Moga News : ਹਨੇਰੀ-ਤੂਫਾਨ ਨੇ ਲਈ ਮਜ਼ਦੂਰ ਦੀ ਜਾਨ, ਕੈਂਟਰ ਪਲਟਣ ਨਾਲ ਦੋ ਔਰਤਾਂ ਵੀ ਜ਼ਖ਼ਮੀ
ਮੋਗਾ ਜ਼ਿਲ੍ਹੇ ਦੇ ਪਿੰਡ ਮਹਿਰੋਂ ਵਿੱਚ ਐਤਵਾਰ ਸ਼ਾਮ ਆਏ ਤੇਜ਼ ਮੀਂਹ, ਹਨੇਰੀ ਅਤੇ ਤੂਫਾਨ ਨੇ ਇੱਕ ਗਰੀਬ ਮਜ਼ਦੂਰ ਪਰਿਵਾਰ ਦੀਆਂ ਖੁਸ਼ੀਆਂ ਉਜਾੜ ਦਿੱਤੀਆਂ। ਅਚਾਨਕ ਬਦਲੇ ਮੌਸਮ ਦੌਰਾਨ ਖੇਤਾਂ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਉੱਪਰ ਕੈਂਟਰ ਪਲਟ ਜਾਣ ਕਾਰਨ ਇੱਕ ਮਜ਼ਦੂਰ ਦੀ ਮੌਤ ਹੋ ਗਈ, ਜਦਕਿ ਦੋ ਔਰਤਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ।
Publish Date: Mon, 11 May 2026 08:40 PM (IST)
Updated Date: Mon, 11 May 2026 08:42 PM (IST)
ਵਕੀਲ ਮਹਿਰੋਂ, ਮੋਗਾ : ਮੋਗਾ ਜ਼ਿਲ੍ਹੇ ਦੇ ਪਿੰਡ ਮਹਿਰੋਂ ਵਿੱਚ ਐਤਵਾਰ ਸ਼ਾਮ ਆਏ ਤੇਜ਼ ਮੀਂਹ, ਹਨੇਰੀ ਅਤੇ ਤੂਫਾਨ ਨੇ ਇੱਕ ਗਰੀਬ ਮਜ਼ਦੂਰ ਪਰਿਵਾਰ ਦੀਆਂ ਖੁਸ਼ੀਆਂ ਉਜਾੜ ਦਿੱਤੀਆਂ। ਅਚਾਨਕ ਬਦਲੇ ਮੌਸਮ ਦੌਰਾਨ ਖੇਤਾਂ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਉੱਪਰ ਕੈਂਟਰ ਪਲਟ ਜਾਣ ਕਾਰਨ ਇੱਕ ਮਜ਼ਦੂਰ ਦੀ ਮੌਤ ਹੋ ਗਈ, ਜਦਕਿ ਦੋ ਔਰਤਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ। ਇਸ ਦਰਦਨਾਕ ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਮਹਿਰੋਂ ਦੇ ਖੇਤਾਂ ਵਿੱਚ ਗੁਰਚਰਨ ਸਿੰਘ ਉਰਫ ਚਰਨਾ ਸਮੇਤ ਹੋਰ ਔਰਤਾਂ ਮਜ਼ਦੂਰ ਆਲੂਆਂ ਦੀ ਛਟਾਈ ਦਾ ਕੰਮ ਕਰ ਰਹੇ ਸਨ। ਇਸ ਦੌਰਾਨ ਅਚਾਨਕ ਮੌਸਮ ਨੇ ਖ਼ਤਰਨਾਕ ਰੂਪ ਧਾਰ ਲਿਆ ਅਤੇ ਤੇਜ਼ ਮੀਂਹ ਨਾਲ ਭਿਆਨਕ ਹਨੇਰੀ-ਤੂਫਾਨ ਚੱਲ ਪਿਆ। ਮੀਂਹ ਅਤੇ ਤੇਜ਼ ਹਵਾਵਾਂ ਤੋਂ ਬਚਣ ਲਈ ਮਜ਼ਦੂਰ ਨੇੜੇ ਖੜ੍ਹੇ ਕੈਂਟਰ ਦੇ ਕੋਲ ਜਾ ਖੜ੍ਹੇ ਹੋਏ।
ਪਰ ਕੁਝ ਹੀ ਪਲਾਂ ਵਿੱਚ ਤੇਜ਼ ਤੂਫਾਨ ਕਾਰਨ ਕੈਂਟਰ ਦਾ ਸੰਤੁਲਨ ਬਿਗੜ ਗਿਆ ਅਤੇ ਉਹ ਪਲਟ ਕੇ ਮਜ਼ਦੂਰਾਂ ਉੱਪਰ ਜਾ ਡਿੱਗਾ। ਇਸ ਹਾਦਸੇ ਵਿੱਚ ਚਰਨਾ ਸਿੰਘ ਕੈਂਟਰ ਹੇਠਾਂ ਦੱਬ ਗਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਉਸਦੇ ਨਾਲ ਮੌਜੂਦ ਦੋ ਔਰਤਾਂ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।
ਘਟਨਾ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਕੇ ‘ਤੇ ਇਕੱਠੇ ਹੋ ਗਏ। ਲੋਕਾਂ ਨੇ ਕਿਹਾ ਕਿ ਮੌਸਮ ਦੇ ਅਚਾਨਕ ਬਦਲੇ ਰੂਪ ਨੇ ਕਈ ਪਰਿਵਾਰਾਂ ਨੂੰ ਮੁਸੀਬਤ ਵਿੱਚ ਪਾ ਦਿੱਤਾ ਹੈ। ਕਿਸਾਨਾਂ ਅਤੇ ਮਜ਼ਦੂਰਾਂ ਵਿੱਚ ਵੀ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਮਜ਼ਦੂਰ ਦੇ ਪਰਿਵਾਰ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਅਤੇ ਜ਼ਖਮੀਆਂ ਦਾ ਮੁਫ਼ਤ ਇਲਾਜ ਕਰਵਾਇਆ ਜਾਵੇ।