Moga News : ਨਾਜਾਇਜ਼ ਅਸਲੇ ਸਮੇਤ ਸਕਾਰਪੀਓ ਸਵਾਰ ਗ੍ਰਿਫ਼ਤਾਰ, ਤਿੰਨ ਸਾਥੀ ਫ਼ਰਾਰ
ਪੁਲਿਸ ਨੇ ਗਸ਼ਤ ਦੌਰਾਨ ਮੁਖ਼ਬਰ ਦੀ ਸੂਚਨਾ ’ਤੇ ਇਕ ਸਕਾਰਪੀਓ ਗੱਡੀ ਨੂੰ ਰੋਕ ਕੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਇਕ 32 ਬੋਰ ਦੇਸੀ ਪਿਸਤੌਲ ਸਮੇਤ 2 ਰੌਂਦ ਬਰਾਮਦ ਕੀਤੇ ਹਨ। ਜਦਕਿ ਗੱਡੀ ਵਿਚ ਬੈਠੇ ਉਸ ਦੇ ਤਿੰਨ ਸਾਥੀ ਮੌਕੇ ਤੋਂ ਫ਼ਰਾਰ ਹੋ ਗਏ।
Publish Date: Tue, 14 Apr 2026 07:43 PM (IST)
Updated Date: Tue, 14 Apr 2026 07:47 PM (IST)
ਸਵਰਨ ਗੁਲਾਟੀ, ਪੰਜਾਬੀ ਜਾਗਰਣ, ਮੋਗਾ : ਪੁਲਿਸ ਨੇ ਗਸ਼ਤ ਦੌਰਾਨ ਮੁਖ਼ਬਰ ਦੀ ਸੂਚਨਾ ’ਤੇ ਇਕ ਸਕਾਰਪੀਓ ਗੱਡੀ ਨੂੰ ਰੋਕ ਕੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਇਕ 32 ਬੋਰ ਦੇਸੀ ਪਿਸਤੌਲ ਸਮੇਤ 2 ਰੌਂਦ ਬਰਾਮਦ ਕੀਤੇ ਹਨ। ਜਦਕਿ ਗੱਡੀ ਵਿਚ ਬੈਠੇ ਉਸ ਦੇ ਤਿੰਨ ਸਾਥੀ ਮੌਕੇ ਤੋਂ ਫ਼ਰਾਰ ਹੋ ਗਏ।
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਧਰਮਕੋਟ ਡੀਐੱਸਪੀ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਧਰਮਕੋਟ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਜੋਕਿ ਪੁਲਿਸ ਪਾਰਟੀ ਸਮੇਤ ਸ਼ੱਕੀ ਪੁਰਸ਼ਾਂ ਦੀ ਤਲਾਸ਼ ਵਿਚ ਗਸ਼ਤ ਕਰ ਰਹੇ ਸੀ ਤਾਂ ਉਸ ਨੂੰ ਕਿਸੇ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਮਨਪ੍ਰੀਤ ਸਿੰਘ ਉਰਫ਼ ਗੋਨੀ ਵਾਸੀ ਪਿੰਡ ਬੌਡੇ ਜ਼ਿਲ੍ਹਾ ਮੋਗਾ, ਜੱਗੂ ਵਾਸੀ ਪਿੰਡ ਰਣੀਆਂ, ਪਰਮ ਵਾਸੀ ਪਿੰਡ ਚੱਕਰ ਅਤੇ ਸੋਨੂੰ ਵਾਸੀ ਪਿੰਡ ਫਤਿਹਗੜ੍ਹ ਕੋਰੋਟਾਣਾ ਇਹ ਮਾੜੀਆਂ ਗਤੀਵਿਧੀਆਂ ਵਿਚ ਹਿੱਸਾ ਲੈਂਦੇ ਹਨ। ਜੇਕਰ ਇਨ੍ਹਾਂ ਉੱਤੇ ਹੁਣੇ ਰੇਡ ਕੀਤਾ ਜਾਵੇ ਤਾਂ ਇਨ੍ਹਾਂ ਪਾਸੋਂ ਭਾਰੀ ਮਾਤਰਾ ਵਿਚ ਅਸਲਾ ਅਤੇ ਹਥਿਆਰ ਬਰਾਮਦ ਹੋ ਸਕਦੇ ਹਨ।
ਉਨ੍ਹਾਂ ਦੱਸਿਆ ਸੂਚਨਾ ਦੇ ਆਧਾਰ ’ਤੇ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਲੁਹਾਰਾ ਤੋਂ ਫਤਿਹਗੜ੍ਹ ਕੋਰੋਟਾਣਾ ਨੂੰ ਜਾਦੀ ਸੜਕ ’ਤੇ ਨਾਕਾਬੰਦੀ ਕੀਤੀ ਤਾਂ ਇਸ ਦੌਰਾਨ ਇਕ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਆਈ ਜਿਸ ਨੂੰ ਪੁਲਿਸ ਪਾਰਟੀ ਨੇ ਹੱਥ ਦੇਕੇ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਵਿਚ ਚਾਰ ਵਿਅਕਤੀ ਸਵਾਰ ਸਨ, ਜਿੰਨ੍ਹਾਂ ਵਿਚੋਂ ਤਿੰਨ ਵਿਅਕਤੀ ਭੱਜਣ ਵਿਚ ਕਾਮਯਾਬ ਹੋ ਗਏ। ਜਿਸ ਵਿਚ ਇਕ ਵਿਅਕਤੀ ਮਨਪ੍ਰੀਤ ਸਿੰਘ ਉਰਫ਼ ਗੋਨੀ ਨੂੰ ਮੌਕੇ ’ਤੇ ਕਾਬੂ ਕਰ ਲਿਆ ਜਿਸ ਪਾਸੋਂ ਇਕ ਦੇਸੀ ਪਿਸਤੌਲ 32 ਬੋਰ ਸਮੇਤ 2 ਰੌਂਦ ਅਤੇ ਇਕ ਸਕਾਰਪੀਓ ਗੱਡੀ ਬਰਾਮਦ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਮਨਪ੍ਰੀਤ ਸਿੰਘ ਪਾਸੋਂ ਪੁੱਛਗਿੱਛ ਕਰਕੇ ਫ਼ਰਾਰ ਹੋਏ ਉਸ ਦੇ ਸਾਥੀ ਜੱਗੂ , ਪਰਮ ਅਤੇ ਸੋਨੂੰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਫ਼ਰਾਰ ਹੋਏ ਤਿੰਨਾਂ ਵਿਅਕਤੀਆਂ ਦੀ ਤਲਾਸ਼ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।