ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਭਲਕੇ ਮੁੜ ਅਦਾਲਤ ’ਚ ਪੇਸ਼ ਕਰਕੇ ਹੋਰ ਰਿਮਾਂਡ ਲਿਆ ਜਾਵੇਗਾ। ਰਿਮਾਂਡ ਦੌਰਾਨ ਵਾਰਦਾਤ ’ਚ ਵਰਤੇ ਗਏ ਹਥਿਆਰਾਂ ਦੀ ਬਰਾਮਦਗੀ ਕੀਤੀ ਜਾਵੇਗੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਮੋਗਾ ਪੁਲਿਸ ਨੇ ਪੱਤੋ ਹੀਰਾ ਸਿੰਘ ਦੇ ਵਾਸੀ ਹਰਵਿੰਦਰ ਸਿੰਘ ਉਰਫ਼ ਹੈਪੀ ਸਰਪੰਚ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ’ਚ ਚਾਰ ਮੁਲਜ਼ਮਾਂ ਨੂੰ ਦੂਰਲੇ ਇਲਾਕੇ ਲੇਹ ਜੰਮੂ-ਕਸ਼ਮੀਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਕਾਰਵਾਈ ਮੋਗਾ ਪੁਲਿਸ ਦੀ ਟੀਮ ਵੱਲੋਂ ਤਕਨੀਕੀ ਸਾਧਨਾਂ ਤੇ ਗੁਪਤ ਜਾਣਕਾਰੀ ਦੇ ਆਧਾਰ ’ਤੇ ਕੀਤੀ ਗਈ। ਜਾਣਕਾਰੀ ਦਿੰਦਿਆਂ ਬਾਲ ਕ੍ਰਿਸ਼ਨ ਸਿੰਗਲਾ, ਕਪਤਾਨ ਪੁਲਿਸ ਇਨਵੈਸਟੀਗੇਸ਼ਨ ਮੋਗਾ, ਸੁਖਅਮਿਤ ਸਿੰਘ ਰੰਧਾਵਾ ਉੱਪ ਕਪਤਾਨ ਪੁਲਸ ਇਨਵੈਸਟੀਗੇਸ਼ਨ ਮੋਗਾ ਤੇ ਇੰਸਪੈਕਟਰ ਦਲਜੀਤ ਸਿੰਘ ਇੰਚਾਰਜ ਸੀਆਈਏ ਸਟਾਫ਼ ਮੋਗਾ ਨੇ ਦੱਸਿਆ ਕਿ ਪੁਲਿਸ ਵੱਲੋਂ ਗਹਿਰਾਈ ਨਾਲ ਕੀਤੀ ਤਫ਼ਤੀਸ਼ ਦੌਰਾਨ ਮਾਮਲੇ ਨਾਲ ਜੁੜੇ ਚਾਰ ਮੁਲਜ਼ਮਾਂ ਨੂੰ ਕਾਬੂ ਕਰਨ ’ਚ ਕਾਮਯਾਬੀ ਮਿਲੀ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ
ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਬਬਲੂ ਵਾਸੀ ਜੈਮਲਵਾਲਾ, ਜਸਨਪ੍ਰੀਤ ਸਿੰਘ ਉਰਫ਼ ਜੱਸੂ ਵਾਸੀ ਚੰਦਪੁਰਾਣਾ, ਯੁਗੇਸ਼ ਸ਼ਰਮਾ ਉਰਫ਼ ਬਾਹਮਣ ਵਾਸੀ ਮੋਗਾ ਤੇ ਹਰਮਿੰਦਰ ਸਿੰਘ ਉਰਫ਼ ਹਿੰਦਾ ਵਾਸੀ ਜੈ ਸਿੰਘ ਵਾਲਾ ਵਜੋਂ ਹੋਈ ਹੈ। ਪੁਲਿਸ ਅਨੁਸਾਰ ਇਹ ਸਾਰੇ ਮੁਲਜ਼ਮ ਮਿਲ ਕੇ ਇਸ ਸਾਜ਼ਿਸ਼ ’ਚ ਸ਼ਾਮਲ ਸਨ।
ਕਤਲ ਦਾ ਕਾਰਨ ਆਇਆ ਸਾਹਮਣੇ
ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁੱਖ ਮੁਲਜ਼ਮ ਮਨਪ੍ਰੀਤ ਸਿੰਘ ਉਰਫ਼ ਬਬਲੂ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਹਰਵਿੰਦਰ ਸਿੰਘ ਉਰਫ਼ ਹੈਪੀ ਸਰਪੰਚ ਨਾਲ ਗੈਰ-ਕਾਨੂੰਨੀ ਸੰਬੰਧ ਹਨ। ਇਸੇ ਰੰਜਿਸ਼ ਕਾਰਨ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਹੈਪੀ ਸਰਪੰਚ ਨੂੰ ਮਾਰਨ ਦੀ ਸਾਜ਼ਿਸ਼ ਰਚੀ।
ਪੁਲਿਸ ਅਨੁਸਾਰ 6 ਮਾਰਚ 2026 ਨੂੰ ਸਵੇਰੇ ਕਰੀਬ 11 ਵਜੇ ਇਨ੍ਹਾਂ ਮੁਲਜ਼ਮਾਂ ਨੇ ਯੋਜਨਾ ਤਹਿਤ ਪੱਤੋ ਹੀਰਾ ਸਿੰਘ ਦੇ ਵਾਸੀ ਹੈਪੀ ਸਰਪੰਚ ’ਤੇ ਗੋਲ਼ੀਆਂ ਚਲਾ ਦਿੱਤੀਆਂ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਅਤੇ ਪੁਲਿਸ ਵੱਲੋਂ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।
ਵਾਰਦਾਤ ਲਈ ਵਰਤੀ ਕਿਰਾਏ ਦੀ ਫਾਰਚੂਨਰ
ਪੁਲਿਸ ਦੀ ਤਫ਼ਤੀਸ਼ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਕਿਰਾਏ ’ਤੇ ਲਈ ਗਈ ਫਾਰਚੂਨਰ ਗੱਡੀ ਦੀ ਵਰਤੋਂ ਕੀਤੀ ਸੀ। ਵਾਰਦਾਤ ਤੋਂ ਬਾਅਦ ਉਹ ਇਸ ਗੱਡੀ ਨੂੰ ਜਗਰਾਓਂ ਇਲਾਕੇ ਵਿਚ ਛੱਡ ਕੇ ਫ਼ਰਾਰ ਹੋ ਗਏ ਸਨ। ਪੁਲਸ ਤੋਂ ਬਚਣ ਲਈ ਮੁਲਜ਼ਮਾਂ ਨੇ ਆਪਣੀ ਨਿੱਜੀ ਫਾਰਚੂਨਰ ਗੱਡੀ ’ਤੇ ਜਾਅਲੀ ਨੰਬਰ ਪਲੇਟ ਲਗਾ ਲਈ ਅਤੇ ਲੇਹ ਜੰਮੂ-ਕਸ਼ਮੀਰ ਵੱਲ ਭੱਜ ਗਏ ਪਰ ਮੋਗਾ ਪੁਲਸ ਦੀ ਟੀਮ ਨੇ ਤਕਨੀਕੀ ਤਫ਼ਤੀਸ਼ ਅਤੇ ਲਗਾਤਾਰ ਕੀਤੀ ਗਈ ਕਾਰਵਾਈ ਨਾਲ ਉਨ੍ਹਾਂ ਦੀ ਲੋਕੇਸ਼ਨ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਉੱਥੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਰਿਮਾਂਡ ਦੌਰਾਨ ਹੋਣਗੇ ਹੋਰ ਖ਼ੁਲਾਸੇ
ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਭਲਕੇ ਮੁੜ ਅਦਾਲਤ ’ਚ ਪੇਸ਼ ਕਰਕੇ ਹੋਰ ਰਿਮਾਂਡ ਲਿਆ ਜਾਵੇਗਾ। ਰਿਮਾਂਡ ਦੌਰਾਨ ਵਾਰਦਾਤ ’ਚ ਵਰਤੇ ਗਏ ਹਥਿਆਰਾਂ ਦੀ ਬਰਾਮਦਗੀ ਕੀਤੀ ਜਾਵੇਗੀ। ਪੁਲਿਸ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਜੇਕਰ ਤਫ਼ਤੀਸ਼ ਦੌਰਾਨ ਇਸ ਮਾਮਲੇ ’ਚ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਸ ਵਿਰੁੱਧ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਦੀ ਜਾਂਚ ਹਾਲੇ ਜਾਰੀ ਹੈ ਅਤੇ ਹੋਰ ਵੀ ਮਹੱਤਵਪੂਰਨ ਖੁਲਾਸਿਆਂ ਦੀ ਸੰਭਾਵਨਾ ਜਤਾਈ ਜਾ ਰਹੀ ਹੈ।