Moga News : ਸਪਾ ਸੈਂਟਰ ’ਚ ਚੱਲ ਰਿਹਾ ਸੀ ਗੰਦਾ ਕੰਮ, ਚਾਰ ਔਰਤਾਂ ਤੇ ਮਾਲਕ ਸਣੇ ਛੇ ਜਣੇ ਗ੍ਰਿਫ਼ਤਾਰ
ਪੁਲਿਸ ਨੂੰ ਮੁਖ਼ਬਰ ਖਾਸ ਤੋਂ ਸੂਚਨਾ ਮਿਲੀ ਸੀ ਕਿ ਬਾਘਾਪੁਰਾਣਾ ਸਥਿਤ ਗੋਲਡਨ ਸਪਾ ਸੈਂਟਰ ਵਿਚ ਗੈਰ-ਕਾਨੂੰਨੀ ਤੌਰ ’ਤੇ ਦੇਹ-ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ। ਇਸ ਜਾਣਕਾਰੀ ਦੇ ਆਧਾਰ ’ਤੇ ਪੁਲਸ ਟੀਮ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਉਕਤ ਸਪਾ ਸੈਂਟਰ ’ਤੇ ਰੇਡ ਕੀਤੀ ਗਈ।
Publish Date: Thu, 09 Apr 2026 08:34 PM (IST)
Updated Date: Thu, 09 Apr 2026 08:40 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਾਘਾਪੁਰਾਣਾ : ਡੀਐੱਸਪੀ ਬਾਘਾ ਪੁਰਾਣਾ ਦਲਜੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਇੰਸਪੈਕਟਰ ਕੁਲਵਿੰਦਰ ਕੌਰ, ਥਾਣਾ ਸਮਾਲਸਰ ਦੇ ਮੁਖੀ ਮੰਗਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਪੁਲਸ ਮੁਲਾਜਮਾਂ ਵਲੋਂ ਸਥਾਨਕ ਸ਼ਹਿਰ ਦੇ ਕੋਟਕਪੂਰਾ ਰੋਡ ਉਪਰ ਸਥਿਤ ਇਕ ਸਪਾ ਸੈਂਟਰ ਦੀ ਆੜ ਵਿਚ ਚੱਲ ਰਹੇ ਜਿਸਮ ਫਰੋਸ਼ੀ ਦੇ ਧੰਦੇ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਗੋਲਡਨ ਸਪਾ ਸੈਂਟਰ ’ਤੇ ਛਾਪੇਮਾਰੀ ਕਰ ਕੇ ਮਾਲਕ ਸਮੇਤ 6 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।
ਪੁਲਿਸ ਨੂੰ ਮੁਖ਼ਬਰ ਖਾਸ ਤੋਂ ਸੂਚਨਾ ਮਿਲੀ ਸੀ ਕਿ ਬਾਘਾਪੁਰਾਣਾ ਸਥਿਤ ਗੋਲਡਨ ਸਪਾ ਸੈਂਟਰ ਵਿਚ ਗੈਰ-ਕਾਨੂੰਨੀ ਤੌਰ ’ਤੇ ਦੇਹ-ਵਪਾਰ ਚਲਾਇਆ ਜਾ ਰਿਹਾ ਹੈ। ਇਸ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਟੀਮ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਉਕਤ ਸਪਾ ਸੈਂਟਰ ’ਤੇ ਰੇਡ ਕੀਤੀ ਗਈ। ਰੇਡ ਦੌਰਾਨ ਪੁਲਿਸ ਨੇ ਸਪਾ ਸੈਂਟਰ ਦੇ ਕਮਰਿਆਂ ਵਿੱਚੋਂ 4 ਲੜਕੀਆਂ ਅਤੇ 1 ਨੌਜਵਾਨ ਨੂੰ ਇਤਰਾਜ਼ਯੋਗ ਹਾਲਤ ਵਿਚ ਕਾਬੂ ਕੀਤਾ।
ਇਸ ਦੇ ਨਾਲ ਹੀ ਸਪਾ ਸੈਂਟਰ ਦੇ ਮਾਲਕ ਸਤਨਾਮ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਨੌਜਵਾਨ ਦੀ ਪਛਾਣ ਲਵਪ੍ਰੀਤ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਲੰਡੇ ਵਜੋਂ ਹੋਈ ਹੈ, ਜਦਕਿ ਸਪਾ ਸੈਂਟਰ ਦਾ ਮਾਲਕ ਸਤਨਾਮ ਸਿੰਘ ਪੁੱਤਰ ਭਾਗ ਸਿੰਘ ਵਾਸੀ ਨੇੜੇ ਗੁਰਦੁਆਰਾ ਬਾਬਾ ਬਾਲਾ ਜੀ, ਪੰਜਗਰਾਈਂ ਕਲਾਂ (ਜ਼ਿਲ੍ਹਾ ਫਰੀਦਕੋਟ) ਦੱਸਿਆ ਜਾ ਰਿਹਾ ਹੈ। ਪੁਲਸ ਨੇ ਮੌਕੇ ਤੋਂ ਇਤਰਾਜ਼ਯੋਗ ਸਾਮਾਨ ਵੀ ਬਰਾਮਦ ਕੀਤਾ ਹੈ, ਜੋ ਮਾਮਲੇ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ।
ਇਸ ਸਬੰਧ ਵਿਚ ਸਪਾ ਸੈਂਟਰ ਦੇ ਮਾਲਕ ਖ਼ਿਲਾਫ਼ ਅ/ਧ 3,4,5,7 ਇਮੋਰਲ ਟਰੈਫਿਕ ਪ੍ਰੀਵੈਨਸ਼ਨ ਐਕਟ 1956 ਤਹਿਤ ਥਾਣਾ ਬਾਘਾਪੁਰਾਣਾ ਵਿਚ ਦਰਜ ਕੀਤਾ ਗਿਆ ਹੈ। ਪੁਲਸ ਅਧਿਕਾਰੀਆਂ ਮੁਤਾਬਕ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ ਅਤੇ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਧੰਦੇ ਨਾਲ ਹੋਰ ਕੌਣ-ਕੌਣ ਲੋਕ ਜੁੜੇ ਹੋਏ ਹਨ।
ਇਸ ਕਾਰਵਾਈ ਨਾਲ ਇਲਾਕੇ ਵਿਚ ਚੱਲ ਰਹੀਆਂ ਗ਼ੈਰ-ਕਾਨੂੰਨੀ ਗਤੀਵਿਧੀਆਂ ’ਤੇ ਨਕੇਲ ਪਾਉਣ ਲਈ ਪੁਲਸ ਦੀ ਸਖ਼ਤੀ ਸਾਫ਼ ਨਜ਼ਰ ਆ ਰਹੀ ਹੈ। ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਤਰ੍ਹਾਂ ਦੀ ਗ਼ੈਰ-ਕਾਨੂੰਨੀ ਗਤੀਵਿਧੀ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।