Moga News : ਸਵੀਮਿੰਗ ਪੂਲ ’ਚ ਡੁੱਬਣ ਨਾਲ 17 ਸਾਲਾ ਨੌਜਵਾਨ ਦੀ ਮੌਤ, ਘਟਨਾ ਸੀਸੀਟੀਵੀ ’ਚ ਕੈਦ
ਮਨਪ੍ਰੀਤ ਆਪਣੇ ਕੁਝ ਦੋਸਤਾਂ ਨਾਲ ਬੱਧਨੀ ਕਲਾਂ ਸਥਿਤ ਡੀ-7 ਸਵੀਮਿੰਗ ਪੂਲ ਵਿੱਚ ਨਹਾਉਣ ਗਿਆ ਸੀ। ਇਸ ਦੌਰਾਨ ਉਹ ਪੂਲ ਦੇ ਡੂੰਘੇ ਹਿੱਸੇ ਵਿੱਚ ਚਲਾ ਗਿਆ ਅਤੇ ਡੁੱਬ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਪੂਲ ਨੇੜੇ ਕੋਈ ਗਾਰਡ ਮੌਜੂਦ ਨਹੀਂ ਸੀ। ਸਾਥੀਆਂ ਵੱਲੋਂ ਰੌਲਾ ਪਾਉਣ ਮਗਰੋਂ ਕਾਫ਼ੀ ਦੇਰ ਬਾਅਦ ਗਾਰਡ ਮੌਕੇ ’ਤੇ ਪਹੁੰਚਿਆ, ਪਰ ਉਦੋਂ ਤੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ।
Publish Date: Thu, 28 May 2026 09:32 PM (IST)
Updated Date: Thu, 28 May 2026 09:36 PM (IST)
ਸੰਵਾਦ ਸਹਿਯੋਗੀ, ਪੰਜਾਬੀ ਜਾਗਰਣ, ਮੋਗਾ : ਕਸਬਾ ਬੱਧਨੀ ਕਲਾਂ ਵਿੱਚ ਇੱਕ ਸਵੀਮਿੰਗ ਪੂਲ ’ਚ ਡੁੱਬਣ ਕਾਰਨ 17 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਮਨੀ ਪੁੱਤਰ ਮਹਿੰਦਰ ਸਿੰਘ ਵਾਸੀ ਬੱਧਨੀ ਕਲਾਂ ਵਜੋਂ ਹੋਈ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਬੱਧਨੀ ਕਲਾਂ ਦੇ ਮੁਖੀ ਇੰਸਪੈਕਟਰ ਜਸਵਿੰਦਰ ਸਿੰਘ ਅਤੇ ਸਹਾਇਕ ਥਾਣੇਦਾਰ ਸੰਤੋਸ਼ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਮਨਪ੍ਰੀਤ ਆਪਣੇ ਕੁਝ ਦੋਸਤਾਂ ਨਾਲ ਬੱਧਨੀ ਕਲਾਂ ਸਥਿਤ ਡੀ-7 ਸਵੀਮਿੰਗ ਪੂਲ ਵਿੱਚ ਨਹਾਉਣ ਗਿਆ ਸੀ। ਇਸ ਦੌਰਾਨ ਉਹ ਪੂਲ ਦੇ ਡੂੰਘੇ ਹਿੱਸੇ ਵਿੱਚ ਚਲਾ ਗਿਆ ਅਤੇ ਡੁੱਬ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਪੂਲ ਨੇੜੇ ਕੋਈ ਗਾਰਡ ਮੌਜੂਦ ਨਹੀਂ ਸੀ। ਸਾਥੀਆਂ ਵੱਲੋਂ ਰੌਲਾ ਪਾਉਣ ਮਗਰੋਂ ਕਾਫ਼ੀ ਦੇਰ ਬਾਅਦ ਗਾਰਡ ਮੌਕੇ ’ਤੇ ਪਹੁੰਚਿਆ, ਪਰ ਉਦੋਂ ਤੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ।
ਮਨਪ੍ਰੀਤ ਇੱਕ ਨਿੱਜੀ ਦੁਕਾਨ ’ਤੇ ਕੰਮ ਕਰਦਾ ਸੀ। ਪੁਲਿਸ ਵੱਲੋਂ ਕਬਜ਼ੇ ਵਿੱਚ ਲਈ ਗਈ ਸੀਸੀਟੀਵੀ ਫੁਟੇਜ ਵਿੱਚ ਨੌਜਵਾਨ ਨੂੰ ਪੂਲ ਦੇ ਡੂੰਘੇ ਪਾਣੀ ਵਿੱਚ ਜਾਂਦੇ ਅਤੇ ਡੁੱਬਦੇ ਹੋਏ ਦੇਖਿਆ ਜਾ ਸਕਦਾ ਹੈ।
ਥਾਣਾ ਮੁਖੀ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਮਹਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।