ਸਾਈਬਰ ਠੱਗੀਆਂ ਤੇ ਨਸ਼ਿਆਂ ਖ਼ਿਲਾਫ਼ ਕੀਤਾ ਜਾਗਰੂਕ
ਪੰਜਾਬ ਸਰਕਾਰ ਵੱਲੋਂ ਚਲਾਈ
Publish Date: Thu, 21 May 2026 03:31 PM (IST)
Updated Date: Fri, 22 May 2026 04:01 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਪੁਲਿਸ ਵੱਲੋਂ ਐੱਸਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਚ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਹ ਪ੍ਰੋਗਰਾਮ ਸੀਨੀਅਰ ਕਪਤਾਨ ਪੁਲਿਸ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਜਤਿੰਦਰ ਸਿੰਘ ਡੀਐੱਸਪੀ ਸਬ ਡਿਵੀਜ਼ਨ ਮੋਗਾ ਅਤੇ ਡੀਐੱਸਪੀ ਟਰੈਫਿਕ ਮੋਗਾ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ, ਟਰੈਫਿਕ ਚਿੰਨ੍ਹਾਂ ਦੀ ਮਹੱਤਤਾ, ਸੜਕ ਸੁਰੱਖਿਆ, ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਸਾਈਬਰ ਕ੍ਰਾਈਮ ਰਾਹੀਂ ਹੋ ਰਹੀਆਂ ਠੱਗੀਆਂ ਤੋਂ ਬਚਾਅ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਏਐੱਸਆਈ ਕੇਵਲ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਮੋਗਾ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਨੌਜਵਾਨਾਂ ਨੂੰ ਟਰੈਫਿਕ ਨਿਯਮਾਂ ਅਤੇ ਨਸ਼ਿਆਂ ਦੇ ਨੁਕਸਾਨਾਂ ਬਾਰੇ ਜਾਣੂੰ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਸੜਕ ਸੁਰੱਖਿਆ ਲਈ ਹਰ ਵਿਅਕਤੀ ਨੂੰ ਟਰੈਫਿਕ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਡਰਾਈਵਿੰਗ ਲਾਇਸੈਂਸ ਬਣਵਾਉਣ, ਵਾਹਨ ਚਲਾਉਂਦੇ ਸਮੇਂ ਓਵਰ ਸਪੀਡ ਤੋਂ ਬਚਣ, ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮਟ ਦੀ ਵਰਤੋਂ ਕਰਨ ਅਤੇ ਵਾਹਨਾਂ ਦੇ ਸਾਰੇ ਜ਼ਰੂਰੀ ਦਸਤਾਵੇਜ਼ ਪੂਰੇ ਰੱਖਣ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਨਸ਼ਾ ਕਰਕੇ ਵਾਹਨ ਨਾ ਚਲਾਉਣ ਦੀ ਵੀ ਸਖ਼ਤ ਅਪੀਲ ਕੀਤੀ ਗਈ। ਏਐੱਸਆਈ ਕੇਵਲ ਸਿੰਘ ਨੇ 112 ਹੈਲਪਲਾਈਨ ਨੰਬਰ ਸਬੰਧੀ ਵੀ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਕਿਸੇ ਵੀ ਐਮਰਜੈਂਸੀ ਦੌਰਾਨ ਲੋਕ ਇਸ ਨੰਬਰ ’ਤੇ ਤੁਰੰਤ ਸੰਪਰਕ ਕਰ ਸਕਦੇ ਹਨ। ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਾਈਬਰ ਕ੍ਰਾਈਮ ਸਬੰਧੀ ਹੋ ਰਹੀਆਂ ਆਨਲਾਈਨ ਠੱਗੀਆਂ ਤੋਂ ਬਚਣ ਲਈ ਵੀ ਵਿਦਿਆਰਥੀਆਂ ਨੂੰ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ। ਸਕੂਲ ਪ੍ਰਿੰਸੀਪਲ ਪਰਮਜੀਤ ਕੌਰ ਨੇ ਮੋਗਾ ਪੁਲਿਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਜਾਗਰੂਕਤਾ ਪ੍ਰੋਗਰਾਮ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਪ੍ਰਿੰਸੀਪਲ ਪਰਮਜੀਤ ਕੌਰ, ਰਜਨੀ, ਰੰਜਨਾ, ਜੋਤੀ, ਸਾਨੀਆ, ਮਨੀਸ਼ਾ ਅਤੇ ਮਮਤਾ ਸਮੇਤ ਸਕੂਲ ਦਾ ਸਟਾਫ਼ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।