ਖਾਲਸਾਈ ਰਵਾਇਤ ਅਨੁਸਾਰ ਮਨਾਇਆ ਹੋਲਾ ਮਹੱਲਾ
ਕੱਚੇ ਰੰਗਾਂ ਦੀ ਹੋਲ਼ੀ ’ਚੋਂ ਕੱਢ ਕੇ ਖਾਲਸਾਈ ਰਵਾਇਤ ਅਨੁਸਾਰ ਮਨਾਇਆ ਹੋਲਾ ਮਹੱਲਾ
Publish Date: Fri, 06 Mar 2026 03:42 PM (IST)
Updated Date: Sat, 07 Mar 2026 04:00 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਕੋਟਕਪੂਰਾ ਵੱਲੋਂ ਹੋਲਾ ਮੁਹੱਲਾ ਨੂੰ ਸਿੱਖ ਸਵੈਮਾਣ ਦਿਵਸ ਵਜੋਂ ਸਥਾਨਕ ਸਿੱਖਾਂਵਾਲਾ ਰੋਡ ’ਤੇ ਸਥਿੱਤ ਜ਼ੋਨਲ ਦਫ਼ਤਰ ਵਿਖੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਬਖਸ਼ੀ ਰਹਿਤ ਅਨੁਸਾਰ ਕੱਚੇ ਰੰਗਾਂ ਅਤੇ ਸਮਾਜਿਕ ਭੇਦ-ਭਾਵ ਵਾਲੀ ਹੋਲੀ ਵਿੱਚੋਂ ਕੱਢ ਕੇ ਖ਼ਾਲਸਾਈ ਰਵਾਇਤ ਅਤੇ ਗੁਰਮਤਿ ਰਹਿਤ ਅਨੁਸਾਰ ਮਨਾਇਆ ਗਿਆ। ਜਿਸ ਦੀ ਸ਼ੁਰੂਆਤ ਜ਼ੋਨਲ ਕੋਆਰਡੀਨੇਟਰ ਇਸਤਰੀ ਵਿੰਗ ਭੈਣ ਗੁਰਲੀਨ ਕੌਰ ਵੱਲੋਂ ‘ਹੋਲੀ ਕੀਨੀ ਸੰਤ ਸੇਵ।।’ ਸ਼ਬਦ ਗਾਇਨ ਕਰਕੇ ਕੀਤੀ ਗਈ। ਗੁਰਵਿੰਦਰ ਸਿੰਘ ਯੁਨਿਟ ਕੋਆਰਡੀਨੇਟਰ ਕੋਟਕਪੂਰਾ ਨੇ ਜੀ ਆਇਆਂ ਕਿਹਾ। ਜਗਮੋਹਨ ਸਿੰਘ ਖੇਤਰ ਸਕੱਤਰ ਕੋਟਕਪੂਰਾ ਵੱਲੋਂ ਹੋਲਾ ਮਹੱਲੇ ਦੀ ਮਹੱਤਤਾ ਸਾਂਝੀ ਕੀਤੀ ਗਈ। ਉਪਰੰਤ ਨੌਜਵਾਨਾਂ ਦਾ ਗੋਲਾ ਸੁੱਟਣਾ, ਸਲੋਅ ਸਾਇਕਲਿੰਗ, ਵਿਰਾਸਤੀ ਦੌੜ ਅਤੇ ਛੋਟੇ ਬੱਚਿਆਂ ਦੀ ਨਿੰਬੂ ਦੌੜ, ਭੈਣਾਂ ਦੀ ਸਲੋਅ ਸਾਇਕਲਿੰਗ, ਚਾਟੀ ਦੌੜ ਅਤੇ ਕਪਲ ਗੇਮ ਕਰਵਾਈਆਂ ਗਈਆਂ। ਇਸ ਸਮੇਂ ਪਰਮਜੀਤ ਸਿੰਘ ਵੱਲੋਂ ਸੁੰਦਰ ਲਿਖਾਈ ਮੁਕਾਬਲਾ ਵੀ ਕਰਵਾਇਆ ਗਿਆ। ਵਿਸ਼ੇਸ਼ ਤੌਰ ’ਤੇ ਪਹੁੰਚੇ ਅਜੈਪਾਲ ਸਿੰਘ ਸੰਧੂ ਸਮਾਜਸੇਵੀ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕਰਵਾਏ ਜਾਂਦੇ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ। ਇਸ ਸਮੇਂ ਸਟੇਜ ਸਕੱਤਰ ਦੀ ਭੂਮਿਕਾ ਚਮਕੌਰ ਸਿੰਘ ਖੇਤਰ ਪ੍ਰਧਾਨ ਕੋਟਕਪੂਰਾ ਨੇ ਬਾਖੂਬੀ ਨਿਭਾਈ। ਇਤਿਹਾਸ ਨਾਲ ਸਬੰਧਤ ਪ੍ਰਸ਼ਨ ਪੁੱਛ ਕੇ ਗੁਰਵਿੰਦਰ ਸਿੰਘ ਸਿਬੀਆਂ ਨੇ ਸਹੀ ਉੱਤਰ ਦੇਣ ਵਾਲਿਆਂ ਨੂੰ ਮੌਕੇ ’ਤੇ ਹੀ ਇਨਾਮ ਦਿੱਤੇ। ਜੇਤੂਆਂ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਦੇ ਇਸਤਰੀ ਵਿੰਗ ਵੱਲੋਂ ਇਨਾਮ ਤਕਸੀਮ ਕੀਤੇ ਗਏ। ਸਮੁੱਚੇ ਖੇਤਰ ਕੋਟਕਪੂਰਾ ਦੀ ਟੀਮ ਨੇ ਬਹੁਤ ਉਤਸ਼ਾਹ ਨਾਲ ਸੇਵਾ ਕੀਤੀ ਅਤੇ ਖਾਲਸਾਈ ਜਾਹੋ ਜਲਾਲ ਨਾਲ ਹੋਲਾ ਮਹੱਲਾ ਸੰਪੰਨ ਹੋਇਆ।