ਰੱਬ ਦਾ ਦੂਜਾ ਰੂਪ ਹੁੰਦੀ ਹੈ ਮਾਂ : ਸੋਨੂੰ ਸ਼ਰਮਾ
ਰੱਬ ਦਾ ਦੂਜਾ ਰੂਪ ਹੁੰਦੀ ਹੈ ‘ਮਾਂ’ : ਸੋਨੂੰ ਸ਼ਰਮਾ
Publish Date: Sun, 10 May 2026 03:56 PM (IST)
Updated Date: Mon, 11 May 2026 04:00 AM (IST)

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਉੱਘੇ ਕ੍ਰਿਕਟ ਖਿਡਾਰੀ ਅਤੇ ਕਲੈਰੀਕਲ ਯੂਨੀਅਨ ਜੈਤੋ ਦੇ ਪ੍ਰਧਾਨ ਕੋਮਲ ਕੁਮਾਰ ‘ਸੋਨੂੰ ਸ਼ਰਮਾ’ ਨੇ ਕਿਹਾ ਕਿ ਮਾਂ ਸਨੇਹ, ਪਿਆਰ, ਫ਼ਰਜ਼ ਅਤੇ ਸਦਭਾਵਨਾ ਦਾ ਜਿਊਂਦਾ ਜਾਗਦਾ ਰੂਪ ਹੈ। ਮਾਂ ਸ਼ਬਦ ਕਹਿਣ ਅਤੇ ਸੁਣਨ ਨੂੰ ਤਾਂ ਬਹੁਤ ਛੋਟਾ ਹੈ ਪਰ ਉਸ ਦੇ ਅਰਥ ਬਹੁਤ ਗਹਿਰੇ ਹਨ, ਰੱਬ ਦਾ ਦੂਜਾ ਰੂਪ ਹੁੰਦੀ ਹੈ ‘ਮਾਂ’। ਮਾਂ ਸਾਡੇ ਜੀਵਨ ਵਿਚ ਇਕ ਅਹਿਮ ਰੋਲ ਅਦਾ ਕਰਦੀ ਹੈ। ‘ਮਾਂ’ ਸਾਡੀ ਹਰ ਖੁਸ਼ੀ, ਹਰ ਮੁਸ਼ਕਿਲ ਵਿਚ ਸਾਡਾ ਸਾਥ ਦਿੰਦੀ ਹੈ। ਸਾਡੀ ਕਾਮਯਾਬੀ ਵਿਚ ਵੀ ਮਾਂ ਦਾ ਬਹੁਤ ਯੋਗਦਾਨ ਹੁੰਦਾ ਹੈ। ਮਾਂ ਦੀ ਸੇਵਾ ਤੇ ਪਿਆਰ ਦਾ ਕਰਜ਼ਾ ਅਸੀਂ ਕਦੇ ਨਹੀਂ ਚੁਕਾ ਸਕਦੇ। ਜ਼ਿੰਦਗੀ ਨੂੰ ਬਣਾਉਣ ਦਾ ਸਾਰਾ ਸਿਹਰਾ ਮਾਂ ਨੂੰ ਜਾਂਦਾ ਹੈ। ਇਸ ਲਈ ਮਾਂ ਦਾ ਸਦਾ ਸਤਿਕਾਰ ਕਰਨਾ ਚਾਹੀਦਾ ਹੈ। ਕੋਮਲ ਕੁਮਾਰ ‘ਸੋਨੂੰ ਸ਼ਰਮਾ’ ਨੇ ਅੱਗੇ ਕਿਹਾ ਕਿ ਮਨੁੱਖ ਦੀ ਜ਼ਿੰਦਗੀ ’ਚ ਮਾਂ ਦਾ ਰੁਤਵਾ ਲਾਜਵਾਬ ਅਤੇ ਬੇਮਿਸਾਲ ਹੈ। ਇਸ ਦੁਨੀਆਂ ਦਾ ਮੁੱਢ ਬੰਨਣ ਵਾਲ਼ੀ ਮਾਂ ਨੂੰ ਭਾਵੇਂ ਬੋਹੜ ਦੀ ਠੰਡੀ ਛਾਂ ਕਹਿ ਲਵੋ ਜਾਂ ਰੱਬ ਦਾ ਦੂਜਾ ਰੂਪ ਕਹਿ ਲਵੋ, ਇਹ ਸਾਰੇ ਵੱਡੇ-ਵੱਡੇ ਮਾਇਨੇ ਰੱਖਣ ਵਾਲ਼ੇ ਸ਼ਬਦ ਵੀ ਉਸ ਮਾਂ ਦੀ ਮਾਣਮੱਤੇ ਰੁਤਵੇ ਅੱਗੇ ਬੌਣੇ ਸਾਬਿਤ ਹੋ ਜਾਂਦੇ ਹਨ। ਜਿਸ ਤਰ੍ਹਾਂ ਮਾਂ ਦੇ ਹਿੱਸੇ ਬਿਸਤਰੇ ਦਾ ਗਿੱਲਾ ਪਾਸਾ, ਠੰਡੀ ਰੋਟੀ, ਔਲਾਦ ਦੇ ਘਰ ਆਉਣ ਦੀ ਉਡੀਕ ਅਤੇ ਫਿਕਰ ਆਏ ਹਨ, ਉਸਨੂੰ ਦੇਖ ਕੇ ਲੱਗਦਾ ਹੈ ਕਿ ਸਾਲ ਵਿੱਚ ਸਿਰਫ਼ ਇਕ ਦਿਨ ਹੀ ਨਹੀਂ ਸਗੋਂ ਹਰ ਦਿਨ ਹੀ ‘ਮਾਂ ਦਿਵਸ’ ਹੋਣਾ ਚਾਹੀਦਾ ਹੈ। ਇਸ ਮੌਕੇ ਕੋਮਲ ਕੁਮਾਰ ‘ਸੋਨੂੰ ਸ਼ਰਮਾ’ ਦੇ ਸਤਿਕਾਰਯੋਗ ਮਾਤਾ ਲਤਾ ਸ਼ਰਮਾ, ਪਤਨੀ ਰੀਚਾ ਸ਼ਰਮਾ, ਪੁੱਤਰੀ ਦੀਵਾਂਸ਼ੀ ਸ਼ਰਮਾ ਅਤੇ ਪੁੱਤਰ ਸ਼ਿਵਾਸ਼ ਸ਼ਰਮਾ ਹਾਜ਼ਰ ਸਨ।