ਗੁੱਡ ਮੋਰਨਿੰਗ ਵੈੱਲਫੇਅਰ ਕਲੱਬ ਨੇ ਦਵਾਈਆਂ ਭੇਟ ਕੀਤੀਆਂ
ਗੁੱਡ ਮੋਰਨਿੰਗ ਵੈਲਫੇਅਰ ਕਲੱਬ ਵੱਲੋਂ ਹੋਮਿਓਪੈਥੀ ਦਵਾਈਆਂ ਦੀ ਸਹਾਇਤਾ
Publish Date: Mon, 13 Apr 2026 04:52 PM (IST)
Updated Date: Tue, 14 Apr 2026 04:05 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ, :- ਪ੍ਰਸਿੱਧ ਸਮਾਜਸੇਵੀ ਸੰਸਥਾ ਗੁੱਡ ਮੋਰਨਿੰਗ ਵੈਲਫੇਅਰ ਕਲੱਬ ਵੱਲੋਂ ਸਥਾਨਕ ਮੋਗਾ ਰੋਡ ’ਤੇ ਸਥਿੱਤ ਵਿਸ਼ਵਕਰਮਾ ਧਰਮਸ਼ਾਲਾ ਵਿੱਚ ਬਣੀ ਸਰਕਾਰੀ ਹੋਮਿਓਪੈਥੀ ਡਿਸਪੈਂਸਰੀ ਵਿੱਚ ਪਾਈ ਗਈ ਦਵਾਈਆਂ ਦੀ ਘਾਟ ਨੂੰ ਪੂਰਾ ਕਰਨ ਲਈ ਕਲੱਬ ਵੱਲੋਂ ਇਕੱਤਰ ਕੀਤੀ ਗਈ ਰਾਸ਼ੀ ਨਾਲ ਦਵਾਈਆਂ ਦੀ ਪਹਿਲੀ ਕਿਸ਼ਤ ਹੋਮਿਓਪੈਥੀ ਡਿਸਪੈਂਸਰੀ ਦੇ ਡਾਕਟਰ ਯਾਦਵਿੰਦਰ ਸਿੰਘ ਦੀ ਸਹਾਇਤਾ ਨਾਲ 49 ਕਿਸਮ ਦੀਆਂ ਦਵਾਈਆਂ ਉਪਲਬਧ ਕਰਵਾਈਆਂ ਗਈਆਂ। ਕਲੱਬ ਦੇ ਜਨਰਲ ਸਕੱਤਰ ਪੋ੍ਰ ਐਚ ਐਸ ਪਦਮ, ਮੁੱਖ ਸਰਪ੍ਰਸਤ ਗੁਰਿੰਦਰ ਸਿੰਘ, ਪੀਆਰਓ ਮਾ ਸੋਮਨਾਥ ਅਰੋੜਾ, ਜੁਆਂਇੰਟ ਸਕੱਤਰ ਲੈਕ. ਮੁਖਤਿਆਰ ਸਿੰਘ ਮੱਤਾ, ਲੈਕ. ਵਿਨੋਦ ਕੁਮਾਰ ਧਵਨ, ਸ਼ਾਮ ਲਾਲ ਚਾਵਲਾ ਅਤੇ ਸੁਰਿੰਦਰ ਕੁਮਾਰ ਸਚਦੇਵਾ ’ਤੇ ਅਧਾਰਤ ਵਫਦ ਨੇ ਡਾ. ਯਾਦਵਿੰਦਰ ਸਿੰਘ ਨੂੰ ਦਵਾਈਆਂ ਦੀ ਖਰੀਦ ਵਾਸਤੇ 6743 ਰੁਪਏ ਦੀ ਵਿਤੀ ਸਹਾਇਤਾ ਪ੍ਰਦਾਨ ਕੀਤੀ। ਹਾਜਰ ਮੈਂਬਰਾਂ ਨੇ ਦੱਸਿਆ ਕਿ ਹੋਮਿਓਪੈਥੀ ਦਵਾਈ ਅਸਲ ਵਿੱਚ ਲੋੜਵੰਦ ਮਰੀਜ਼ਾਂ ਨੂੰ ਬਹੁਤ ਘੱਟ ਖਰਚੇ ਵਿੱਚ ਉਪਲਬਧ ਕਰਵਾਈ ਜਾਂਦੀ ਹੈ। ਡਾ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਕਈ ਦਵਾਈਆਂ ਦੀ ਸਪਲਾਈ ਸਰਕਾਰ ਵੱਲੋਂ ਘੱਟ ਆਉਂਦੀ ਹੈ, ਜਦਕਿ ਲੋੜ ਅਨੁਸਾਰ ਦਵਾਈਆਂ ਆਪਣੇ ਪੱਧਰ ’ਤੇ ਖਰੀਦਣੀਆਂ ਪੈਂਦੀਆਂ ਹਨ, ਇਸ ਲਈ ਉਹ ਇਸ ਸਹਾਇਤਾ ਲਈ ਗੁੱਡ ਮੋਰਨਿੰਗ ਵੈਲਫੇਅਰ ਕਲੱਬ ਦਾ ਧੰਨਵਾਦ ਕਰਦੇ ਹਨ। ਉਹਨਾ ਦੱਸਿਆ ਕਿ 10374 ਰੁਪਏ ਦੀਆਂ ਦਵਾਈਆਂ ’ਤੇ ਮਿਲੀ 35 ਫੀਸਦੀ ਅਰਥਾਤ 3631 ਰੁਪਏ ਛੋਟ ਕਰਕੇ ਕਲੱਬ ਤੋਂ 6743 ਰੁਪਏ ਦੀ ਹੀ ਮੱਦਦ ਲਈ ਗਈ। ਕਲੱਬ ਦੇ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਕਲੱਬ ਵੱਲੋਂ ਕੀਤੀਆਂ ਜਾਣ ਵਾਲੀਆਂ ਵਿੱਤੀ ਸਹਾਇਤਾ ਵਾਲੀਆਂ ਗਤੀਵਿਧੀਆਂ ਦਾ ਵਿਸਥਾਰ ’ਚ ਜ਼ਿਕਰ ਕਰਦਿਆਂ ਡਾਕਟਰ ਯਾਦਵਿੰਦਰ ਸਿੰਘ ਨੂੰ ਇਹ ਵਿਸ਼ਵਾਸ਼ ਦਿਵਾਇਆ ਕਿ ਭਵਿੱਖ ਵਿੱਚ ਵੀ ਜਦੋਂ ਦਵਾਈਆਂ ਦੀ ਲੋੜ ਪਵੇਗੀ, ਉਹ ਸਮੇਂ-ਸਮੇਂ ’ਤੇ ਸਹਾਇਤਾ ਕਰਦੇ ਰਹਿਣਗੇ। ਇਸ ਮੌਕੇ ਹੋਮਿਓਪੈਥੀ ਡਿਸਪੈਂਸਰੀ ਦੇ ਕਰਮਚਾਰੀ ਬੇਅੰਤ ਸਿੰਘ ਵੀ ਮੌਜੂਦ ਸਨ।