ਯੋਗਿਤਾ ਗੁੰਬਰ ਦੇ ਪੱਖ ’ਚ ਵਿਧਾਇਕ ਕਾਕਾ ਬਰਾੜ ਨੇ ਕੀਤਾ ਚੋਣ ਪ੍ਰਚਾਰ
ਵਾਰਡ ਨੰਬਰ 11 ਤੋਂ ‘ਆਪ’ ਉਮੀਦਵਾਰ ਯੋਗਿਤਾ ਗੁੰਬਰ ਦੇ ਪੱਖ ’ਚ ਵਿਧਾਇਕ ਕਾਕਾ ਬਰਾੜ ਨੇ ਕੀਤਾ ਚੋਣ ਪ੍ਰਚਾਰ
Publish Date: Sat, 23 May 2026 04:48 PM (IST)
Updated Date: Sat, 23 May 2026 04:49 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਨਗਰ ਕੌਂਸਲ ਚੋਣਾਂ ’ਚ ਵਾਰਡ ਨੰਬਰ 11 ਤੋਂ ਆਮ ਆਦਮੀ ਪਾਰਟੀ (ਆਪ) ਦੀ ਉਮੀਦਵਾਰ ਯੋਗਿਤਾ ਗੁੰਬਰ ਪਤਨੀ ਵਿੱਕੀ ਗੁੰਬਰ ਨੇ ਆਪਣੀ ਚੋਣ ਮੁਹਿੰਮ ਤੇਜ਼ ਕਰ ਦਿੱਤੀ ਹੈ। ਯੋਗਿਤਾ ਗੁੰਬਰ ਵੱਲੋਂ ਲਗਾਤਾਰ ਘਰ-ਘਰ ਜਾ ਕੇ ਲੋਕਾਂ ਨਾਲ ਰਾਬਤਾ ਕੀਤਾ ਜਾ ਰਿਹਾ ਹੈ ਅਤੇ ਵਾਰਡ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਭਰਵਾਂ ਸਮਰਥਨ ਮਿਲ ਰਿਹਾ ਹੈ। ਇਸੇ ਦੌਰਾਨ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਵਾਰਡ ਨੰਬਰ 11 ’ਚ ਪਹੁੰਚ ਕੇ ਯੋਗਿਤਾ ਗੁੰਬਰ ਦੇ ਪੱਖ ਵਿੱਚ ਚੋਣ ਪ੍ਰਚਾਰ ਕੀਤਾ। ਉਨ੍ਹਾਂ ਨੇ ਵਾਰਡ ਵਾਸੀਆਂ ਨਾਲ ਮੁਲਾਕਾਤ ਕਰਕੇ ਆਪ ਉਮੀਦਵਾਰ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਕਾਕਾ ਬਰਾੜ ਨੇ ਕਿਹਾ ਕਿ ਯੋਗਿਤਾ ਗੁੰਬਰ ਇੱਕ ਪੜ੍ਹੇ-ਲਿਖੇ ਮਹਿਲਾ ਉਮੀਦਵਾਰ ਹਨ, ਜੋ ਵਾਰਡ ਦੇ ਲੋਕਾਂ ਦੀ ਹਰ ਸਮੱਸਿਆ ਦਾ ਹੱਲ ਕਰਨਗੇ। ਜਿੱਤ ਤੋਂ ਬਾਅਦ ਵਾਰਡ ਦਾ ਸਰਬਪੱਖੀ ਵਿਕਾਸ ਕਰਵਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ। ਇਸ ਮੌਕੇ ਵਿਧਾਇਕ ਕਾਕਾ ਬਰਾੜ ਨੇ ਆਪਣੀ ਸਰਕਾਰ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਮੁਕਤਸਰ ਸ਼ਹਿਰ ’ਚ ਸੀਵਰੇਜ, ਸੜਕਾਂ, ਸਟਰੀਟ ਲਾਈਟਾਂ ਅਤੇ ਸਾਫ਼-ਸਫ਼ਾਈ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਸਕੂਲਾਂ ਦੀ ਨੁਹਾਰ ਬਦਲੀ ਗਈ ਹੈ ਅਤੇ ਆਮ ਆਦਮੀ ਕਲੀਨਿਕਾਂ ਰਾਹੀਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਵਿਧਾਇਕ ਨੇ ਵਿਰੋਧੀਆਂ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਮੁਕਤਸਰ ਨੂੰ ਵਿਕਾਸ ਪੱਖੋਂ ਹਮੇਸ਼ਾ ਪਛਾੜ ਕੇ ਰੱਖਿਆ। ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਿਨਾਂ ਕਿਸੇ ਪੱਖਪਾਤ ਦੇ ਹਰ ਵਾਰਡ ਵਿੱਚ ਕੰਮ ਕਰਵਾ ਰਹੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਯੋਗਿਤਾ ਗੁੰਬਰ ਦੇ ਕੌਂਸਲਰ ਬਣਨ ਤੇ ਵਾਰਡ ਨੰਬਰ 11 ਦੇ ਰਹਿੰਦੇ ਸਾਰੇ ਕੰਮ ਤੇਜ਼ੀ ਨਾਲ ਪੂਰੇ ਕੀਤੇ ਜਾਣਗੇ। ਇਸ ਮੌਕੇ ਉਮੀਦਵਾਰ ਯੋਗਿਤਾ ਗੁੰਬਰ ਨੇ ਵਾਰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਨਤਾ ਦੀ ਸੇਵਕ ਬਣ ਕੇ ਕੰਮ ਕਰਨਗੇ ਅਤੇ ਵਾਰਡ ਦੀ ਹਰ ਗਲੀ-ਮੁਹੱਲੇ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣਗੇ। ਇਸ ਚੋਣ ਪ੍ਰਚਾਰ ਦੌਰਾਨ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਅਤੇ ਪਾਰਟੀ ਵਰਕਰ ਹਾਜ਼ਰ ਸਨ।