ਅਮਿਤ ਸ਼ਾਹ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਇਕ ਮੌਕਾ ਭਾਜਪਾ ਨੂੰ ਦੇ ਕੇ ਦੇਖਣ। ਭਗਵੰਤ ਮਾਨ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਪੰਜਾਬ 'ਚ ਸਰਕਾਰ ਬਦਲਣ ਦੀ ਲੋੜ ਹੀ ਨਹੀਂ ਕਿਉਂਕਿ ਇੱਥੇ ਸਰਕਾਰ ਹੈ ਹੀ ਨਹੀਂ। ਉਨ੍ਹਾਂ ਪੰਜਾਬ ਸਰਕਾਰ ਨੂੰ ਲੰਮੇਂ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ 'ਚ ਭ੍ਰਿਸ਼ਟਾਚਾਰੀ ਸਰਕਾਰ ਹੈ। ਪੰਜਾਬ ਦਾ ਧਨ ਲੁੱਟਣ ਲਈ ਦਿੱਲੀ ਤੋਂ ਚਾਰ ਲੋਕ ਆਏ ਹਨ ਅਤੇ ਮੁੱਖ ਮੰਤਰੀ ਕੁਝ ਨਹੀਂ ਕਰ ਸਕਦੇ। ਉਨ੍ਹਾਂ ਕਾਂਗਰਸੀ ਆਗੂ ਤੇ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਉਂਦਿਆ ਕਿਹਾ ਕਿ 'ਰਾਹੁਲ ਬਾਬਾ' ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਉਹ ਅਮਰੀਕਾ ਨਾਲ ਹੋਈ ਟ੍ਰੇਡ ਡੀਲ (ਵਪਾਰਕ ਸਮਝੌਤੇ) ਨੂੰ ਲੈ ਕੇ

ਜਾਗਰਣ ਸੰਵਾਦਦਾਤਾ, ਮੋਗਾ/ਹਲਵਾਰਾ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਕਿਲੀ ਚਹਿਲਾਂ ਵਿੱਚ ਆਯੋਜਿਤ ਭਾਰਤੀ ਜਨਤਾ ਪਾਰਟੀ ਦੀ ‘ਬਦਲਾਅ ਰੈਲੀ’ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਜਿਹੀ ਸਥਿਤੀ ਬਣ ਗਈ ਹੈ ਕਿ ਇੱਥੇ ਸਰਕਾਰ ਵਰਗੀ ਕੋਈ ਵਿਵਸਥਾ ਦਿਖਾਈ ਨਹੀਂ ਦਿੰਦੀ। ਉਨ੍ਹਾਂ ਦਾਅਵਾ ਕੀਤਾ ਕਿ ਸਾਲ 2027 ਵਿੱਚ ਪੰਜਾਬ ਵਿੱਚ ਭਾਜਪਾ ਦੀ ਆਪਣੀ ਸਰਕਾਰ ਬਣੇਗੀ।
ਮੰਚ 'ਤੋਂ ਆਪਣੇ ਸੰਬੋਧਨ ਦੀ ਸ਼ੁਰੂਆਤ ਕਰਦਿਆਂ ਅਮਿਤ ਸ਼ਾਹ ਨੇ ਸਭ ਤੋਂ ਪਹਿਲਾਂ ਸਿੱਖ ਰਵਾਇਤ ਅਨੁਸਾਰ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦਾ ਜੈਕਾਰਾ ਛੱਡਿਆ। ਜੈਕਾਰੇ ਦੀ ਗੂੰਜ ਨਾਲ ਪੂਰਾ ਰੈਲੀ ਸਥਾਨ ਗੂੰਜ ਉੱਠਿਆ ਤੇ ਵਰਕਰਾਂ ਨੇ ਉਤਸ਼ਾਹ ਨਾਲ ਇਸ ਦਾ ਜਵਾਬ ਵੀ ਦਿੱਤਾ। ਇਸ ਤੋਂ ਬਾਅਦ ਉਨ੍ਹਾਂ "ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ" ਬੋਲ ਕੇ ਸੰਗਤ ਦਾ ਅਭਿਵਾਦਨ ਕੀਤਾ। ਸ਼ਾਹ ਨੇ ਕਿਹਾ ਕਿ ਉਹ ਮੋਗਾ ਤੋਂ ਪੰਜਾਬ ਚੋਣਾਂ 2027 ਲਈ ਚੋਣ ਬਿਗਲ ਫੂਕ ਰਹੇ ਹਨ।
ਪੰਜਾਬੀਆਂ ਨੂੰ ਅਪੀਲ- ਇਕ ਵਾਰ ਮੌਕਾ ਦਿਓ, ਸੁਧਾਰ ਦਿਆਂਗੇ ਪੰਜਾਬ ਦੇ ਹਾਲਾਤ
ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਇਕ ਮੌਕਾ ਭਾਜਪਾ ਨੂੰ ਦੇ ਕੇ ਦੇਖਣ। ਭਗਵੰਤ ਮਾਨ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਪੰਜਾਬ 'ਚ ਸਰਕਾਰ ਬਦਲਣ ਦੀ ਲੋੜ ਹੀ ਨਹੀਂ ਕਿਉਂਕਿ ਇੱਥੇ ਸਰਕਾਰ ਹੈ ਹੀ ਨਹੀਂ। ਉਨ੍ਹਾਂ ਪੰਜਾਬ ਸਰਕਾਰ ਨੂੰ ਲੰਮੇਂ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ 'ਚ ਭ੍ਰਿਸ਼ਟਾਚਾਰੀ ਸਰਕਾਰ ਹੈ। ਪੰਜਾਬ ਦਾ ਧਨ ਲੁੱਟਣ ਲਈ ਦਿੱਲੀ ਤੋਂ ਚਾਰ ਲੋਕ ਆਏ ਹਨ ਅਤੇ ਮੁੱਖ ਮੰਤਰੀ ਕੁਝ ਨਹੀਂ ਕਰ ਸਕਦੇ। ਉਨ੍ਹਾਂ ਕਾਂਗਰਸੀ ਆਗੂ ਤੇ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਉਂਦਿਆ ਕਿਹਾ ਕਿ 'ਰਾਹੁਲ ਬਾਬਾ' ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਉਹ ਅਮਰੀਕਾ ਨਾਲ ਹੋਈ ਟ੍ਰੇਡ ਡੀਲ (ਵਪਾਰਕ ਸਮਝੌਤੇ) ਨੂੰ ਲੈ ਕੇ ਲੋਕਾਂ ਨਾਲ ਝੂਠ ਬੋਲ ਰਹੇ ਹਨ। ਪੰਜਾਬ ਦੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਸਭ ਤੋਂ ਵੱਧ ਐਮਐਸਪੀ (MSP) 'ਤੇ ਖ਼ਰੀਦ ਕਰਨ ਦਾ ਕੰਮ ਕੀਤਾ ਹੈ ਪਰ ਸੂਬਾ ਸਰਕਾਰ ਰੋੜਾ ਬਣੀ ਹੋਈ ਹੈ।
ਸਾਡੇ ਪ੍ਰਧਾਨ ਮੰਤਰੀ 'ਤੇ ਗੁਰੂ ਜੀ ਦੀ ਵੱਡੀ ਕਿਰਪਾ ਹੈ
ਨਰਿੰਦਰ ਮੋਦੀ ਨੇ ਸਿੱਖ ਪੰਥ ਲਈ ਬਹੁਤ ਸਾਰੇ ਕੰਮ ਕੀਤੇ ਹਨ। ਸਾਡੇ ਪ੍ਰਧਾਨ ਮੰਤਰੀ 'ਤੇ ਗੁਰੂ ਜੀ ਦੀ ਵੱਡੀ ਕਿਰਪਾ ਹੈ। ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ, ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਅਤੇ 350ਵਾਂ ਸ਼ਹੀਦੀ ਦਿਹਾੜਾ ਉਨ੍ਹਾਂ ਦੇ ਹੀ ਕਾਰਜਕਾਲ ਵਿੱਚ ਆਇਆ ਅਤੇ ਮੋਦੀ ਜੀ ਨੇ ਇਸ ਨੂੰ ਪੂਰੇ ਦੇਸ਼ ਵਿੱਚ ਮਨਾਇਆ। ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਇਆ ਜਦਕਿ ਕਾਂਗਰਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਟੈਂਕ ਚੜ੍ਹਾ ਦਿੱਤੇ ਸਨ। ਇੱਕ ਵਾਰ ਜਦੋਂ ਤੁਸੀਂ ਸਰਕਾਰ ਬਣਾ ਲੈਂਦੇ ਹੋ ਤਾਂ ਅਸੀਂ ਪੰਜਾਬ ਵਿੱਚ ਧਰਮ ਪਰਿਵਰਤਨ 'ਤੇ ਪਾਬੰਦੀ ਲਗਾਉਣ ਲਈ ਪਹਿਲਾ ਬਿੱਲ ਪੇਸ਼ ਕਰਾਂਗੇ।
ਪੰਜਾਬੀਆਂ ਨਾਲ ਸਾਂਝ ਦਾ ਸੁਨੇਹਾ
ਸਿਆਸੀ ਮਾਹਿਰਾਂ ਅਨੁਸਾਰ, ਅਮਿਤ ਸ਼ਾਹ ਵੱਲੋਂ ਕੇਸਰੀ ਦਸਤਾਰ ਸਜਾਉਣਾ ਅਤੇ ਜੈਕਾਰਿਆਂ ਨਾਲ ਭਾਸ਼ਣ ਸ਼ੁਰੂ ਕਰਨਾ ਪੰਜਾਬ ਦੇ ਲੋਕਾਂ ਨਾਲ ਸਿੱਧੀ ਭਾਵਨਾਤਮਕ ਸਾਂਝ ਪਾਉਣ ਦੀ ਇੱਕ ਵੱਡੀ ਕੋਸ਼ਿਸ਼ ਹੈ। ਦਸਤਾਰ ਸਜਾ ਕੇ ਉਨ੍ਹਾਂ ਨੇ ਇਹ ਸੁਨੇਹਾ ਦਿੱਤਾ ਕਿ ਕੇਂਦਰ ਸਰਕਾਰ ਅਤੇ ਭਾਜਪਾ ਪੰਜਾਬੀਅਤ ਅਤੇ ਸਿੱਖ ਵਿਰਸੇ ਦਾ ਪੂਰਾ ਸਤਿਕਾਰ ਕਰਦੀ ਹੈ।
ਤਰੁਣ ਚੁੱਘ ਦੇ ਤਿੱਖੇ ਇਲਜ਼ਾਮ
ਰੈਲੀ ਦੌਰਾਨ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਸੂਬਾ ਸਰਕਾਰ ਅਤੇ ਪ੍ਰਸ਼ਾਸਨ 'ਤੇ ਗੰਭੀਰ ਇਲਜ਼ਾਮ ਲਗਾਏ। ਉਨ੍ਹਾਂ ਨੇ ਸਟੇਜ ਤੋਂ ਕਿਹਾ ਕਿ ਭਾਜਪਾ ਦੀ ਇਸ ਰੈਲੀ ਨੂੰ ਫੇਲ੍ਹ ਕਰਨ ਲਈ ਸੂਬਾ ਸਰਕਾਰ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਹੈ। ਚੁੱਘ ਨੇ ਦਾਅਵਾ ਕੀਤਾ ਕਿ:
ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਰੈਲੀ ਲਈ ਆ ਰਹੀਆਂ ਲਗਭਗ 1500 ਬੱਸਾਂ ਨੂੰ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਨਾਜਾਇਜ਼ ਤੌਰ 'ਤੇ ਰੋਕਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਰੈਲੀ ਵਾਲੀ ਥਾਂ 'ਤੇ ਪਹੁੰਚਣ ਤੋਂ ਰੋਕਣ ਲਈ ਰਸਤਿਆਂ ਵਿੱਚ ਰੁਕਾਵਟਾਂ ਖੜ੍ਹੀਆਂ ਕੀਤੀਆਂ ਗਈਆਂ ਹਨ।