ਸਬ ਜੇਲ੍ਹ ਮੋਗਾ ’ਚ ਪੁਲਿਸ ਨੇ ਕੀਤੀ ਚੈਕਿੰਗ
ਸਬਜੇਲ੍ਹ ਮੋਗਾ ’ਚ ਸੁਰੱਖਿਆ ਪ੍ਰਬੰਧਾਂ
Publish Date: Wed, 29 Apr 2026 04:39 PM (IST)
Updated Date: Thu, 30 Apr 2026 04:05 AM (IST)

ਸਵਰਨ ਗੁਲਾਟੀ ਪੰਜਾਬੀ ਜਾਗਰਣ ਮੋਗਾ: ਸਬਜੇਲ੍ਹ ਮੋਗਾ ’ਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਕਾਨੂੰਨ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਮੋਗਾ ਪੁਲਿਸ ਵੱਲੋਂ ਅਚਾਨਕ ਅਤੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਹ ਕਾਰਵਾਈ ਐੱਸਐੱਸਪੀ ਅਜੈ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀਐੱਸਪੀ ਸਿਟੀ ਜਤਿੰਦਰ ਸਿੰਘ ਦੀ ਅਗਵਾਈ ਵਿਚ ਬਹੁਤ ਹੀ ਸੁਚੱਜੇ ਅਤੇ ਯੋਜਨਾਬੱਧ ਢੰਗ ਨਾਲ ਅੰਜਾਮ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਸਿਟੀ ਜਤਿੰਦਰ ਸਿੰਘ ਨੇ ਦੱਸਿਆ ਕਿ ਇਸ ਅਭਿਆਨ ਦੌਰਾਨ ਲਗਭਗ 50, 60 ਪੁਲਿਸ ਕਰਮਚਾਰੀਆਂ ਦੀਆਂ ਵੱਖ ਵੱਖ ਟੀਮਾਂ ਤਿਆਰ ਕਰਕੇ ਜੇਲ੍ਹ ਦੇ ਹਰ ਸੰਵੇਦਨਸ਼ੀਲ ਹਿੱਸੇ ਵਿਚ ਗਹਿਰਾਈ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ। ਟੀਮਾਂ ਵੱਲੋਂ ਕੈਦੀਆਂ ਦੇ ਬੈਰਕਾਂ, ਆਮ ਇਲਾਕਿਆਂ, ਸਟੋਰ ਰੂਮਾਂ ਅਤੇ ਹੋਰ ਸੰਭਾਵਿਤ ਥਾਵਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਪਾਬੰਦੀਸ਼ੁਦਾ ਸਮਾਨ, ਨਸ਼ੀਲੇ ਪਦਾਰਥਾ ਜਾਂ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਤੁਰੰਤ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਹ ਚੈਕਿੰਗ ਜੇਲ੍ਹ ਸੁਪਰਿੰਟੈਂਡੈਂਟ ਦੀ ਮੌਜੂਦਗੀ ਵਿਚ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਨਿਯਮਾਂ ਅਨੁਸਾਰ ਕੀਤੀ ਗਈ, ਜਿਸ ਨਾਲ ਸੁਰੱਖਿਆ ਪ੍ਰਣਾਲੀ ਦੀ ਸਮੀਖਿਆ ਵੀ ਕੀਤੀ ਗਈ। ਇਸਦੇ ਨਾਲ ਹੀ ਐਂਟੀਸੈਬੇਟਾਜ਼ ਟੀਮ ਮੋਗਾ ਵੱਲੋਂ ਵਿਸ਼ੇਸ਼ ਤੌਰ ’ਤੇ ਜੇਲ੍ਹ ਅੰਦਰ ਨਸ਼ਿਆਂ ਅਤੇ ਹੋਰ ਪਾਬੰਦੀਸ਼ੁਦਾ ਸਮਾਨ ਦੀ ਪਛਾਣ ਅਤੇ ਰੋਕਥਾਮ ਲਈ ਚੈਕਿੰਗ ਕੀਤੀ ਗਈ ਤਾਂ ਜੋ ਜੇਲ੍ਹ ਅੰਦਰ ਕਿਸੇ ਵੀ ਅਣਚਾਹੀ ਗਤੀਵਿਧੀ ਨੂੰ ਪੂਰੀ ਤਰ੍ਹਾਂ ਨੱਥ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਮੋਗਾ ਪੁਲਿਸ ਨੇ ਦ੍ਰਿੜਤਾ ਨਾਲ ਕਿਹਾ ਕਿ ਜਨਤਕ ਸੁਰੱਖਿਆ, ਜੇਲ੍ਹ ਪ੍ਰਬੰਧਨ ਦੀ ਮਜ਼ਬੂਤੀ ਅਤੇ ਕਾਨੂੰਨ ਵਿਵਸਥਾ ਦੀ ਰੱਖਿਆ ਉਨ੍ਹਾਂ ਦੀ ਸਰਵਉੱਚ ਪ੍ਰਾਥਮਿਕਤਾ ਹੈ। ਇਸ ਤਰ੍ਹਾਂ ਦੀਆਂ ਅਚਾਨਕ ਚੈਕਿੰਗ ਮੁਹਿੰਮਾਂ ਅੱਗੇ ਵੀ ਨਿਯਮਿਤ ਤੌਰ ’ਤੇ ਜਾਰੀ ਰਹਿਣਗੀਆ ਤਾਂ ਜੋ ਅਪਰਾਧਿਕ ਤੱਤਾਂ ਤੇ ਕੜੀ ਨਿਗਰਾਨੀ ਰੱਖੀ ਜਾ ਸਕੇ ਅਤੇ ਜ਼ਿਲ੍ਹੇ ਵਿਚ ਅਮਨਸ਼ਾਂਤੀ ਬਣਾਈ ਰੱਖੀ ਜਾ ਸਕੇ।