ਨੂੰ ਪੁਲਿਸ ਹਿਰਾਸਤ 'ਚੋਂ ਛੁਡਵਾ ਕੇ ਫ਼ਰਾਰ ਹੋ ਗਏ।
ਘਟਨਾ ਤੋਂ ਬਾਅਦ ਲੰਬੀ ਥਾਣਾ ਪੁਲਿਸ ਨੇ ਤੁਰੰਤ ਸਖ਼ਤ ਕਰਵਾਈ ਕੀਤੀ। ਪੁਲਿਸ ਨੇ ਕੁੱਲ ਸੱਤ ਲੋਕਾਂ ਖਿ਼ਲਾਫ਼ ਮਾਮਲਾ ਦਰਜ ਕੀਤਾ, ਜਿਨ੍ਹਾਂ 'ਚ ਪੰਜ ਮਾਲੂਮ ਤੇ ਦੋ ਅਣਪਛਾਤੇ ਸ਼ਾਮਲ ਹਨ। ਮਾਮਲੇ 'ਚ ਧਰਮਪ੍ਰੀਤ ਸਿੰਘ, ਮਨਦੀਪ ਕੌਰ ਪਤਨੀ ਸੁਖਜਿੰਦਰ ਸਿੰਘ ਅਤੇ ਭਜਨਦੀਪ ਕੌਰ ਪੁੱਤਰੀ ਸੁਖਜਿੰਦਰ ਸਿੰਘ ਸਾਰੇ ਨਿਵਾਸੀ ਤਰਮਾਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਦੋਂਕਿ ਮੁੱਖ ਮੁਲਜ਼ਮ ਕੁਲਜਿੰਦਰ ਸਿੰਘ ਉਰਫ਼ ਗੁੰਦੀ ਨਾਲ ਗੁਲਜਿੰਦਰ ਸਿੰਘ, ਸੁਖਜੀਤ ਕੌਰ ਅਤੇ ਹੋਰ ਅਣਪਛਾਤੇ ਮੁਲਜ਼ਮਾਂ ਦੀ ਤਲਾਸ਼ ਜਾਰੀ ਹੈ। ਜਾਂਚ ਅਧਿਕਾਰੀ ਏਐੱਸਆਈ ਸੁਖਰਾਜ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸਾਫ਼ ਕੀਤਾ ਹੈ ਕਿ ਸਰਕਾਰੀ ਕੰਮ 'ਚ ਰੁਕਾਵਟ ਪਾਉਣ ਅਤੇ ਪੁਲਿਸ 'ਤੇ ਹਮਲਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗੀ। ਮੁਲਜ਼ਮਾਂ 'ਤੇ ਸਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।