ਮੋਗਾ ਸ਼ਹਿਰ ਇਸ ਸਮੇਂ ਗੰਦਗੀ

ਵੋਟਾਂ ਲਈ ਘਰ-ਘਰ ਜਾ ਰਹੇ ਉਮੀਦਵਾਰ, ਸ਼ਹਿਰ ਦੀ ਵੱਡੀ ਸਮੱਸਿਆ ’ਤੇ ਸਾਰਿਆਂ ਨੇ ਚੁੱਪ ਵੱਟੀ
ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ : ਮੋਗਾ ਸ਼ਹਿਰ ਇਸ ਸਮੇਂ ਗੰਦਗੀ ਅਤੇ ਕੂੜੇ ਦੇ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਦੀ ਸਫ਼ਾਈ ਪ੍ਰਣਾਲੀ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ ਅਤੇ ਹਰ ਪਾਸੇ ਕੂੜੇ ਦੇ ਢੇਰ ਨਜ਼ਰ ਆ ਰਹੇ ਹਨ। ਗਲੀਆਂ, ਬਾਜ਼ਾਰਾਂ, ਮੁੱਖ ਸੜਕਾਂ ਅਤੇ ਰਿਹਾਇਸ਼ੀ ਇਲਾਕਿਆਂ ਵਿਚ ਫੈਲੀ ਗੰਦਗੀ ਕਾਰਨ ਲੋਕਾਂ ਦਾ ਜੀਵਨ ਦੁਸ਼ਵਾਰ ਹੋ ਗਿਆ ਹੈ। ਸ਼ਹਿਰ ਦੇ ਕਈ ਇਲਾਕਿਆਂ ਵਿਚ ਕਈ ਕਈ ਦਿਨਾਂ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਹਾਲਾਤ ਦਿਨੋਂ ਦਿਨ ਹੋਰ ਵੀ ਚਿੰਤਾਜਨਕ ਬਣਦੇ ਜਾ ਰਹੇ ਹਨ। ਗਿੱਲੇ ਕੂੜੇ, ਸਬਜ਼ੀਆਂ ਅਤੇ ਫ਼ਲਾਂ ਦੇ ਛਿਲਕਿਆਂ, ਪਸ਼ੂਆਂ ਦੇ ਮਲ-ਮੂਤਰ ਅਤੇ ਹੋਰ ਗੰਦਗੀ ਤੋਂ ਉੱਠ ਰਹੀ ਭਿਆਨਕ ਬਦਬੂ ਨੇ ਲੋਕਾਂ ਦਾ ਘਰਾਂ ਅਤੇ ਦੁਕਾਨਾਂ ’ਚ ਬੈਠਣਾ ਵੀ ਮੁਸ਼ਕਲ ਕਰ ਦਿੱਤਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੀ ਹਾਲਤ ਹੁਣ ਕਿਸੇ ਕੂੜੇ ਦੇ ਡੰਪ ਤੋਂ ਘੱਟ ਨਹੀਂ ਰਹੀ। ਇਕ ਪਾਸੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ। ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਘਰ-ਘਰ ਜਾ ਕੇ ਲੋਕਾਂ ਤੋਂ ਵੋਟਾਂ ਮੰਗ ਰਹੇ ਹਨ ਅਤੇ ਵੱਡੇ ਵੱਡੇ ਵਿਕਾਸ ਦੇ ਦਾਅਵੇ ਕਰ ਰਹੇ ਹਨ ਪਰ ਦੂਜੇ ਪਾਸੇ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਬਣ ਚੁੱਕੀ ਗੰਦਗੀ ’ਤੇ ਕੋਈ ਵੀ ਆਗੂ ਖੁੱਲ੍ਹ ਕੇ ਬੋਲਣ ਲਈ ਤਿਆਰ ਨਹੀਂ ਦਿਖਾਈ ਦੇ ਰਿਹਾ। ਲੋਕਾਂ ਵਿਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਜਿਹੜੇ ਨੇਤਾ ਵੋਟਾਂ ਸਮੇਂ ਲੋਕਾਂ ਦੇ ਦਰਵਾਜ਼ੇ ਖੜਕਾ ਰਹੇ ਹਨ, ਉਹੀ ਲੋਕ ਸ਼ਹਿਰ ਦੀ ਦੁਰਦਸ਼ਾ ਵੇਖ ਕੇ ਵੀ ਚੁੱਪੀ ਸਾਧੇ ਬੈਠੇ ਹਨ। ਜਾਣਕਾਰੀ ਅਨੁਸਾਰ ਮੋਗਾ ਸ਼ਹਿਰ ਵਿਚ ਰੋਜ਼ਾਨਾ ਕਰੀਬ 40 ਟਨ ਕੂੜਾ ਨਿਕਲਦਾ ਹੈ ਪਰ ਹੜਤਾਲ ਕਾਰਨ ਪਿਛਲੇ ਕਈ ਦਿਨਾਂ ਤੋਂ ਇਹ ਕੂੜਾ ਨਹੀਂ ਚੁੱਕਿਆ ਗਿਆ। ਇਸ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿਚ ਕੂੜੇ ਦੇ ਵੱਡੇ ਵੱਡੇ ਢੇਰ ਲੱਗ ਗਏ ਹਨ। ਦੀਵ ਹੋਟਲ ਨੇੜੇ, ਪੁਰਾਣੀ ਕਚਹਿਰੀ ਕੋਲ, ਅੰਮ੍ਰਿਤਸਰ ਰੋਡ ਅਤੇ ਕਈ ਗਲੀਆਂ-ਮਹੱਲਿਆਂ ਵਿਚ ਹਾਲਾਤ ਬਹੁਤ ਮਾੜੇ ਬਣੇ ਹੋਏ ਹਨ। ਬੇਸਹਾਰਾ ਪਸ਼ੂ ਕੂੜੇ ਦੇ ਢੇਰਾਂ ਵਿਚ ਮੂੰਹ ਮਾਰਦੇ ਨਜ਼ਰ ਆ ਰਹੇ ਹਨ, ਜਦਕਿ ਵਾਹਨਾਂ ਦੀ ਆਵਾਜਾਈ ਨਾਲ ਇਹ ਗੰਦਗੀ ਸੜਕਾਂ ’ਤੇ ਹੋਰ ਵੀ ਫੈਲ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਜਲਦੀ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਇਹ ਸਮੱਸਿਆ ਹੋਰ ਵੀ ਭਿਆਨਕ ਰੂਪ ਧਾਰ ਸਕਦੀ ਹੈ। ਸ਼ਹਿਰ ਵਾਸੀਆਂ ਨੇ ਚਿੰਤਾ ਜਤਾਈ ਹੈ ਕਿ ਗਿੱਲੇ ਕੂੜੇ ਤੋਂ ਨਿਕਲ ਰਹੀ ਬਦਬੂ ਅਤੇ ਗੰਦਗੀ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਕਾਫ਼ੀ ਵੱਧ ਗਿਆ ਹੈ। ਉੱਥੇ ਹੀ ਪਲਾਸਟਿਕ ਅਤੇ ਹੋਰ ਸੁੱਕਾ ਕੂੜਾ ਸੀਵਰੇਜ ਪ੍ਰਣਾਲੀ ਲਈ ਵੀ ਵੱਡਾ ਖ਼ਤਰਾ ਬਣ ਰਿਹਾ ਹੈ। ਲੋਕਾਂ ਨੇ ਕਿਹਾ ਕਿ ਜੇਕਰ ਅਜਿਹੇ ਹਾਲਾਤਾਂ ਵਿਚ ਮੀਂਹ ਪੈ ਗਿਆ ਤਾਂ ਸੀਵਰੇਜ ਜਾਮ ਹੋਣ ਕਾਰਨ ਪਾਣੀ ਭਰਨ ਦੀ ਸਮੱਸਿਆ ਖੜ੍ਹੀ ਹੋ ਸਕਦੀ ਹੈ ਅਤੇ ਸ਼ਹਿਰ ਵਿਚ ਬਿਮਾਰੀਆਂ ਫ਼ੈਲਣ ਦਾ ਖ਼ਤਰਾ ਕਈ ਗੁਣਾ ਵੱਧ ਸਕਦਾ ਹੈ। ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮੋਗਾ ਸ਼ਹਿਰ ਪੰਜਾਬ ਦੇ ਮਹੱਤਵਪੂਰਨ ਵਪਾਰਕ ਅਤੇ ਇਲਾਜੀ ਕੇਂਦਰਾਂ ਵਿਚੋਂ ਇਕ ਮੰਨਿਆ ਜਾਂਦਾ ਹੈ, ਜਿੱਥੇ ਰੋਜ਼ਾਨਾ ਹਜ਼ਾਰਾਂ ਲੋਕ ਖ਼ਰੀਦਦਾਰੀ, ਇਲਾਜ ਅਤੇ ਹੋਰ ਕੰਮਾਂ ਲਈ ਆਉਂਦੇ ਹਨ ਪਰ ਮੌਜੂਦਾ ਹਾਲਾਤਾਂ ਨੇ ਸ਼ਹਿਰ ਦੀ ਛਵੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਲੋਕਾਂ ਨੇ ਪ੍ਰਸ਼ਾਸਨ ਅਤੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਸਫ਼ਾਈ ਪ੍ਰਣਾਲੀ ਨੂੰ ਤੁਰੰਤ ਬਹਾਲ ਕੀਤਾ ਜਾਵੇ ਅਤੇ ਸ਼ਹਿਰ ਵਿਚ ਪਏ ਕੂੜੇ ਨੂੰ ਜਲਦ ਤੋਂ ਜਲਦ ਚੁੱਕਿਆ ਜਾਵੇ ਤਾਂ ਜੋ ਲੋਕਾਂ ਨੂੰ ਇਸ ਗੰਭੀਰ ਸਮੱਸਿਆ ਤੋਂ ਰਾਹਤ ਮਿਲ ਸਕੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਚੋਣਾਂ ਦੇ ਸਮੇਂ ਸਿਰਫ਼ ਵੋਟਾਂ ਮੰਗਣ ਦੀ ਥਾਂ ਆਗੂਆਂ ਨੂੰ ਲੋਕਾਂ ਦੀਆਂ ਅਸਲ ਸਮੱਸਿਆਵਾਂ ਦੇ ਹੱਲ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।