ਗਿੱਦੜਬਾਹਾ ਸੀਵਰੇਜ ਰਿਪਲੇਸਮੈਂਟ ਦਾ ਕੰਮ ਹੋਇਆ ਸ਼ੁਰੂ
ਵਿਧਾਇਕ ਡਿੰਪੀ ਢਿੱਲੋਂ ਨੇ ਵਾਅਦਾ ਕੀਤਾ ਪੂਰਾ ਗਿੱਦੜਬਾਹਾ ਸੀਵਰੇਜ ਰਿਪਲੇਸਮੈਂਟ ਦਾ ਕੰਮ ਹੋਇਆ ਸ਼ੁਰੂ
Publish Date: Sat, 21 Feb 2026 05:43 PM (IST)
Updated Date: Sat, 21 Feb 2026 05:45 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਬੀਤੇ ਲੰਬੇ ਸਮੇਂ ਤੋਂ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਭੱਠੀ ਵਾਲਾ ਮੋੜ ਤੋਂ ਪੁਰਾਣੀ ਟੈਲੀਫੋਨ ਐਕਸਚੇਂਜ ਵਾਲੇ ਮੋੜ ਤੱਕ ਦੇ ਵਸਨੀਕਾਂ ਨੇ ਅੱਜ ਉਸ ਸਮੇਂ ਰਾਹਤ ਮਹਿਸੂਸ ਕੀਤੀ ਜਦੋਂ ਸੀਵਰੇਜ ਵਿਭਾਗ ਵੱਲੋਂ ਪੁਰਾਣੀ ਮਾਰਕੀਟ ਕਮੇਟੀ ਦਫ਼ਤਰ ਦੇ ਨਜ਼ਦੀਕ ਤੋਂ ਸੀਵਰੇਜ਼ ਰਿਪਲੇਸਮੈਂਟ ਦੇ ਕੰਮ ਸ਼ੁਰੂ ਹੋ ਗਿਆ। ਇਸ ਸੰਬੰਧੀ ਹਲਕਾ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਿਮਨੀ ਚੋਣ ਦੌਰਾਨ ਉਨ੍ਹਾਂ ਨੇ ਗਿੱਦੜਬਾਹਾ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਸ਼ਹਿਰ ’ਚ ਸੀਵਰੇਜ ਦੀ ਸਮੱਸਿਆ ਨਹੀਂ ਰਹਿਣ ਦੇਣਗੇ ਅਤੇ ਇਸ ਕੰਮ ਲਈ ਪਹਿਲਾਂ ਲਾਲ ਕੋਠੀ ਡਿਸਪੋਜਲ ਤੋਂ ਘੱਗਾ ਬਬਾਨੀਆ ਡਰੇਨ ਤੱਕ ਸੀਵਰੇਜ ਦੀ ਡੀਆਈ ਪਾਇਪਲਾਇਨ ਦਾ ਕੰਮ ਮੁਕੰਮਲ ਕਰਵਾਇਆ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਸੀਵਰੇਜ ਦੇ ਜਗ੍ਹਾ ਜਗ੍ਹਾ ਓਵਰਫਲੋ ਰਹੇ ਗੰਦੇ ਪਾਣੀ ਤੋਂ ਰਾਹਤ ਮਿਲੀ ਅਤੇ ਅੱਜ ਭੱਠੀ ਵਾਲੇ ਮੋੜ ਤੋਂ ਲੰਬੀ ਫਾਟਕ ਤੱਕ ਸੀਵਰੇਜ ਰਿਪਲੇਸਮੈਂਟ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ, ਜਿਸ ਨਾਲ ਠਾਕੁਰ ਮੁੱਹਲਾ, ਰੂਪ ਨਗਰ, ਸੁਭਾਸ਼ ਨਗਰ, ਮੋਤੀ ਨਗਰ ਅਤੇ ਕੱਚਾ ਤਲਾਬ ਏਰੀਆ ਵਿਚ ਰਹਿੰਦੇ ਲੋਕਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਸੀਵਰੇਜ ਰਿਪਲੇਸਮੈਂਟ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਉਕਤ ਸੜਕ ਤੇ ਬੀ ਐਂਡ ਆਰ ਵਿਭਾਗ ਵੱਲੋਂ ਸੜਕ ਦਾ ਨਿਰਮਾਣ ਕੀਤਾ ਜਾਵੇਗਾ। ਓਧਰ ਇਸ ਮੌਕੇ ਸੀਵਰੇਜ ਵਿਭਾਗ ਦੇ ਜੇਈ ਲਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਉਕਤ ਸੀਵਰੇਜ ਰਿਪਲੇਸਮੈਂਟ ਦੇ ਕੰਮ ਨੂੰ ਪੂਰਾ ਕਰਨ ਦੀ ਮਿਆਦ 30 ਜੂਨ 2026 ਹੈ ਪਰੰਤੂ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਉਕਤ ਕੰਮ ਨੂੰ ਨਿਯਮਾਂ ਅਨੁਸਾਰ ਪੂਰਨ ਕੀਤਾ ਜਾਵੇਗਾ।