ਗਿੱਦੜਬਾਹਾ ਨੂੰ ਪਲਾਸਟਿਕ ਮੁਕਤ ਕਰਨ ਲਈ ਵਿਧਾਇਕ ਡਿੰਪੀ ਢਿੱਲੋਂ ਨੇ ਕੀਤੀ ਸ਼ੁਰੂਆਤ
ਗਿੱਦੜਬਾਹਾ ਨੂੰ ਪਲਾਸਟਿਕ ਮੁਕਤ ਕਰਨ ਲਈ ਵਿਧਾਇਕ ਡਿੰਪੀ ਢਿੱਲੋਂ ਨੇ ਕੀਤੀ ਸ਼ੁਰੂਆਤ
Publish Date: Sun, 07 Sep 2025 04:01 PM (IST)
Updated Date: Sun, 07 Sep 2025 04:01 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਸਿਮਰਨ ਫਾਊਂਡੇਸ਼ਨ ਗਿੱਦੜਬਾਹਾ ਵੱਲੋਂ ਗਿੱਦੜਬਾਹਾ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਕੀਤੀ ਅਨੋਖੀ ਪਹਿਲ ਦੀ ਸ਼ੁਰੂਆਤ ਹਲਕਾ ਗਿੱਦੜਬਾਹਾ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਮਹਾਰਾਜਾ ਅਗਰਸੈਨ ਧਰਮਸ਼ਾਲਾ ਵਿਖੇ ਕੀਤੀ। ਇਸ ਮੌਕੇ ਉਨਾਂ ਨਾਲ ਸੰਨੀ ਢਿੱਲੋਂ ਵੀ ਹਾਜ਼ਰ ਸਨ। ਗਿੱਦੜਬਾਹਾ ਨੂੰ ਪਲਾਸਟਿਕ ਮੁਕਤ ਕਰਨ ਲਈ ਸਿਮਰਨ ਫਾਊਂਡੇਸ਼ਨ ਵੱਲੋਂ ਸ਼ੁਰੂ ਕੀਤੀ ਮੁਹਿੰਮ ’ਚ ਆਪਣਾ ਪੂਰਾ ਸਹਿਯੋਗ ਦੇਣ ਦੀ ਲੋਕਾਂ ਨੂੰ ਅਪੀਲ ਕਰਦਿਆਂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹੀ ਇਹ ਮੁਹਿੰਮ ਸਫਲ ਹੋਵੇਗੀ। ਉਨ੍ਹਾਂ ਦੱਸਿਆ ਕਿ ਸਿੰਗਲ ਯੂਜ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰਨ ਨਾਲ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਸ਼ਹਿਰ ’ਚ ਸੀਵਰੇਜ ਨੂੰ ਬੰਦ ਕਰਨ ’ਚ 80 ਪ੍ਰਤੀਸ਼ਤ ਸਿੰਗਲ ਯੂਜ ਪਲਾਸਟਿਕ ਦੇ ਲਿਫਾਫੇ ਹੀ ਕਾਰਨ ਬਣਦੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਦੀ ਲੋੜ ਹੈ ਕਿਉਂਕਿ ਇਸ ਦੇ ਨਾਲ ਜਿੱਥੇ ਸ਼ਹਿਰ ’ਚ ਸੀਵਰੇਜ ਜਾਮ ਹੋਣ ਦੀ ਸਮੱਸਿਆ ਦੂਰ ਹੋਵੇਗੀ ਉਥੇ ਹੀ ਵਾਤਾਵਰਨ ਜੋ ਕਿ ਪਲਾਸਟਿਕ ਦੇ ਨਾਲ ਪਲੀਤ ਹੋ ਰਿਹਾ ਉਸ ਦੇ ਵਿੱਚ ਵੀ ਵੱਡਾ ਸੁਧਾਰ ਹੋਵੇਗਾ। ਇਸ ਮੌਕੇ ਮੁਹਿੰਮ ਬਾਰੇ ਜਾਣਕਾਰੀ ਦਿੰਦੇ ਹੋਏ ਫਾਊਡੇਸ਼ਨ ਦੇ ਪ੍ਰਧਾਨ ਅਭੈ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਲਿਫਾਫੇ ਇੰਦੌਰ ਸ਼ਹਿਰ ’ਚ ਵਰਤੇ ਜਾ ਰਹੇ ਹਨ ਜਿਥੇ ਬਹੁਤ ਹੀ ਵਧੀਆ ਨਤੀਜੇ ਮਿਲੇ ਹਨ ਅਤੇ ਇਹ ਲਿਫਾਫਾ ਹਰ ਦੁਕਾਨਦਾਰ ਨੂੰ ਬੜਾ ਸੌਖਾ ਮਿਲੇਗਾ। ਉਨ੍ਹਾਂ ਕਿਹਾ ਕਿ ਗਿੱਦੜਬਾਹਾ ਨੌਰਥ ਭਾਰਤ ਦੇ ਵਿੱਚੋਂ ਪਹਿਲਾ ਅਜਿਹਾ ਸ਼ਹਿਰ ਹੋਵੇਗਾ ਜਿਸ ਨੂੰ ਲੋਕਾਂ ਦੇ ਸਹਿਯੋਗ ਦੇ ਨਾਲ ਇਸ ਤਰੀਕੇ ਪਲਾਸਟਿਕ ਮੁਕਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਲਿਫਾਫੇ ’ਚ ਮੱਕੀ ਦੀ ਵਰਤੋਂ ਕਰਕੇ ਅਜਿਹੀ ਤਕਨੀਕ ਦੇ ਨਾਲ ਬਣਾਏ ਗਏ ਹਨ ਜੋ ਛੇ ਮਹੀਨਿਆਂ ਤੱਕ ਚਲਦੇ ਹਨ ਅਤੇ ਉਸ ਤੋਂ ਉਪਰੰਤ ਛੇ ਮਹੀਨਿਆਂ ਦੇ ਅੰਦਰ ਆਪਣੇ ਆਪ ਖਤਮ ਹੋ ਜਾਂਦੇ ਹਨ। ਇਸ ਮੌਕੇ ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਜਿੰਨ੍ਹਾਂ ਪਾਸ ਪਲਾਸਟਿਕ ਦੇ ਲਿਫਾਫਿਆਂ ਦਾ ਸਟਾਕ ਮੌਜੂਦ ਹੈ, 1 ਅਕਤੂਬਰ ਤੱਕ ਇਸਨੂੰ ਖਤਮ ਕਰ ਲੈਣ ਤੇ ਨਾਲ-ਨਾਲ ਗ੍ਰਾਹਕਾਂ ਨੂੰ ਇਹ ਲਿਫਾਫਾ ਵੀ ਦਿੰਦੇ ਰਹਿਣ ਤਾਂ ਜੋ ਲੋਕਾਂ ’ਚ ਵੀ ਇਸ ਮੁਹਿੰਮ ਪ੍ਰਤੀ ਜਾਗਰੂਕਤਾ ਪੈਦਾ ਹੋ ਸਕੇ। ਇਸ ਮੌਕੇ ਸਟੇਜ ਸਕੱਤਰ ਦੀ ਅਹਿਮ ਭੂਮਿਕਾ ਹਰਵਿੰਦਰ ਸਿੰਘ ਕਾਕਾ ਨੇ ਬਾਖੂਬੀ ਨਿਭਾਈ। ਇਸ ਮੌਕੇ ਸੀਨੀਅਰ ਆਗੂ ਅਸ਼ੋਕ ਬੁੱਟਰ, ਯੂਥ ਆਗੂ ਚੀਨੂੰ ਜੈਨ, ਯੁੱਧ ਨਸ਼ਿਆਂ ਵਿਰੁੱਧ ਦੇ ਹਲਕਾ ਕੋਆਰਡੀਨੇਟਰ ਮਾਧੋਦਾਸ ਸਿੰਘ ਖਾਲਸਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਵੱਡੀ ਗਿਣਤੀ ’ਚ ਸ਼ਹਿਰ ਵਾਸੀ, ਪਿੰਡਾਂ ਦੇ ਪੰਚ ਤੇ ਸਰਪੰਚ ਹਾਜ਼ਰ ਸਨ।