Moga News : ਮੋਗਾ-ਅੰਮ੍ਰਿਤਸਰ ਹਾਈਵੇ ’ਤੇ ਦਰਦਨਾਕ ਹਾਦਸਾ: ਪੰਜਾਬ ਪੁਲਿਸ ਦੇ ਹੌਲਦਾਰ ਦੀ ਮੌਤ
ਅੰਮ੍ਰਿਤਸਰ ਰਾਜ ਮਾਰਗ ’ਤੇ ਐਤਵਾਰ ਦੀ ਦੇਰ ਸ਼ਾਮ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਨੇ ਇਲਾਕੇ ’ਚ ਸੋਗ ਦੀ ਲਹਿਰ ਦੌੜਾ ਦਿੱਤੀ। ਇਸ ਦੁਰਘਟਨਾ ਵਿਚ ਪੰਜਾਬ ਪੁਲਿਸ ਦੇ ਇਕ ਜਵਾਨ ਹਵਾਲਦਾਰ ਦੀ ਮੌਤ ਹੋ ਗਈ, ਜਦਕਿ ਬੱਸ ਵਿਚ ਸਵਾਰ ਕਈ ਸ਼ਰਧਾਲੂਆਂ ਦੀ ਜਾਨ ਬਚ ਗਈ।
Publish Date: Mon, 04 May 2026 07:08 PM (IST)
Updated Date: Mon, 04 May 2026 07:10 PM (IST)
ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਅੰਮ੍ਰਿਤਸਰ ਰਾਜ ਮਾਰਗ ’ਤੇ ਐਤਵਾਰ ਦੀ ਦੇਰ ਸ਼ਾਮ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਨੇ ਇਲਾਕੇ ’ਚ ਸੋਗ ਦੀ ਲਹਿਰ ਦੌੜਾ ਦਿੱਤੀ। ਇਸ ਦੁਰਘਟਨਾ ਵਿਚ ਪੰਜਾਬ ਪੁਲਿਸ ਦੇ ਇਕ ਜਵਾਨ ਹਵਾਲਦਾਰ ਦੀ ਮੌਤ ਹੋ ਗਈ, ਜਦਕਿ ਬੱਸ ਵਿਚ ਸਵਾਰ ਕਈ ਸ਼ਰਧਾਲੂਆਂ ਦੀ ਜਾਨ ਬਚ ਗਈ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਭਾਗੂ ਦੇ ਇਕ ਨਿੱਜੀ ਸਕੂਲ ਦੀ ਮਿਨੀ ਬੱਸ, ਜੋ ਕਿ ਸ਼ਰਧਾਲੂਆਂ ਨਾਲ ਭਰੀ ਹੋਈ ਸੀ, ਬੱਸ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਸਥਾਨ ’ਤੇ ਲੱਗੇ ਚੌਪਹਿਰਾ ਸਾਹਿਬ ਸਮਾਗਮ ਤੋਂ ਵਾਪਸ ਆ ਰਹੀ ਸੀ। ਦੂਜੇ ਪਾਸੇ ਪੰਜਾਬ ਪੁਲਿਸ ਦੇ ਹਵਾਲਦਾਰ ਦਲਜੀਤ ਸਿੰਘ ਜੋ ਕਿ ਥਾਣਾ ਸਦਰ ਮੋਗਾ ਵਿਚ ਤਾਇਨਾਤ ਸਨ, ਆਪਣੀ ਡਿਊਟੀ ਮੁਕਾਉਣ ਤੋਂ ਬਾਅਦ ਆਪਣੇ ਘਰ ਵਾਪਸ ਜਾ ਰਹੇ ਸਨ।
ਜਦੋਂ ਦੋਵੇਂ ਵਾਹਨ ਕੋਟ ਈਸੇ ਖਾਂ ਨੇੜੇ ਪਿੰਡ ਗਹਿਲੀਵਾਲਾ ਦੇ ਕੋਲ ਪਹੁੰਚੇ ਤਾਂ ਅਚਾਨਕ ਦੋਹਾਂ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਟੱਕਰ ਤੋਂ ਬਚਣ ਲਈ ਬੱਸ ਚਾਲਕ ਨੇ ਤੁਰੰਤ ਮੋੜ ਲਿਆ ਪਰ ਸੰਤੁਲਨ ਗੁਆ ਬੈਠਾ ਅਤੇ ਬੱਸ ਸੜਕ ਕਿਨਾਰੇ ਖੜ੍ਹੇ ਸਫ਼ੈਦਾ ਦੇ ਦਰੱਖ਼ਤ ਨਾਲ ਜਾ ਟਕਰਾਈ। ਇਸ ਹਾਦਸੇ ਵਿਚ ਬੱਸ ਵਿਚ ਸਵਾਰ ਸਾਰੇ ਸ਼ਰਧਾਲੂ ਖੁਸ਼ਕਿਸਮਤੀ ਨਾਲ ਸੁਰੱਖਿਅਤ ਬਚ ਗਏ ਪਰ ਕਾਰ ਬਹੁਤ ਬੁਰੀ ਤਰ੍ਹਾਂ ਨੁਕਸਾਨੀ ਗਈ।
ਕਾਰ ਵਿਚ ਸਵਾਰ ਹਵਾਲਦਾਰ ਦਲਜੀਤ ਸਿੰਘ ਨੂੰ ਗੰਭੀਰ ਹਾਲਤ ਵਿਚ ਬਾਹਰ ਕੱਢ ਕੇ ਸਿਵਲ ਹਸਪਤਾਲ ਮੋਗਾ ਲਿਜਾਇਆ ਜਾ ਰਿਹਾ ਸੀ ਪਰ ਰਾਹ ਵਿਚ ਹੀ ਉਨ੍ਹਾਂ ਨੇ ਦਮ ਤੋੜ ਦਿੱਤਾ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਕੋਟ ਈਸੇ ਖਾਂ ਦੀ ਪੁਲਿਸ ਤੁਰੰਤ ਮੌਕੇ ’ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਹਾਦਸੇ ਦੇ ਅਸਲ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ, ਜਦਕਿ ਇਲਾਕੇ ਵਿਚ ਇਸ ਘਟਨਾ ਨੂੰ ਲੈ ਕੇ ਦੁੱਖ ਅਤੇ ਸ਼ੋਕ ਦਾ ਮਾਹੌਲ ਹੈ।