ਮੋਗਾ ਟ੍ਰੈਫਿਕ ਅਲਰਟ: ਅਮਿਤ ਸ਼ਾਹ ਦੀ ਰੈਲੀ ਕਾਰਨ ਕਈ ਰੂਟਾਂ 'ਚ ਤਬਦੀਲੀ, ਘਰੋਂ ਨਿਕਲਣ ਤੋਂ ਪਹਿਲਾਂ ਦੇਖੋ ਨਵਾਂ ਰੂਟ ਪਲਾਨ
ਜ਼ਿਲ੍ਹੇ ਦੇ ਕਿੱਲੀ ਚਾਹਲ ਵਿਖੇ ਹੋਣ ਵਾਲੀ 'ਬਦਲਾਅ ਰੈਲੀ' ਵਿੱਚ ਹਿੱਸਾ ਲੈਣ ਲਈ ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ 14 ਮਾਰਚ, ਦਿਨ ਸ਼ਨੀਵਾਰ ਨੂੰ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਰੈਲੀ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਦੇ ਆਉਣ ਦੀ ਸੰਭਾਵਨਾ ਨੂੰ ਦੇਖਦੇ ਹੋਏ, ਮੋਗਾ ਜ਼ਿਲ੍ਹਾ ਪੁਲਿਸ ਵੱਲੋਂ ਆਵਾਜਾਈ ਨੂੰ ਸੁਚਾਰੂ, ਸੁਰੱਖਿਅਤ ਅਤੇ ਨਿਰਵਿਘਨ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
Publish Date: Fri, 13 Mar 2026 11:23 AM (IST)
Updated Date: Fri, 13 Mar 2026 12:19 PM (IST)

ਰਾਜਕੁਮਾਰ ਰਾਜੂ, ਜਾਗਰਣ, ਮੋਗਾ : ਜ਼ਿਲ੍ਹੇ ਦੇ ਕਿੱਲੀ ਚਾਹਲ ਵਿਖੇ ਹੋਣ ਵਾਲੀ 'ਬਦਲਾਅ ਰੈਲੀ' ਵਿੱਚ ਹਿੱਸਾ ਲੈਣ ਲਈ ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ 14 ਮਾਰਚ, ਦਿਨ ਸ਼ਨੀਵਾਰ ਨੂੰ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਰੈਲੀ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਦੇ ਆਉਣ ਦੀ ਸੰਭਾਵਨਾ ਨੂੰ ਦੇਖਦੇ ਹੋਏ, ਮੋਗਾ ਜ਼ਿਲ੍ਹਾ ਪੁਲਿਸ ਵੱਲੋਂ ਆਵਾਜਾਈ ਨੂੰ ਸੁਚਾਰੂ, ਸੁਰੱਖਿਅਤ ਅਤੇ ਨਿਰਵਿਘਨ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਲੋਕਾਂ ਨੂੰ ਨਾ ਹੋਵੇ ਪਰੇਸ਼ਾਨੀ, ਬਦਲੇ ਗਏ ਰੂਟ
ਰੈਲੀ ਦੇ ਮੱਦੇਨਜ਼ਰ ਬਦਲੇ ਗਏ ਰੂਟ ਪਲਾਨ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਮੋਗਾ ਅਜੇ ਗਾਂਧੀ ਨੇ ਕਿਹਾ ਕਿ ਜਨਤਾ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖ-ਵੱਖ ਦਿਸ਼ਾਵਾਂ ਤੋਂ ਆਉਣ ਵਾਲੇ ਵਾਹਨਾਂ ਲਈ ਬਦਲਵੇਂ ਮਾਰਗ ਨਿਰਧਾਰਤ ਕੀਤੇ ਗਏ ਹਨ, ਤਾਂ ਜੋ ਕਿਸੇ ਨੂੰ ਵੀ ਕਿਸੇ ਕਿਸਮ ਦੀ ਅਸੁਵਿਧਾ ਨਾ ਹੋਵੇ।
ਬਦਲੇ ਗਏ ਰੂਟਾਂ ਦੀ ਵਿਸਥਾਰਪੂਰਵਕ ਜਾਣਕਾਰੀ:
ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਗੁਰੂਹਰਸਹਾਏ ਤੋਂ ਆਉਣ ਵਾਲੇ ਲੋਕ:
ਜਿਨ੍ਹਾਂ ਲੋਕਾਂ ਨੇ ਲੁਧਿਆਣਾ ਜਾਂ ਚੰਡੀਗੜ੍ਹ ਜਾਣਾ ਹੈ, ਉਹ ਤਲਵੰਡੀ ਭਾਈ ਤੋਂ ਜ਼ੀਰਾ, ਕੋਟ ਈਸੇ ਖਾਂ, ਧਰਮਕੋਟ ਅਤੇ ਸਿੱਧਵਾਂ ਬੇਟ ਹੁੰਦੇ ਹੋਏ ਲੁਧਿਆਣਾ ਜਾ ਸਕਣਗੇ।
ਰੈਲੀ ਵਿੱਚ ਸ਼ਾਮਲ ਹੋਣ ਵਾਲੇ ਲੋਕ ਤਲਵੰਡੀ ਭਾਈ ਤੋਂ ਮੋਗਾ ਅਤੇ ਬੁੱਘੀਪੁਰਾ ਚੌਕ ਰਾਹੀਂ ਰੈਲੀ ਵਾਲੀ ਥਾਂ ਕਿੱਲੀ ਚਾਹਲ ਤੱਕ ਪਹੁੰਚ ਸਕਦੇ ਹਨ।
ਬਰਨਾਲਾ, ਸੰਗਰੂਰ, ਪਟਿਆਲਾ ਅਤੇ ਜੀਂਦ ਤੋਂ ਆਉਣ ਵਾਲੇ ਲੋਕ:
ਜੋ ਲੋਕ ਸ੍ਰੀ ਅੰਮ੍ਰਿਤਸਰ ਸਾਹਿਬ, ਤਰਨਤਾਰਨ ਜਾਂ ਪਠਾਨਕੋਟ ਜਾਣਾ ਚਾਹੁੰਦੇ ਹਨ, ਉਹ ਹਿੰਮਤਪੁਰਾ ਟਰਾਇੰਗਲ ਤੋਂ ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ ਅਤੇ ਮੁਦਕੀ ਹੁੰਦੇ ਹੋਏ ਨੈਸ਼ਨਲ ਹਾਈਵੇਅ 'ਤੇ ਜਾ ਸਕਦੇ ਹਨ।
ਅਬੋਹਰ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਆਉਣ ਵਾਲੇ ਲੋਕ:
ਜਿਨ੍ਹਾਂ ਲੋਕਾਂ ਨੇ ਲੁਧਿਆਣਾ ਜਾਣਾ ਹੈ, ਉਹ ਕੋਟਕਪੂਰਾ, ਮੁਦਕੀ, ਜ਼ੀਰਾ ਅਤੇ ਕੋਟ ਈਸੇ ਖਾਂ ਹੁੰਦੇ ਹੋਏ ਸਿੱਧਵਾਂ ਬੇਟ ਦੇ ਰਸਤੇ ਲੁਧਿਆਣਾ ਪਹੁੰਚ ਸਕਣਗੇ।
ਚੰਡੀਗੜ੍ਹ ਅਤੇ ਲੁਧਿਆਣਾ ਤੋਂ ਆਉਣ ਵਾਲੇ ਲੋਕ:
ਜੋ ਲੋਕ ਫਿਰੋਜ਼ਪੁਰ, ਫਰੀਦਕੋਟ, ਜ਼ੀਰਾ ਅਤੇ ਫਾਜ਼ਿਲਕਾ ਵੱਲ ਜਾਣਾ ਚਾਹੁੰਦੇ ਹਨ, ਉਹ ਨਾਨਕਸਰ, ਗਾਲਿਬ ਕਲਾਂ, ਕੋਕਰੀ ਕਲਾਂ ਅਤੇ ਕੋਟ ਈਸੇ ਖਾਂ ਹੁੰਦੇ ਹੋਏ ਆਪਣੀ ਮੰਜ਼ਿਲ 'ਤੇ ਪਹੁੰਚ ਸਕਦੇ ਹਨ।
ਹੁਸ਼ਿਆਰਪੁਰ, ਫਗਵਾੜਾ ਅਤੇ ਐਸ.ਬੀ.ਐਸ ਨਗਰ ਤੋਂ ਆਉਣ ਵਾਲੇ ਲੋਕ:
ਜੋ ਲੋਕ ਰੈਲੀ ਵਾਲੀ ਥਾਂ 'ਤੇ ਪਹੁੰਚਣਾ ਚਾਹੁੰਦੇ ਹਨ, ਉਹ ਨਕੋਦਰ, ਮਹਿਤਪੁਰ, ਸਿੱਧਵਾਂ ਬੇਟ ਅਤੇ ਜਗਰਾਓਂ ਹੁੰਦੇ ਹੋਏ ਕਿੱਲੀ ਚਾਹਲ ਪਹੁੰਚ ਸਕਦੇ ਹਨ।
ਸ੍ਰੀ ਅੰਮ੍ਰਿਤਸਰ ਸਾਹਿਬ, ਤਰਨਤਾਰਨ ਅਤੇ ਪਠਾਨਕੋਟ ਤੋਂ ਆਉਣ ਵਾਲੇ ਲੋਕ:
ਰੈਲੀ ਵਾਲੀ ਥਾਂ 'ਤੇ ਪਹੁੰਚਣ ਲਈ ਉਹ ਮੱਖੂ, ਜ਼ੀਰਾ, ਤਲਵੰਡੀ ਭਾਈ, ਮੋਗਾ ਅਤੇ ਬੁੱਘੀਪੁਰਾ ਚੌਕ ਰਾਹੀਂ ਕਿੱਲੀ ਚਾਹਲ ਪਹੁੰਚ ਸਕਦੇ ਹਨ।
ਹੈਲਪਲਾਈਨ ਅਤੇ ਸੰਪਰਕ:
ਜਨਤਾ ਦੀ ਸਹੂਲਤ ਅਤੇ ਟ੍ਰੈਫਿਕ ਸਬੰਧੀ ਜਾਣਕਾਰੀ ਲਈ ਮੋਗਾ ਜ਼ਿਲ੍ਹੇ ਦੇ ਕੰਟਰੋਲ ਰੂਮ ਦੇ ਮੋਬਾਈਲ ਨੰਬਰ
97800-01879 ਅਤੇ
96568-96568 ਜਾਰੀ ਕੀਤੇ ਗਏ ਹਨ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਮਦਦ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਅੰਤ ਵਿੱਚ, ਸਮੂਹ ਜਨਤਾ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਉਹ ਸਿਰਫ਼ ਨਿਰਧਾਰਤ ਕੀਤੇ ਗਏ ਬਦਲਵੇਂ ਰੂਟਾਂ ਦੀ ਹੀ ਵਰਤੋਂ ਕਰਨ, ਤਾਂ ਜੋ ਆਵਾਜਾਈ ਸੁਚਾਰੂ ਰਹੇ ਅਤੇ ਕਿਸੇ ਨੂੰ ਕੋਈ ਦਿੱਕਤ ਨਾ ਆਵੇ।