ਵਿਧਾਇਕ ਅਮੋਲਕ ਸਿੰਘ ਵੱਲੋਂ ਜਨਗਣਨਾ-2027 ਵਿਚ ਲੋਕਾਂ ਦੀ ਸਰਗਰਮ ਭਾਗੀਦਾਰੀ ਲਈ ਜਾਗਰੂਕਤਾ ਮੁਹਿੰਮ ਨੂੰ ਮਿਲੀ ਰਫ਼ਤਾਰ

ਸਵੈ-ਗਣਨਾ ਪ੍ਰਕਿਰਿਆ ’ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ
ਭੋਲਾ ਸ਼ਰਮਾ (ਪੱਤਰ ਪ੍ਰੇਰਕ), ਪੰਜਾਬੀ ਜਾਗਰਣ, ਜੈਤੋ : ਵਿਧਾਨ ਸਭਾ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਜੀ. ਅਮੋਲਕ ਸਿੰਘ ਨੇ ਜਨਗਣਨਾ-2027 ਦੇ ਤਹਿਤ ਚੱਲ ਰਹੀ ਸਵੈ-ਗਣਨਾ (ਸੈਲਫ਼ ਇਨਿਊਮਰੇਸ਼ਨ) ਪ੍ਰਕਿਰਿਆ ਨੂੰ ਸਫ਼ਲ ਬਣਾਉਣ ਲਈ ਲੋਕਾਂ ਨੂੰ ਵੱਡੇ ਪੱਧਰ ’ਤੇ ਜਾਗਰੂਕ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਪ੍ਰਕਿਰਿਆ ਦੇਸ਼ ਦੇ ਸਮੁੱਚੇ ਵਿਕਾਸ ਦੀ ਨੀਂਹ ਰੱਖਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹਰ ਨਾਗਰਿਕ ਦੀ ਸਹੀ ਅਤੇ ਸਮੇਂ ਸਿਰ ਭਾਗੀਦਾਰੀ ਨਾਲ ਹੀ ਜਨਗਣਨਾ ਦੇ ਅੰਕੜੇ ਪ੍ਰਮਾਣਿਕ ਬਣ ਸਕਦੇ ਹਨ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਜਨਗਣਨਾ ਸਿਰਫ਼ ਗਿਣਤੀ ਕਰਨ ਦੀ ਕਾਰਵਾਈ ਨਹੀਂ, ਸਗੋਂ ਇਹ ਦੇਸ਼ ਦੀ ਆਰਥਿਕ, ਸਮਾਜਿਕ ਅਤੇ ਢਾਂਚਾਗਤ ਯੋਜਨਾਬੰਦੀ ਦਾ ਅਹਿਮ ਸਾਧਨ ਹੈ। ਇਸ ਦੇ ਆਧਾਰ ’ਤੇ ਹੀ ਸਰਕਾਰ ਵੱਲੋਂ ਭਵਿੱਖ ਦੀਆਂ ਨੀਤੀਆਂ ਅਤੇ ਵਿਕਾਸ ਯੋਜਨਾਵਾਂ ਤਿਆਰ ਕੀਤੀਆਂ ਜਾਂਦੀਆਂ ਹਨ, ਜੋ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੀਆਂ ਹਨ। ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਨਵੀਂ ਤਕਨੀਕ ਦੀ ਵਰਤੋਂ ਕਰਦਿਆਂ ਸਵੈ-ਗਣਨਾ ਦੀ ਆਨਲਾਈਨ ਸਹੂਲਤ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਲੋਕ ਘਰ ਬੈਠੇ ਹੀ ਆਪਣੀ ਜਾਣਕਾਰੀ ਦਰਜ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ 14 ਮਈ ਤੱਕ https://se.census.gov.in/ ਵੈੱਬਸਾਈਟ ਰਾਹੀਂ ਪਰਿਵਾਰਕ ਵੇਰਵੇ ਦਰਜ ਕਰਨਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਇਸ ਨਾਲ ਨਾ ਸਿਰਫ਼ ਸਮੇਂ ਅਤੇ ਸਰੋਤਾਂ ਦੀ ਬਚਤ ਹੁੰਦੀ ਹੈ, ਸਗੋਂ ਡਾਟਾ ਇਕੱਠਾ ਕਰਨ ਦੀ ਪ੍ਰਕਿਰਿਆ ਵੀ ਤੇਜ਼ ਅਤੇ ਸਹੀ ਬਣਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਨਗਣਨਾ ਦੇ ਅੰਕੜੇ ਸਰਕਾਰ ਲਈ ਇੱਕ ਮਾਰਗਦਰਸ਼ਕ ਦੇ ਤੌਰ ’ਤੇ ਕੰਮ ਕਰਦੇ ਹਨ। ਸਿੱਖਿਆ ਸੰਸਥਾਵਾਂ ਦੀ ਯੋਜਨਾ ਬਣਾਉਣ, ਹਸਪਤਾਲਾਂ ਅਤੇ ਸਿਹਤ ਸਹੂਲਤਾਂ ਦਾ ਵਿਸਥਾਰ ਕਰਨ, ਰੁਜ਼ਗਾਰ ਦੇ ਮੌਕੇ ਵਧਾਉਣ, ਸੜਕਾਂ ਅਤੇ ਆਵਾਜਾਈ ਪ੍ਰਣਾਲੀ ਨੂੰ ਸੁਧਾਰਨ ਅਤੇ ਹੋਰ ਬੁਨਿਆਂਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਇਹ ਅੰਕੜੇ ਬਹੁਤ ਜ਼ਰੂਰੀ ਹਨ। ਇਸ ਲਈ ਹਰ ਇਕ ਵਿਅਕਤੀ ਵੱਲੋਂ ਦਿੱਤੀ ਜਾਣਕਾਰੀ ਦੀ ਸਹੀਤਾ ਬਹੁਤ ਅਹਿਮ ਹੈ। ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਪਣੀ ਮਾਂ-ਬੋਲੀ ਸੰਬੰਧੀ ਜਾਣਕਾਰੀ ਦਰਜ ਕਰਦਿਆਂ ਪੰਜਾਬੀ ਭਾਸ਼ਾ ਨੂੰ ਆਪਣੀ ਮਾਤ ਭਾਸ਼ਾ ਵਜੋਂ ਜ਼ਰੂਰ ਦਰਜ ਕਰਨ। ਉਨ੍ਹਾਂ ਕਿਹਾ ਕਿ ਪੰਜਾਬੀ ਸਾਡੀ ਪਛਾਣ, ਸੱਭਿਆਚਾਰ ਅਤੇ ਵਿਰਸੇ ਨਾਲ ਜੁੜੀ ਹੋਈ ਹੈ ਅਤੇ ਇਸਦੀ ਸਹੀ ਦਰਜਾਬੰਦੀ ਨਾਲ ਭਾਸ਼ਾ ਨੂੰ ਪ੍ਰੋਤਸਾਹਨ ਮਿਲਦਾ ਹੈ ਅਤੇ ਇਸਦੀ ਅਸਲੀ ਸਥਿਤੀ ਸਾਹਮਣੇ ਆਉਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜੈਤੋ ਹਲਕੇ ਦੇ ਲੋਕ ਹਮੇਸ਼ਾਂ ਤੋਂ ਹੀ ਸਮਾਜਿਕ ਅਤੇ ਰਾਸ਼ਟਰੀ ਮੁਹਿੰਮਾਂ ਵਿਚ ਅਗਵਾਈ ਕਰਦੇ ਆਏ ਹਨ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਇਸ ਵਾਰ ਵੀ ਲੋਕ ਵੱਡੀ ਗਿਣਤੀ ਵਿਚ ਸਵੈ-ਗਣਨਾ ਪ੍ਰਕਿਰਿਆ ਵਿਚ ਭਾਗ ਲੈ ਕੇ ਇਸ ਮੁਹਿੰਮ ਨੂੰ ਕਾਮਯਾਬ ਬਣਾਉਣਗੇ। ਉਨ੍ਹਾਂ ਨੇ ਨੌਜਵਾਨਾਂ ਨੂੰ ਖ਼ਾਸ ਤੌਰ ’ਤੇ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅਤੇ ਪੜੋਸ ਵਿਚ ਬਜ਼ੁਰਗਾਂ ਦੀ ਮਦਦ ਕਰਨ ਤਾਂ ਜੋ ਹਰ ਪਰਿਵਾਰ ਦੀ ਜਾਣਕਾਰੀ ਆਨਲਾਈਨ ਦਰਜ ਹੋ ਸਕੇ। ਇਸ ਮੌਕੇ ਤਹਿਸੀਲਦਾਰ ਜੈਤੋ ਰਣਜੀਤ ਸਿੰਘ ਖਹਿਰਾ, ਨਗਰ ਕੌਂਸਲ ਜੈਤੋ ਦੇ ਪ੍ਰਧਾਨ ਡਾ. ਹਰੀਸ਼ ਚੰਦਰ ਗੋਇਲ, ਬਲਾਕ ਸੰਮਤੀ ਜੈਤੋ ਦੇ ਵਾਈਸ ਚੇਅਰਮੈਨ ਗੋਬਿੰਦਰ ਸਿੰਘ ਵਾਲੀਆ ਰਣ ਸਿੰਘ ਵਾਲਾ, ਟਰੱਕ ਯੂਨੀਅਨ ਜੈਤੋ ਦੇ ਪ੍ਰਧਾਨ ਐਡਵੋਕੇਟ ਹਰਸਿਮਰਨ ਸਿੰਘ ਮਲਹੋਤਰਾ ਰਾਮੇਆਣਾ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅੰਕੁਸ਼ ਬਾਂਸਲ ਜੈਤੋ, ਨਗਰ ਕੌਂਸਲ ਜੈਤੋ ਦੇ ਇੰਸਪੈਕਟਰ ਨਾਇਬ ਸਿੰਘ ਬਰਾੜ ਸੇਵੇਵਾਲਾ, ਜ਼ਿਲ੍ਹਾ ਜਨਗਣਨਾ ਸੈੱਲ ਫ਼ਰੀਦਕੋਟ ਦੇ ਕੋਆਰਡੀਨੇਟਰ ਪੰਕਜ, ਜ਼ਿਲ੍ਹਾ ਜਨਗਣਨਾ ਸੈੱਲ ਫ਼ਰੀਦਕੋਟ ਦੇ ਮੀਡੀਆ ਕੋਆਰਡੀਨੇਟਰ ਜਸਬੀਰ ਸਿੰਘ ਜੱਸੀ, ਜ਼ਿਲ੍ਹਾ ਜਨਗਣਨਾ ਸੈੱਲ ਫ਼ਰੀਦਕੋਟ ਦੇ ਮਾਸਟਰ ਟਰੇਨਰ ਰੰਗ ਹਰਜਿੰਦਰ, ਤਕਨੀਕੀ ਸਹਾਇਕ ਮਨਪ੍ਰੀਤ ਕੌਰ, ਤਕਨੀਕੀ ਸਹਾਇਕ ਗੁਰਦੀਪ ਸਿੰਘ, ਬਲਾਕ ਜੈਤੋ ਜਨਗਣਨਾ ਕੋਆਰਡੀਨੇਟਰ (ਦਿਹਾਤੀ) ਰਣਜੀਤ ਸਿੰਘ ਖੱਚੜਾਂ ਸਮੇਤ ਹੋਰ ਅਧਿਕਾਰੀ ਅਤੇ ਸਟਾਫ਼ ਵੀ ਵੱਡੀ ਗਿਣਤੀ ਵਿਚ ਮੌਜੂਦ ਸਨ, ਜਿਨ੍ਹਾਂ ਨੇ ਲੋਕਾਂ ਨੂੰ ਜਾਗਰੂਕ ਕਰਨ ਵਿਚ ਆਪਣੀ ਅਹਿਮ ਭੂਮਿਕਾ ਨਿਭਾਉਣ ਦਾ ਸੰਕਲਪ ਲਿਆ।