ਪੁਲਿਸ ਦੀ ਸਖ਼ਤੀ ਹੇਠ ਮੁਕੰਮਲ ਹੋਈ ਵੋਟਾਂ ਦੀ ਗਿਣਤੀ
ਮੋਗਾ ਨਗਰ ਨਿਗਮ ਚੋਣਾਂ ਦੇ ਨਤੀਜੇ
Publish Date: Fri, 29 May 2026 06:46 PM (IST)
Updated Date: Fri, 29 May 2026 06:46 PM (IST)

ਗਿਣਤੀ ਕੇਂਦਰਾਂ ਬਾਹਰ ਦਿਨ ਭਰ ਰਿਹਾ ਉਤਸ਼ਾਹ ਤੇ ਚਰਚਾਵਾਂ ਦਾ ਮਾਹੌਲ ਵਕੀਲ ਮਹਿਰੋਂ 0 ਪੰਜਾਬੀ ਜਾਗਰਣ ਮੋਗਾ : ਮੋਗਾ ਨਗਰ ਨਿਗਮ ਚੋਣਾਂ ਦੇ ਨਤੀਜੇ ਸ਼ੁੱਕਰਵਾਰ ਨੂੰ ਪੂਰੀ ਤਰ੍ਹਾਂ ਅਮਨ-ਸ਼ਾਂਤੀ ਅਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਐਲਾਨੇ ਗਏ। ਸ਼ਹਿਰ ਦੇ 50 ਵਾਰਡਾਂ ਲਈ ਪਈਆਂ ਵੋਟਾਂ ਦੀ ਗਿਣਤੀ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਤੇ ਐੱਸਡੀ ਸੀਨੀਅਰ ਸੈਕੰਡਰੀ ਸਕੂਲ ਗਾਂਧੀ ਰੋਡ ਵਿਖੇ ਬਣਾਏ ਗਏ ਗਿਣਤੀ ਕੇਂਦਰਾਂ ਵਿਚ ਕੀਤੀ ਗਈ। ਤੜਕਸਾਰ ਤੋਂ ਹੀ ਉਮੀਦਵਾਰਾਂ, ਉਨ੍ਹਾਂ ਦੇ ਸਮਰਥਕਾਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵਰਕਰਾਂ ਦੀ ਭਾਰੀ ਭੀੜ ਗਿਣਤੀ ਕੇਂਦਰਾਂ ਦੇ ਬਾਹਰ ਦੇਖਣ ਨੂੰ ਮਿਲੀ। ਗਿਣਤੀ ਦੀ ਪ੍ਰਕਿਰਿਆ ਸਵੇਰੇ ਸ਼ੁਰੂ ਹੋਣ ਦੇ ਨਾਲ ਹੀ ਸ਼ਹਿਰ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ। ਵੱਖ-ਵੱਖ ਵਾਰਡਾਂ ਤੋਂ ਆ ਰਹੇ ਸ਼ੁਰੂਆਤੀ ਰੁਝਾਨਾਂ ਨੇ ਸਮਰਥਕਾਂ ਵਿਚ ਉਤਸ਼ਾਹ ਪੈਦਾ ਕਰ ਦਿੱਤਾ। ਚੋਣ ਮੈਦਾਨ ਵਿਚ ਉਤਰੇ ਸਾਰੇ ਉਮੀਦਵਾਰਾਂ ਦੇ ਸਮਰਥਕ ਤਿੱਖੀ ਗਰਮੀ ਅਤੇ ਧੁੱਪ ਦੀ ਪਰਵਾਹ ਕੀਤੇ ਬਿਨਾਂ ਦਿਨ ਭਰ ਗਿਣਤੀ ਕੇਂਦਰਾਂ ਦੇ ਬਾਹਰ ਡਟੇ ਰਹੇ। ਲੋਕਾਂ ਵਿਚ ਇਹ ਜਾਣਨ ਲਈ ਭਾਰੀ ਉਤਸੁਕਤਾ ਸੀ ਕਿ ਆਖਿਰ ਕਿਸ ਵਾਰਡ ਵਿਚ ਕਿਹੜਾ ਉਮੀਦਵਾਰ ਜਿੱਤ ਹਾਸਲ ਕਰੇਗਾ ਅਤੇ ਕਿਸ ਪਾਰਟੀ ਨੂੰ ਸ਼ਹਿਰ ਵਾਸੀਆਂ ਦਾ ਵੱਧ ਸਮਰਥਨ ਮਿਲੇਗਾ। ਕਈ ਵਾਰਡਾਂ ਵਿਚ ਮੁਕਾਬਲਾ ਕਾਫ਼ੀ ਰੌਚਕ ਬਣਿਆ ਰਿਹਾ ਅਤੇ ਆਖ਼ਰੀ ਰਾਊਂਡ ਤੱਕ ਨਤੀਜਿਆਂ ਨੂੰ ਲੈ ਕੇ ਸਸਪੈਂਸ ਬਣਿਆ ਰਿਹਾ। ਪ੍ਰਸ਼ਾਸਨ ਵੱਲੋਂ ਗਿਣਤੀ ਕੇਂਦਰਾਂ ਦੇ ਆਲੇ-ਦੁਆਲੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ। ਪੁਲਿਸ ਦੇ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਘਟਨਾ ਨੂੰ ਰੋਕਿਆ ਜਾ ਸਕੇ। ਗਿਣਤੀ ਕੇਂਦਰਾਂ ਦੇ ਅੰਦਰ ਅਤੇ ਬਾਹਰ ਆਉਣ-ਜਾਣ ਵਾਲੇ ਹਰ ਵਿਅਕਤੀ ‘ਤੇ ਕੜੀ ਨਿਗਰਾਨੀ ਰੱਖੀ ਗਈ ਅਤੇ ਬਿਨਾਂ ਪ੍ਰਵਾਨਗੀ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸੁਰੱਖਿਆ ਪ੍ਰਬੰਧਾਂ ਦੇ ਚੱਲਦਿਆਂ ਪੂਰੀ ਗਿਣਤੀ ਪ੍ਰਕਿਰਿਆ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋਈ। ਸ਼ਹਿਰ ਵਾਸੀਆਂ ਵਿਚ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਦਿਨ ਭਰ ਚਰਚਾਵਾਂ ਦਾ ਮਾਹੌਲ ਬਣਿਆ ਰਿਹਾ। ਲੋਕ ਚਾਹ ਦੀਆਂ ਦੁਕਾਨਾਂ, ਬਾਜ਼ਾਰਾਂ ਅਤੇ ਹੋਰ ਜਨਤਕ ਥਾਵਾਂ ‘ਤੇ ਨਤੀਜਿਆਂ ਬਾਰੇ ਵਿਚਾਰ-ਵਟਾਂਦਰਾ ਕਰਦੇ ਨਜ਼ਰ ਆਏ। ਕਈ ਲੋਕਾਂ ਨੇ ਨਵੇਂ ਚੁਣੇ ਗਏ ਨੁਮਾਇੰਦਿਆਂ ਤੋਂ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਰਫ਼ਤਾਰ ਦੇਣ, ਸਫ਼ਾਈ ਪ੍ਰਬੰਧ ਸੁਧਾਰਨ, ਪੀਣ ਵਾਲੇ ਪਾਣੀ ਅਤੇ ਸੀਵਰੇਜ ਵਰਗੀਆਂ ਮੁੱਖ ਸਮੱਸਿਆਵਾਂ ਦੇ ਹੱਲ ਦੀ ਉਮੀਦ ਪ੍ਰਗਟਾਈ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਗਿਣਤੀ ਦੀ ਸਮੂਹ ਪ੍ਰਕਿਰਿਆ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਪੂਰੇ ਸ਼ਹਿਰ ਵਿਚ ਕਾਨੂੰਨ-ਵਿਵਸਥਾ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਰਹੀ ਅਤੇ ਲੋਕਾਂ ਨੇ ਵੀ ਸ਼ਾਂਤੀ ਅਤੇ ਸਹਿਯੋਗ ਬਣਾਈ ਰੱਖਿਆ, ਜਿਸ ਕਾਰਨ ਚੋਣ ਨਤੀਜਿਆਂ ਦੀ ਪ੍ਰਕਿਰਿਆ ਸੁਚੱਜੇ ਢੰਗ ਨਾਲ ਪੂਰੀ ਹੋ ਸਕੀ।