ਮੋਗਾ ਪੁਲਿਸ ਦੀ ਨਸ਼ਾ ਤਸਕਰਾਂ 'ਤੇ ਨਕੇਲ : 120 ਮੁਲਾਜ਼ਮਾਂ ਨੇ ਧਰਮਕੋਟ ਨੂੰ ਪਾਇਆ ਘੇਰਾ, ਸ਼ੱਕੀ ਘਰਾਂ ਦੀ ਲਈ ਤਲਾਸ਼ੀ
ਐਸਐਸਪੀ ਅਜੇ ਗਾਂਧੀ ਨੇ ਇਸ ਮੌਕੇ ਕਿਹਾ ਕਿ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਪੁਲਿਸ ਦੇ ਨਾਲ-ਨਾਲ ਆਮ ਜਨਤਾ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਕੋਲ ਨਸ਼ਿਆਂ ਦੀ ਖਰੀਦ-ਫਰੋਖ਼ਤ ਜਾਂ ਹੋਰ ਗੈਰਕਾਨੂੰਨੀ ਕੰਮਾਂ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਤੁਰੰਤ ਮੋਗਾ ਪੁਲਿਸ ਦੇ ਕੰਟਰੋਲ ਰੂਮ ਨੰਬਰ 96568-96568 ਜਾਂ ਸੇਫ ਪੰਜਾਬ ਹੈਲਪਲਾਈਨ ਨੰਬਰ 97791-00200 ‘ਤੇ ਸਾਂਝੀ ਕੀਤੀ ਜਾਵੇ
Publish Date: Tue, 17 Mar 2026 02:47 PM (IST)
Updated Date: Tue, 17 Mar 2026 02:58 PM (IST)
ਵਕੀਲ ਮਹਿਰੋਂ, ਮੋਗਾ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਨੂੰ ਹੋਰ ਤੇਜ਼ੀ ਦੇਂਦੇ ਹੋਏ ਮੋਗਾ ਪੁਲਿਸ ਵੱਲੋਂ ਮੰਗਲਵਾਰ ਨੂੰ ਸਬ-ਡਿਵੀਜ਼ਨ ਧਰਮਕੋਟ ਵਿੱਚ ਵੱਡੇ ਪੱਧਰ ‘ਤੇ ਕੋਰਡਨ ਅਤੇ ਸਰਚ ਆਪਰੇਸ਼ਨ ਕਾਸੋ ਚਲਾਇਆ ਗਿਆ। ਇਹ ਵਿਸ਼ੇਸ਼ ਕਾਰਵਾਈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ, ਜਿਸਦਾ ਮਕਸਦ ਨਸ਼ਾ ਤਸਕਰੀ ਅਤੇ ਗੈਰਕਾਨੂੰਨੀ ਗਤੀਵਿਧੀਆਂ ‘ਤੇ ਨੱਕੇਲ ਕੱਸਣਾ ਸੀ।
ਇਸ ਆਪਰੇਸ਼ਨ ਦੀ ਅਗਵਾਈ ਐਸਐਸਪੀ ਮੋਗਾ ਅਜੇ ਗਾਂਧੀ ਵੱਲੋਂ ਖੁਦ ਕੀਤੀ ਗਈ। ਉਨ੍ਹਾਂ ਦੀ ਨਿਗਰਾਨੀ ਹੇਠ ਧਰਮਕੋਟ ਦੇ ਨਸ਼ਾ ਪ੍ਰਭਾਵਿਤ ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕਰਕੇ ਘੇਰਾਬੰਦੀ ਕੀਤੀ ਗਈ ਅਤੇ ਸ਼ੱਕੀ ਥਾਵਾਂ ‘ਤੇ ਸੁਚੱਜੇ ਢੰਗ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ।
ਪੁਲਿਸ ਵੱਲੋਂ ਲਗਪਗ 120 ਮੁਲਾਜ਼ਮਾਂ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ, ਜਿਨ੍ਹਾਂ ਨੇ ਇਲਾਕੇ ਵਿੱਚ ਗਹਿਰੀ ਚੈਕਿੰਗ ਕੀਤੀ। ਇਸ ਦੌਰਾਨ ਕਰੀਬ 20 ਸ਼ੱਕੀ ਵਿਅਕਤੀਆਂ ਦੇ ਘਰਾਂ ਅਤੇ ਟਿਕਾਣਿਆਂ ਦੀ ਤਲਾਸ਼ੀ ਲਈ ਗਈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਲਗਪਗ 25 ਸ਼ੱਕੀ ਵਾਹਨਾਂ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਗੈਰਕਾਨੂੰਨੀ ਗਤੀਵਿਧੀ ਨੂੰ ਰੋਕਿਆ ਜਾ ਸਕੇ।
ਐਸਐਸਪੀ ਅਜੇ ਗਾਂਧੀ ਨੇ ਇਸ ਮੌਕੇ ਕਿਹਾ ਕਿ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਪੁਲਿਸ ਦੇ ਨਾਲ-ਨਾਲ ਆਮ ਜਨਤਾ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਕੋਲ ਨਸ਼ਿਆਂ ਦੀ ਖਰੀਦ-ਫਰੋਖ਼ਤ ਜਾਂ ਹੋਰ ਗੈਰਕਾਨੂੰਨੀ ਕੰਮਾਂ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਤੁਰੰਤ ਮੋਗਾ ਪੁਲਿਸ ਦੇ ਕੰਟਰੋਲ ਰੂਮ ਨੰਬਰ 96568-96568 ਜਾਂ ਸੇਫ ਪੰਜਾਬ ਹੈਲਪਲਾਈਨ ਨੰਬਰ 97791-00200 ‘ਤੇ ਸਾਂਝੀ ਕੀਤੀ ਜਾਵੇ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੋਗਾ ਪੁਲਿਸ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਵੱਡੇ ਪੱਧਰ ਦੇ ਆਪਰੇਸ਼ਨ ਜਾਰੀ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾਲ ਸਮਾਜ ਵਿੱਚ ਸੁਰੱਖਿਆ ਦੀ ਭਾਵਨਾ ਮਜ਼ਬੂਤ ਹੁੰਦੀ ਹੈ ਅਤੇ ਨਸ਼ਿਆਂ ਵਰਗੀ ਸਮਾਜਕ ਬੁਰਾਈ ‘ਤੇ ਅੰਕੁਸ਼ ਲੱਗਦਾ ਹੈ।
ਅੰਤ ਵਿੱਚ ਐਸਐਸਪੀ ਨੇ ਇਸ ਮੁਹਿੰਮ ਵਿੱਚ ਸ਼ਾਮਲ ਸਾਰੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਯਤਨਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਸਾਂਝੀ ਕੋਸ਼ਿਸ਼ਾਂ ਹੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵੱਲ ਮਜ਼ਬੂਤ ਕਦਮ ਸਾਬਤ ਹੋਣਗੀਆਂ।