ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ
ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ
Publish Date: Mon, 18 May 2026 06:40 PM (IST)
Updated Date: Mon, 18 May 2026 06:42 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਗਿੱਦੜਬਾਹਾ : ਥਾਣਾ ਗਿੱਦੜਬਾਹਾ ਪੁਲਿਸ ਨੇ ਇੱਕ ਕਾਰ ਚਾਲਕ ਖ਼ਿਲਾਫ਼ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਨਾਲ ਕਾਰ ਚਲਾ ਕੇ ਸੜਕ ਹਾਦਸਾ ਅੰਜਾਮ ਦੇਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ। ਇਸ ਹਾਦਸੇ ’ਚ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ ਸੀ। ਥਾਣਾ ਗਿੱਦੜਬਾਹਾ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਅਮਰਜੀਤ ਸਿੰਘ ਨਿਵਾਸੀ ਪਿੰਡ ਬਾਦੀਆਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਆਪਣੇ ਮੋਟਰਸਾਈਕਲ ਨੰਬਰ ਪੀਬੀ03ਐਚ 6733 ’ਤੇ ਸਵਾਰ ਸੀ, ਜਦਕਿ ਅਮਰਜੀਤ ਖ਼ੁਦ ਦੂਜੇ ਮੋਟਰਸਾਈਕਲ ’ਤੇ ਆਪਣੇ ਗੁਆਂਢੀ ਬਲਜਿੰਦਰ ਸਿੰਘ ਨਾਲ ਗਿੱਦੜਬਾਹਾ ਤੋਂ ਪਿੰਡ ਬਾਦੀਆਂ ਜਾ ਰਿਹਾ ਸੀ। ਗੁਰਪ੍ਰੀਤ ਸਿੰਘ ਆਪਣੇ ਮੋਟਰਸਾਈਕਲ ’ਤੇ ਇਕੱਲਾ ਸੀ ਅਤੇ ਉਨ੍ਹਾਂ ਤੋਂ ਥੋੜ੍ਹਾ ਅੱਗੇ ਚੱਲ ਰਿਹਾ ਸੀ। ਜਦੋਂ ਦੋਵੇਂ ਮੋਟਰਸਾਈਕਲ ਪਿੰਡ ਹੁਸਨਰ ਤੋਂ ਗੁਰੂਸਰ ਰੋਡ ’ਤੇ ਸਥਿਤ ਸੇਮ ਨਾਲੇ ਵਾਲੇ ਪੁਲ ਨੇੜੇ ਪਹੁੰਚੇ, ਤਾਂ ਗੁਰੂਸਰ ਵੱਲੋਂ ਆ ਰਹੀ ਇੱਕ ਕਾਰ ਨੰਬਰ ਡੀਐਲ 9ਸੀਜੀ-3585), ਜਿਸਨੂੰ ਗੋਕੁਲ ਸਿੰਘ ਨਿਵਾਸੀ ਗੁਰੂਸਰ ਚਲਾ ਰਿਹਾ ਸੀ ਨੇ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਨਾਲ ਗਲਤ ਸਾਈਡ ਆ ਕੇ ਗੁਰਪ੍ਰੀਤ ਸਿੰਘ ਦੇ ਮੋਟਰਸਾਈਕਲ ਨੂੰ ਸਿੱਧੀ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਗੁਰਪ੍ਰੀਤ ਸਿੰਘ ਮੋਟਰਸਾਈਕਲ ਸਮੇਤ ਕਰੀਬ 10 ਫੁੱਟ ਡੂੰਘੇ ਖੇਤਾਂ ’ਚ ਜਾ ਡਿੱਗਿਆ। ਹਾਦਸੇ ’ਚ ਉਸ ਦੇ ਸਿਰ, ਛਾਤੀ ਅਤੇ ਸਰੀਰ ’ਤੇ ਗੰਭੀਰ ਸੱਟਾਂ ਲੱਗੀਆਂ। ਉਸਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਭਰਤੀ ਕਰਵਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਐਮਸ (AIIMS) ਬਠਿੰਡਾ ਰੈਫਰ ਕਰ ਦਿੱਤਾ। ਉੱਥੇ ਇਲਾਜ ਦੌਰਾਨ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ। ਗਿੱਦੜਬਾਹਾ ਪੁਲਿਸ ਨੇ ਅਮਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਕਾਰ ਚਾਲਕ ਗੋਕੁਲ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।