ਕਣਕ ਦਾ ਨਾੜ ਤੇ ਝੋਨੇ ਦੀ ਪਰਾਲੀ ਨਾ ਸਾੜਨ ਲਈ ਪ੍ਰੇਰਿਆ
ਪਿੰਡ ਪੱਧਰੀ ਬੈਠਕਾਂ ਕਰਕੇ 3000 ਤੋਂ ਵੱਧ ਕਿਸਾਨ ਕੀਤੇ ਜਾਗਰੂਕ
Publish Date: Thu, 30 Apr 2026 03:48 PM (IST)
Updated Date: Fri, 01 May 2026 04:02 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਖੇਤੀ ਵਿਰਾਸਤ ਮਿਸ਼ਨ ਵੱਲੋਂ ਕਿਸਾਨਾਂ ਨੂੰ ਕੁਦਰਤੀ ਖੇਤੀ ਅਤੇ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿਚ ਪਿੰਡ ਪੱਧਰੀ ਕਿਸਾਨ ਬੈਠਕਾਂ ਕੀਤੀਆਂ ਗਈਆਂ। ਖੇਤੀ ਵਿਰਾਸਤ ਮਿਸ਼ਨ ਪਿਛਲੇ 21 ਸਾਲਾਂ ਤੋਂ ਕੁਦਰਤੀ ਖੇਤੀ, ਵਾਤਾਵਰਣ ਅਤੇ ਸਿਹਤ ਦੇ ਮੁੱਦਿਆਂ ’ਤੇ ਸਰਗਰਮੀ ਨਾਲ ਕੰਮ ਕਰ ਰਹੀ ਹੈ। ਇਸ ਸਿਲਸਿਲੇ ਤਹਿਤ ਫ਼ਰੀਦਕੋਟ, ਮੋਗਾ, ਸ਼੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਜ਼ਿਲ੍ਹਿਆਂ ਦੇ 120 ਪਿੰਡਾਂ ਵਿਚ ਖੇਤੀ ਵਿਰਾਸਤ ਮਿਸ਼ਨ ਵੱਲੋਂ ਆਰ.ਈ.ਸੀ. ਲਿਮਟਿਡ ਦੇ ਸੀ.ਐੱਸ.ਆਰ. ਵਿਭਾਗ ਆਰ.ਈ.ਸੀ. ਫਾਊਂਡੇਸ਼ਨ ਦੇ ਸਹਿਯੋਗ ਨਾਲ ਕਿਸਾਨ ਬੈਠਕਾਂ ਕੀਤੀਆਂ ਗਈਆਂ। ਇਨ੍ਹਾਂ ਬੈਠਕਾਂ ਵਿਚ 3000 ਤੋਂ ਜ਼ਿਆਦਾ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਬੈਠਕਾਂ ਦੌਰਾਨ ਖੇਤੀ ਵਿਰਾਸਤ ਮਿਸ਼ਨ ਦੇ ਪ੍ਰਤੀਨਿਧਾਂ ਨੇ ਕਿਸਾਨਾਂ ਨੂੰ ਕੁਦਰਤੀ ਖੇਤੀ ਅਤੇ ਖਾਸ ਕਰ ਕੇ ਕਣਕ ਦਾ ਨਾੜ ਅਤੇ ਝੋਨੇ ਦੀ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕੀਤਾ। ਕਿਸਾਨਾਂ ਨੂੰ ਪਰਾਲੀ ਜਾਂ ਨਾੜ ਨੂੰ ਖੇਤਾਂ ਵਿਚ ਹੀ ਡੀਕੰਪੋਜ਼ ਕਰਨ ਦੀ ਪ੍ਰੇਰਣਾ ਦਿੰਦਿਆਂ ਮਾਹਿਰਾਂ ਨੇ ਦੱਸਿਆ ਕਿ ਅਜਿਹਾ ਕਰਕੇ ਜ਼ਮੀਨ ਦੀ ਉਪਜਾਊ ਤਾਕਤ ਵਿਚ ਵਾਧਾ ਹੁੰਦਾ ਹੈ। ਇਸ ਨਾਲ ਖੇਤੀ ਲਾਗਤ ਘਟਦੀ ਹੈ ਅਤੇ ਵਾਤਾਵਰਣ ਵੀ ਪਲੀਤ ਨਹੀਂ ਹੁੰਦਾ। ਕਿਸਾਨਾਂ ਨੂੰ ਦੱਸਿਆ ਗਿਆ ਕਿ ਖੇਤੀ ਵਿਰਾਸਤ ਮਿਸ਼ਨ ਵੱਲੋਂ ਅੱਗ ਮੁਕਤ ਪਰਾਲੀ ਪ੍ਰਬੰਧਨ ਲਈ ਸਲਾਹ ਮਸ਼ਵਰਾ ਅਤੇ ਲੋੜੀਂਦੀਆਂ ਮਸ਼ੀਨਾਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਕਿਸਾਨ ਬੇ-ਝਿਜਕ ਇਨ੍ਹਾਂ ਸਹੂਲਤਾਂ ਦਾ ਲਾਭ ਲੈ ਕੇ ਆਪਣੀ ਖੇਤੀ ਨੂੰ ਸਹੀ ਦਿਸ਼ਾ ਦੇ ਸਕਦੇ ਹਨ। ਬੈਠਕਾਂ ਦੌਰਾਨ ਕਿਸਾਨਾਂ ਨੂੰ ਕਣਕ ਝੋਨੇ ਦੇ ਫ਼ਸਲੀ ਚੱਕਰ ਨੂੰ ਛੱਡ ਕੇ ਹੋਰ ਫ਼ਸਲਾਂ ਬਾਰੇ ਸੋਚਣ ਲਈ ਵੀ ਹਲੂਣਿਆਂ ਗਿਆ। ਖੇਤੀ ਵਿਰਾਸਤ ਮਿਸ਼ਨ ਵੱਲੋਂ ਮਿਲਟ ਅਤੇ ਕਪਾਹ ਦੀ ਖੇਤੀ ਲਈ ਕੀਤੇ ਜਾ ਰਹੇ ਉੱਦਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।